Gee 98News

ਪਤਨੀ ਦੇ ਚਰਿੱਤਰ ‘ਤੇ ਸ਼ੱਕ ਕਰਨ ਵਾਲੇ ਵਪਾਰੀ ਨੇ ਆਪਣੇ ‘ਤੇ ਹਮਲੇ ਦੀ ਬਣਾਈ ਫ਼ਿਲਮੀ ਕਹਾਣੀ

-ਜਾਂਚ ਦੌਰਾਨ ਆਪਣੇ ਬਿਆਨਾਂ ‘ਚ ਖੁਦ ਹੀ ਫਸ ਗਿਆ ਵਪਾਰੀ

ਲੁਧਿਆਣਾ– ਪੰਜਾਬ ‘ਚ ਅਮਨ ਕਾਨੂੰਨ ਦੇ ਵਿਗੜੇ ਹਾਲਾਤਾਂ ਨੂੰ ਲੋਕ ਆਪਣੀ ਨਿੱਜੀ ਰੰਜ਼ਿਸ਼ ਕੱਢਣ ਲਈ ਵੀ ਵਰਤ ਰਹੇ ਹਨ। ਅਜਿਹੀ ਇਕ ਮਿਸਾਲ ਲੁਧਿਆਣਾ ਵਿਖੇ ਸਾਹਮਣੇ ਆਈ ਜਿੱਥੇ ਇਕ ਵਪਾਰੀ ਨੇ ਆਪਣੀ ਹੀ ਪਤਨੀ ਅਤੇ ਆਪਣੇ ਚਚੇਰੇ ਭਰਾਵਾਂ ਨੂੰ ਫਸਾਉਣ ਖਾਤਰ ਆਪਣੇ ਉਪਰ ਕਾਤਲਾਨਾ ਹਮਲੇ ਦਾ ਨਾਟਕ ਖੇਡਿਆ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜਮਾਲਪੁਰ ਖੇਤਰ ਦੇ ਅਜੇ ਕੁਮਾਰ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ 10 ਦਸੰਬਰ ਜਦ ਉਹ ਆਪਣੀ ਦੁਕਾਨ ‘ਤੇ ਬੈਠਾ ਸੀ ਤਾਂ ਤਿੰਨ ਨਕਾਬਪੋਸ਼ ਵਿਅਕਤੀਆਂ ਨੇ ਉਸ ਉੱਪਰ ਪਿਸਤੌਲ ਨਾਲ ਗੋਲੀਆਂ ਚਲਾਈਆਂ ਪ੍ਰੰਤੂ ਉਹ ਵਾਲ-ਵਾਲ ਬਚ ਗਿਆ। ਅਜੇ ਕੁਮਾਰ ਨੇ ਆਪਣੀ ਪਤਨੀ ਪੂਜਾ ਅਤੇ ਆਪਣੇ ਚਚੇਰੇ ਭਰਾ ਰਵੀਨ ਉਪਰ ਗੋਲੀਆਂ ਚਲਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਉਸ ਦੀ ਪਤਨੀ ਦੇ ਰਵੀਨ ਨਾਲ ਨਾਜਾਇਜ਼ ਸਬੰਧ ਹਨ। ਉਸ ਨੇ ਆਪਣੀ ਪਤਨੀ ਨੂੰ ਰਵੀਨ ਇਤਰਾਜਯੋਗ ਹਾਲਤ ਵਿੱਚ ਦੇਖਿਆ ਸੀ । ਜਿਸ ਤੋਂ ਬਾਅਦ ਰਵੀਨ ਨੇ ਉਸਦੀ ਪਤਨੀ ਪੂਜਾ, ਮਨਵੀਨ ਨਾਲ ਮਿਲ ਕੇ ਉਸਦੇ ਦੇ ਕਤਲ ਦੀ ਸਾਜ਼ਿਸ ਰਚੀ । ਪੁਲਿਸ ਅਨੁਸਾਰ ਸ਼ਿਕਾਇਤਕਰਤਾ ਅਜੇ ਕੁਮਾਰ ਵਾਰ-ਵਾਰ ਬਿਆਨ ਬਦਲ ਰਿਹਾ ਸੀ ਜਿਸ ਤੋਂ ਬਾਅਦ ਪੁਲਸ ਨੂੰ ਸ਼ੱਕ ਹੋਇਆ ਅਤੇ ਸਖਤੀ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਅਜੇ ਕੁਮਾਰ ਨੇ ਸੱਚ ਉਗਲਿਆ ।

Gee98 Ads

ਅਜੇ ਕੁਮਾਰ ਨੇ ਪੁਲਿਸ ਕੋਲ ਮੰਨਿਆ ਕਿ ਉਸ ਨੂੰ ਆਪਣੀ ਪਤਨੀ ਪੂਜਾ ਦੇ ਆਪਣੇ ਚਚੇਰੇ ਭਰਾ ਰਵੀਨ ਨਾਲ ਨਜਾਇਜ਼ ਸਬੰਧਾਂ ਦਾ ਸ਼ੱਕ ਸੀ ਜਿਸ ਤੋਂ ਬਾਅਦ ਉਸ ਨੇ ਆਪਣੀ ਪਤਨੀ ਅਤੇ ਦੋ ਚਚੇਰੇ ਭਰਾਵਾਂ ਨੂੰ ਝੂਠੇ ਕੇਸ ਵਿਚ ਫਸਾਉਣ ਦੀ ਲਈ ਦੁਕਾਨ ਉਪਰ ਗੋਲੀ ਚਲਾਉਣ ਦਾ ਡਰਾਮਾ ਰਚਿਆ । ਜਿਸ ਤੋਂ ਬਾਅਦ ਉਕਤ ਮਾਮਲੇ ਵਿਚ ਪੁਲਸ ਨੇ ਅਜੇ ਕੁਮਾਰ ਦੀ ਗ੍ਰਿਫ਼ਤਾਰੀ ਪਾਈ ਅਤੇ ਉਸ ਦੀ ਪੁੱਛਗਿੱਛ ਦੇ ਅਧਾਰ ‘ਤੇ ਉਸ ਦੇ ਦੋਸਤ ਜਤਿੰਦਰ ਸਿੰਘ, ਦੀਪਕ ਕਸ਼ਯਪ, ਸੋਨੂੰ ਕੁਮਾਰ ਨੂੰ ਗ੍ਰਿਫਤਾਰ ਕੀਤਾ। ਪੁਲਿਸ ਅਨੁਸਾਰ ਉਕਤ ਮਾਮਲੇ ਵਿਚ ਇਕ ਹੋਰ ਲੋੜੀਂਦਾ ਦੋਸ਼ੀ ਆਸ਼ੀਸ਼ ਯਾਦਵ ਅਜੇ ਪਕੜ ਤੋਂ ਬਾਹਰ ਹੈ। ਗ੍ਰਿਫਤਾਰ ਕੀਤੇ ਵਪਾਰੀ ਅਜੇ ਕੁਮਾਰ ਤੋਂ ਪੁੱਛਗਿੱਛ ਦੇ ਅਧਾਰ ‘ਤੇ ਪੁਲਿਸ ਨੇ ਦੱਸਿਆ ਕਿ ਅਜੇ ਕੁਮਾਰ ਨੇ ਆਪ ਹੀ ਆਪਣੇ ਉੱਤੇ ਹਮਲੇ ਦੀ ਸਾਜ਼ਿਸ ਰਚੀ ਅਤੇ ਇਸ ਵਿੱਚ ਜਤਿੰਦਰ ਸਿੰਘ ਨੂੰ ਸ਼ਾਮਲ ਕੀਤਾ ਹੈ ਜਤਿੰਦਰ ਨੇ ਅੱਗੇ ਦੀਪਕ, ਸੋਨੂ ਕੁਮਾਰ, ਅਤੇ ਆਸ਼ੀਸ਼ ਯਾਦਵ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਅੰਮ੍ਰਿਤਸਰ ਤੋਂ .32 ਬੋਰ ਪਿਸਤੌਲ ਖਰੀਦਿਆ ਹੈ ਅਤੇ ਮੋਟਰਸਾਈਕਲ ‘ਤੇ ਆਏ ਅਤੇ ਗੋਲੀਆਂ ਚਲਾ ਦਿੱਤੀਆਂ ਅਤੇ ਹਵਾਈ ਫਾਇਰ ਕਰਦੇ ਹੋਏ ਫਰਾਰ ਹੋ ਗਏ ਜਿਸ ਤੋਂ ਬਾਅਦ ਅਜੇ ਕੁਮਾਰ ਨੇ ਪੁਲਿਸ ਨੂੰ ਫੋਨ ਕੀਤਾ ਕਿ ਤਿੰਨ ਹਮਲਾਵਰਾਂ ਨੇ ਉਸ ਦੀ ਦੁਕਾਨ ‘ਤੇ ਆ ਕੇ ਉਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੋਲੀਆਂ ਚਲਾਈਆਂ ਪ੍ਰੰਤੂ ਗੋਲੀਆਂ ਕੰਧਾਂ ਉਪਰ ਲੱਗੀਆਂ । ਕਾਰੋਬਾਰੀ ਅਜੇ ਕੁਮਾਰ ਨੇ ਇਸ ਘਟਨਾ ਲਈ ਆਪਣੇ ਚਚੇਰੇ ਭਰਾ ਰਵੀਨ ਨੂੰ ਦੋਸ਼ੀ ਠਹਿਰਾਉਂਦੇ ਹੋਏ ਆਪਣੀ ਪਤਨੀ ਨੂੰ ਵੀ ਸਾਜ਼ਿਸ਼ ਵਿੱਚ ਸ਼ਾਮਲ ਦੱਸਿਆ, ਜਿਸ ਤੋਂ ਬਾਅਦ ਪੁਲਿਸ ਨੇ ਅਜੇ ਕੁਮਾਰ ਦੇ ਬਿਆਨਾਂ ਦੇ ਅਧਾਰ ‘ਤੇ ਉਸ ਦੀ ਪਤਨੀ ਪੂਜਾ, ਚਚੇਰੇ ਭਰਾ ਰਵੀਨ ਅਤੇ ਮਨਵੀਨ ‘ਤੇ ਇਰਾਦਾ ਕਤਲ ਦਾ ਮੁਕੱਦਮਾ ਵੀ ਦਰਜ ਕਰ ਲਿਆ ਪ੍ਰੰਤੂ ਪੜ੍ਹਤਾਲ ਦੌਰਾਨ ਅਜੇ ਕੁਮਾਰ ਵੱਲੋਂ ਵਾਰ-ਵਾਰ ਬਿਆਨ ਬਦਲਣ ਤੋਂ ਬਾਅਦ ਪੁਲਿਸ ਨੇ ਸਖ਼ਤੀ ਕੀਤੀ ਤਾਂ ਕਹਾਣੀ ਹੋਰ ਹੀ ਸਾਹਮਣੇ ਆਈ।

error: Content is protected !!