ਚੰਡੀਗੜ੍ਹ, 16 ਜਨਵਰੀ, Gee98 news service-
-ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਵੱਡੇ ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਅੱਜ ਮੁਕਤਸਰ ਅਤੇ ਗੁਰਦਾਸਪੁਰ ਡੀਸੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇੱਕ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਤੁਰੰਤ ਗੁਰਦਾਸਪੁਰ ਅਤੇ ਮੁਕਤਸਰ ਦੇ ਡੀਸੀ ਦਫ਼ਤਰਾਂ ਨੂੰ ਖਾਲੀ ਕਰਵਾ ਲਿਆ ਗਿਆ। ਪੁਲਿਸ ਖੋਜੀ ਕੁੱਤਿਆਂ ਦੀ ਮਦਦ ਨਾਲ ਕਿਸੇ ਤਰ੍ਹਾਂ ਦੇ ਸੰਭਾਵੀ ਵਿਸਫੋਟਿਕ ਪਦਾਰਥ, ਬੰਬ ਵਗੈਰਾ ਦੀ ਤਲਾਸ਼ ਕਰ ਰਹੀ ਹੈ। ਮੁੱਢਲੇ ਤੌਰ ‘ਤੇ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਪਾਕਿਸਤਾਨੀ ਅੱਤਵਾਦੀ ਸੰਗਠਨ ISKP ਦੇ ਨਾਮ ‘ਤੇ ਧਮਕੀ ਭਰੀ ਈਮੇਲ ਮਿਲੀ ਜਿਸ ਵਿੱਚ ਡੀਸੀ ਦਫਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਪ੍ਰੰਤੂ ਅਧਿਕਾਰਤ ਤੌਰ ‘ਤੇ ਇਸ ਸਬੰਧੀ ਪੁਲਿਸ ਅਧਿਕਾਰੀ ਬਹੁਤੀ ਜਾਣਕਾਰੀ ਨਹੀਂ ਦੇ ਰਹੇ। ਪੁਲਿਸ ਇਸ ਸਬੰਧੀ ਪੂਰੀ ਪੜ੍ਹਤਾਲ ਤੋਂ ਬਾਅਦ ਹੀ ਕੋਈ ਬਿਆਨ ਜਾਰੀ ਕਰੇਗੀ। ਇਸ ਤੋਂ ਪਹਿਲਾਂ ਵੀ ਪੰਜਾਬ ‘ਚ ਕਈ ਜਿਲ੍ਹਿਆਂ ਦੇ ਸਕੂਲਾਂ ਅਤੇ ਕੋਰਟ ਕੰਪਲੈਕਸਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲ ਚੁੱਕੀ ਹੈ,ਹਾਲਾਂਕਿ ਪੜ੍ਹਤਾਲ ਦੌਰਾਨ ਕੋਈ ਵਿਸਫੋਟਕ ਪਦਾਰਥ ਜਾਂ ਬੰਬ ਵਗੈਰਾ ਨਹੀਂ ਮਿਲਿਆ। ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੇ ਕਿਹਾ ਕਿ ਪੁਲਿਸ ਪੂਰੀ ਤਰ੍ਹਾਂ ਸੁਚੇਤ ਹੈ ਅਤੇ ਲੋਕ ਅਫਵਾਹਾਂ ਤੋਂ ਸੁਚੇਤ ਰਹਿਣ, ਉਹਨਾਂ ਕਿਹਾ ਕਿ ਜੇਕਰ ਕਿਸੇ ਨਾਗਰਿਕ ਨੂੰ ਕੋਈ ਸ਼ੱਕੀ ਵਸਤੂ ਦਿਖਾਈ ਦਿੰਦੀ ਹੈ ਤਾਂ ਤੁਰੰਤ ਨੇੜੇ ਦੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ।










