ਚੰਡੀਗੜ੍ਹ,21 ਜਨਵਰੀ, Gee98 news service-
-ਇੱਕ ਦੂਜੇ ਨੂੰ ਅੱਖਾਂ ਦਿਖਾਉਣ ਤੋਂ ਬਾਅਦ ਹੁਣ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਗੱਠਜੋੜ ਵਿੱਚ ਆਈਆਂ ਤਰੇੜਾਂ ਭਰ ਗਈਆਂ ਹਨ, ਦੋਵੇਂ ਪਾਰਟੀਆਂ ਹੁਣ ਚੰਡੀਗੜ੍ਹ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਪਹਿਲਾਂ ਵਾਂਗ ਹੀ ਰਲ ਕੇ ਲੜਨਗੀਆਂ। ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ ਐੱਸ ਲੱਕੀ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਆਮ ਆਦਮੀ ਪਾਰਟੀ ਮੇਅਰ ਦੀ ਚੋਣ ਲੜੇਗੀ ਅਤੇ ਕਾਂਗਰਸ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲੜੇਗੀ। ਪ੍ਰੈਸ ਕਾਨਫਰੰਸ ਦੌਰਾਨ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿੱਚ ਦੋਵੇਂ ਪਾਰਟੀਆਂ ਦੇ ਗੱਠਜੋੜ ਵਿੱਚ ਤਰੇੜਾਂ ਆ ਗਈਆਂ ਸਨ ਅਤੇ ਦੋਵਾਂ ਨੇ ਇੱਕ ਦੂਜੇ ‘ਤੇ ਗੰਭੀਰ ਦੋਸ਼ ਲਗਾਏ ਸਨ ਪ੍ਰੰਤੂ ਹੁਣ ਭਾਜਪਾ ਨੂੰ ਮੇਅਰ ਦੀ ਕੁਰਸੀ ਤੱਕ ਜਾਣ ਤੋਂ ਰੋਕਣ ਲਈ ਦੋਵੇਂ ਪਾਰਟੀਆਂ ਨੇ ਫਿਰ ਗਲਵੱਕੜੀ ਪਾ ਲਈ ਹੈ। ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਇਸ ਵਾਰ ਦਿਲਚਸਪ ਸਥਿਤੀ ਬਣੀ ਹੋਈ ਹੈ ਕਿਉਂਕਿ ਦੋਵੇਂ ਪਾਰਟੀਆਂ ਕੋਲ 18-18 ਵੋਟਾਂ ਹਨ। ਭਾਜਪਾ ਦੇ 18 ਕੌਂਸਲਰ ਹਨ, ਆਮ ਆਦਮੀ ਪਾਰਟੀ ਦੇ 11 ਕੌਂਸਲਰ ਹਨ ਅਤੇ ਕਾਂਗਰਸ ਦੇ 6 ਕੌਂਸਲਰ ਹਨ ਜਦਕਿ ਇੱਕ ਵੋਟ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦੀ ਹੈ। ਇੱਕ ਹੋਰ ਦਿਲਚਸਪੀ ਇਹ ਵੀ ਹੈ ਕਿ ਇਸ ਵਾਰ ਹੱਥ ਖੜੇ ਕਰਵਾ ਕੇ ਵੋਟਿੰਗ ਹੋਣੀ ਹੈ। ਹੁਣ ਵੇਖਣਯੋਗ ਹੋਵੇਗਾ ਕਿ ਇੱਕ ਦੂਜੇ ਨੂੰ ਰੱਜ ਕੇ ਸਿਆਸੀ ਮਿਹਣੇ ਦੇਣ ਵਾਲੀਆਂ ਆਮ ਆਦਮੀ ਪਾਰਟੀ ਤੇ ਕਾਂਗਰਸ ਭਾਜਪਾ ਨੂੰ ਮੇਅਰ ਦੀ ਕੁਰਸੀ ‘ਤੇ ਕਾਬਜ ਹੋਣ ਤੋਂ ਕਿਵੇਂ ਰੋਕਦੀਆਂ ਹਨ।










