ਚੰਡੀਗੜ੍ਹ, 27 ਜੁਲਾਈ, Gee98 news service
ਲੱਗਭੱਗ 26 ਕੁ ਵਰ੍ਹਿਆਂ ਦੀ ਇੱਕ ਸਰਕਾਰੀ ਅਧਿਆਪਕਾ ਦੇ ਅਚਾਨਕ ਭੇਦਭਰੇ ਹਾਲਾਤਾਂ ‘ਚ ਲਾਪਤਾ ਹੋ ਜਾਣ ਦੀ ਖ਼ਬਰ ਹੈ। ਮਾਨਸੀ ਸ਼ਰਮਾ ਨਾਮ ਦੀ ਇਹ ਅਧਿਆਪਕਾ ਉਪ ਮੰਡਲ ਨੰਗਲ (ਰੂਪਨਗਰ) ਦੇ ਪਿੰਡ ਮਾਣਕਪੁਰ ਦੇ ਸਰਕਾਰੀ ਸਕੂਲ ਵਿੱਚ ਪੜਾਉਂਦੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕਾ ਮਾਨਸੀ ਸ਼ਰਮਾ ਦੀਆਂ ਚੱਪਲਾਂ ਅਤੇ ਐਕਟਿਵਾ ਸ੍ਰੀ ਅਨੰਦਪੁਰ ਸਾਹਿਬ ਹਾਈਡਲ ਨਹਿਰ ਦੇ ਕਿਨਾਰੇ ਐਮਪੀ ਕੋਠੀ ਨਜ਼ਦੀਕ ਤੋਂ ਮਿਲੀਆਂ ਹਨ। ਮਾਨਸੀ ਸ਼ਰਮਾ ਪਿੰਡ ਲਖਣੋ ਨੂਰਪੁਰ ਬੇਦੀ ਦੀ ਰਹਿਣ ਵਾਲੀ ਹੈ, ਪਰ ਪੱਟੀ ਪਿੰਡ ਦੇ ਵਿਚ ਇੱਕ ਮਕਾਨ ਕਿਰਾਏ ‘ਤੇ ਲੈ ਕੇ ਪਿਤਾ ਰਾਮਪਾਲ ਸ਼ਰਮਾ ਦੇ ਨਾਲ ਰਹਿ ਰਹੀ ਸੀ।ਚਰਚਾ ਇਹ ਵੀ ਹੈ ਕਿ ਮਾਨਸੀ ਦੇ ਲਾਪਤਾ ਹੋਣ ਪਿੱਛੇ ਸਕੂਲ ਪੱਧਰ ‘ਤੇ ਕਾਰਨ ਹਨ। ਦੂਜੇ ਪਾਸੇ ਉਕਤ ਘਟਨਾ ਸਬੰਧੀ ਜਦੋਂ ਪੁਲਿਸ ਥਾਣਾ ਮੁਖੀ ਨੰਗਲ ਇੰਸਪੈਕਟਰ ਸਿਮਰਨਜੀਤ ਸਿੰਘ ਨੇ ਕਿਹਾ ਕਿ ਅਧਿਆਪਕਾ ਦੇ ਪਿਤਾ ਰਾਮਪਾਲ ਸ਼ਰਮਾ ਵਲੋਂ ਪੁਲਿਸ ਥਾਣਾ ਨੰਗਲ ਵਿਖੇ ਸ਼ਿਕਾਇਤ ਦਿੱਤੀ ਗਈ ਹੈ ਅਤੇ ਚੱਪਲਾਂ ਤੇ ਐਕਟਿਵਾ ਨੂੰ ਪੁਲਿਸ ਵਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ, ਜਾਂਚ ਅਧਿਕਾਰੀ ਏ.ਐਸ.ਆਈ. ਬਲਰਾਮ ਨੇ ਕਿਹਾ ਕਿ ਪੁਲਿਸ ਵਲੋਂ ਵੱਖ-ਵੱਖ ਪਹਿਲੂਆਂ ਤੋਂ ਲਾਪਤਾ ਹੋਈ ਅਧਿਆਪਕਾ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਇਸ ਦੇ ਪਿੱਛੇ ਕੀ ਕਾਰਨ ਹਨ,ਦੀ ਵੀ ਗੰਭੀਰਤਾ ਨਾਲ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।