ਚੰਡੀਗੜ੍ਹ ,15 ਜਨਵਰੀ , Gee98 News service-
-ਅੰਮ੍ਰਿਤਸਰ ਦੇ ਇੱਕ ਮੈਰਿਜ ਪੈਲੇਸ ਵਿੱਚ 4 ਜਨਵਰੀ ਨੂੰ ਆਮ ਆਦਮੀ ਪਾਰਟੀ ਦੇ ਸਰਪੰਚ ਜਰਮਲ ਸਿੰਘ ਦੀ ਹੱਤਿਆ ਕਰਨ ਵਾਲੇ ਮੁੱਖ ਸ਼ੂਟਰ ਸੁਖਰਾਜ ਸਿੰਘ ਨੂੰ ਅੰਮ੍ਰਿਤਸਰ ਪੁਲਿਸ ਨੇ ਇਨਕਾਊਂਟਰ ਵਿੱਚ ਢੇਰ ਕਰ ਦਿੱਤਾ ਹੈ। ਦੱਸ ਦੇਈਏ ਕਿ ਅਜੇ ਕੁਝ ਦਿਨ ਪਹਿਲਾਂ ਹੀ ਅੰਮ੍ਰਿਤਸਰ ਪੁਲਿਸ ਸੁਖਰਾਜ ਸਿੰਘ ਨੂੰ ਰਾਏਪੁਰ (ਛਤੀਸਗੜ੍ਹ) ਤੋਂ ਫੜ ਕੇ ਲੈ ਕੇ ਆਈ ਸੀ। ਸਰਪੰਚ ਦੇ ਕਤਲ ਦੇ ਮੁੱਖ ਸ਼ੂਟਰ ਦੇ ਇਨਕਾਊਂਟਰ ਤੋਂ ਬਾਅਦ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੁਖਰਾਜ ਸਿੰਘ ਨੂੰ ਉਸਦੇ ਦੂਜੇ ਸ਼ੂਟਰ ਸਾਥੀ ਸਮੇਤ ਰਾਏਪੁਰ ਛਤੀਸ਼ਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸ ਤੋਂ ਬਾਅਦ ਪੁੱਛਗਿੱਛ ਦੌਰਾਨ ਉਸਨੇ ਮੰਨਿਆ ਕਿ ਉਸਨੇ ਕਿਤੇ ਹਥਿਆਰ ਛੁਪਾ ਕੇ ਰੱਖੇ ਹੋਏ ਹਨ ਜਿਸ ਤੋਂ ਬਾਅਦ ਪੁਲਿਸ ਪਾਰਟੀ ਉਸਨੂੰ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਜਾ ਰਹੀ ਸੀ ਪ੍ਰੰਤੂ ਜਦੋਂ ਪੁਲਿਸ ਪਾਰਟੀ ਸੁਖਰਾਜ ਨੂੰ ਲੈ ਕੇ ਲੋਕੇਸ਼ਨ ‘ਤੇ ਪੁੱਜੀ ਤੇ ਉਸਨੂੰ ਗੱਡੀ ਵਿੱਚੋਂ ਉਤਾਰਨ ਲੱਗੀ ਤਾਂ ਪਿੱਛੇ ਤੋਂ ਅਚਾਨਕ ਪੁਲਿਸ ਦੀ ਗੱਡੀ ਦਾ ਪਿੱਛਾ ਕਰਦੇ ਦੋ ਮੋਟਰਸਾਈਕਲ ਸਵਾਰ ਆਏ ਅਤੇ ਉਹਨਾਂ ਨੇ ਸੁਖਰਾਜ ਸਿੰਘ ਨੂੰ ਪੁਲਿਸ ਦੀ ਗ੍ਰਿਫ਼ਤ ਵਿੱਚੋਂ ਛੁਡਵਾਉਣ ਲਈ ਪੁਲਿਸ ਪਾਰਟੀ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੋਟਰਸਾਈਕਲ ਸਵਾਰ ਦੋ ਹਮਲਾਵਰਾਂ ਨੇ ਪੁਲਿਸ ਪਾਰਟੀ ‘ਤੇ ਛੇ ਰਾਊਂਂਡ ਫਾਇਰ ਕੀਤੇ ਜਿਸ ਨਾਲ ਇੱਕ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਿਆ ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕਰਦੇ ਇਹ ਫਾਇਰਿੰਗ ਸ਼ੁਰੂ ਕੀਤੀ। ਉਹਨਾਂ ਕਿਹਾ ਕਿ ਇਸ ਦੌਰਾਨ ਗੱਡੀ ਵਿੱਚ ਬੈਠੇ ਸ਼ੂਟਰ ਸੁਖਰਾਜ ਨੇ ਵੀ ਗੱਡੀ ਵਿੱਚ ਹੀ ਬੈਠੇ ਹੋਰ ਪੁਲਿਸ ਕਰਮਚਾਰੀ ‘ਤੇ ਹਮਲਾ ਕਰ ਦਿੱਤਾ ਤੇ ਉਸ ਨਾਲ ਉਲਝ ਪਿਆ ਤੇ ਉਸ ਤੋਂ ਹਥਿਆਰ ਖੋਹਣ ਲੱਗਾ ਤਾਂ ਕਿ ਪੁਲਿਸ ਮੁਲਾਜ਼ਮਾਂ ‘ਤੇ ਹਮਲਾ ਕਰਕੇ ਉਥੋਂ ਫਰਾਰ ਹੋ ਸਕੇ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਮੁਲਾਜ਼ਮ ਅਤੇ ਸ਼ੂਟਰ ਦੇ ਵਿਚਕਾਰ ਹੱਥੋਂਪਾਈ ਦੇ ਦੌਰਾਨ ਹੀ ਗੋਲੀ ਚੱਲ ਗਈ ਅਤੇ ਇਹ ਗੋਲੀ ਸ਼ੂਟਰ ਦੀ ਗਰਦਨ ਵਿੱਚ ਲੱਗੀ ਅਤੇ ਉਹ ਬੇਸੁੱਧ ਹੋ ਗਿਆ ਜਿਸ ਨੂੰ ਤੁਰੰਤ ਪੁਲਿਸ ਟੀਮ ਵੱਲੋਂ ਹਸਪਤਾਲ ਲਿਜਾਇਆ ਗਿਆ ਜਿੱਥੇ ਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਫੋਟੋ ਕੈਪਸ਼ਨ- ਇਨਕਾਊਂਟਰ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ










