-ਬਰਨਾਲਾ ਦੇ ਆਊਟਸੋਰਸ ਕਰਮਚਾਰੀਆਂ ਦੇ ਸੰਘਰਸ਼ ਨੂੰ ਅੱਖੋਂ ਪਰੋਖੇ ਨਾ ਕਰੇ ਸਰਕਾਰ- ਤਰਸੇਮ ਭੱਠਲ
-ਕਿਸੇ ਵੀ ਹਾਲਤ ਵਿਚ ਰੁਜ਼ਗਾਰ ਨਹੀਂ ਖੁੱਸਣ ਦੇਵਾਂਗੇ-ਰਮੇਸ਼ ਹਮਦਰਦ
-ਸਰਕਾਰ ਨਾ ਜਾਗੀ ਤਾਂ ਮਰਨ ਵਰਤ ਸ਼ੁਰੂ ਕਰਾਂਗੇ-ਕਰਮਚਾਰੀ
ਬਰਨਾਲਾ 14 ਜਨਵਰੀ ( ਨਿਰਮਲ ਸਿੰਘ ਪੰਡੋਰੀ)-
ਆਊਟਸੋਰਸਿੰਗ ਕਰਮਚਾਰੀ ਯੂਨੀਅਨ,ਦਫਤਰ ਡਿਪਟੀ ਕਮਿਸ਼ਨਰ (ਪੰਜਾਬ) ਦੇ ਬੈਨਰ ਹੇਠ ਡੀ ਸੀ ਦਫਤਰ ਬਰਨਾਲਾ ਦੇ ਆਊਟਸੋਰਸਿੰਗ ਮੁਲਾਜ਼ਮਾਂ ਵੱਲੋਂ 30.12.2022 ਤੋਂ ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਸ਼ੁਰੂ ਕੀਤਾ ਗਿਆ ਮੋਰਚਾ ਅੱਜ 16ਵੇਂ ਦਿਨ ‘ਚ ਸ਼ਾਮਲ ਹੋ ਗਿਆ ਹੈ ਅਤੇ ਪੰਜਾਬ ਸਰਕਾਰ ਦੇ ਖਿਲਾਫ ਰੋਸ ਵਜੋ ਸ਼ੁਰੂ ਕੀਤੀ ਗਈ ਭੁੱਖ ਹੜਤਾਲ ਅੱਜ 6ਵੇਂ ਦਿਨ ‘ਚ ਪਹੁੰਚ ਗਈ । ਅੱਜ ਭੁੱਖ ਹੜਤਾਲ ‘ਤੇ ਸੁਖਵਿੰਦਰ ਸਿੰਘ ਅਤੇ ਮੱਖਣ ਸਿੰਘ ਬੈਠੇ । ਇਸ ਮੌਕੇ ਯੂਨੀਅਨ ਦੀ ਆਗੂ ਵੀਰਪਾਲ ਕੌਰ, ਊਸ਼ਾ,ਗੁਰਜੀਤ ਕੌਰ,ਮਨਦੀਪ ਸਿੰਘ,ਕਰਮਜੀਤ ਸਿੰਘ ਨੇ ਕਿਹਾ ਕਿ 16 ਦਿਨ ਬੀਤ ਜਾਣ ਦੇ ਬਾਵਜੂਦ ਵੀ ਇਹਨਾਂ ਆਊਟਸੋਰਸਿੰਗ ਮੁਲਾਜ਼ਮਾਂ ਦੀ ਕੋਈ ਸਾਰ ਨਹੀ ਲਈ ਗਈ ,ਅੱਤ ਦੀ ਸਰਦੀ ਵਿੱਚ ਮੁਲਾਜ਼ਮ ਆਪਣਾ ਰੁਜ਼ਗਾਰ ਬਚਾਉਣ ਲਈ ਜਾਨ ਜੋਖ਼ਮ ਵਿੱਚ ਪਾ ਕੇ ਪੱਕੇ ਮੋਰਚੇ ‘ਤੇ ਡਟੇ ਹੋਏ ਹਨ।

ਦੂਜੇ ਪਾਸੇ ਇਹਨਾਂ ਆਊਟਸੋਰਸਿੰਗ ਮੁਲਾਜ਼ਮਾਂ ਦੀ ਸਪੋਟ ਵਿੱਚ ਪੰਜਾਬ ਦੀਆਂ ਭਰਾਤਰੀ ਜਥੇਬੰਦੀਆਂ ਭਰਵੀ ਸ਼ਮੂਲੀਅਤ ਕਰ ਰਹੀਆਂ ਹਨ। 13 ਸਾਲਾਂ ਦੀ ਨੌਕਰੀ ਕਰਨ ਤੋਂ ਬਾਅਦ ਇਹਨਾਂ ਮੁਲਾਜ਼ਮਾਂ ਨੂੰ ਫਾਰਗ ਕਰਨ ਦੇ ਹੁਕਮਾਂ ਦੀ ਚਾਰੇ ਪਾਸੇ ਤੋਂ ਨਿੰਦਾ ਹੋ ਰਹੀ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਇਕ ਪਾਸੇ ਤਾਂ ਮੁੱਖ-ਮੰਤਰੀ ਭਗਵੰਤ ਮਾਨ ਰੋਜ਼ਾਨਾ ਕੱਚੇ ਮੁਲਾਜਮਾਂ ਨੂੰ ਪੱਕੇ ਕਰਨ ਦੇ ਦਾਅਵੇ ਕਰ ਰਹੇ ਹਨ ਪਰੰਤੂ ਦੂਜੇ ਪਾਸੇ ਆਪਣਾ ਰੁਜ਼ਗਾਰ ਬਚਾਉਣ ਦੀ ਖਾਤਰ ਆਪਣੀ ਜ਼ਿੰਦਗੀ ਦਾਅ ‘ਤੇ ਲਾਈ ਬੈਠੇ ਡੀ ਸੀ ਦਫਤਰ ਬਰਨਾਲਾ ਦੇ ਇਨ੍ਹਾਂ ਆਊਟਸੋਰਸਿੰਗ ਕਰਮਚਾਰੀਆਂ ਦੀ ਕੋਈ ਸਾਰ ਨਹੀਂ ਲੈ ਰਿਹਾ । ਇਨ੍ਹਾਂ ਕਰਮਚਾਰੀਆਂ ਦਾ ਦੋਸ਼ ਹੈ ਕਿ ਜੁਬਾਨੀ-ਕਲਾਮੀ ਸੱਤਾਧਾਰੀ ਆਗੂ ਉਨ੍ਹਾਂ ਨੂੰ ਨੌਕਰੀ ਨਾ ਖੁੱਸਣ ਦਾ ਭਰੋਸਾ ਤਾਂ ਦੇ ਰਹੇ ਹਨ ਪ੍ਰੰਤੂ ਕਿਸੇ ਯੋਗ ਪਲੇਟਫਾਰਮ ‘ਤੇ ਆ ਕੇ ਕੋਈ ਗੱਲ ਨਹੀਂ ਕਰ ਰਿਹਾ । ਆਮ ਲੋਕ ਵੀ ਇਨ੍ਹਾਂ ਕਰਮਚਾਰੀਆਂ ਦੇ ਸੰਘਰਸ਼ ਨੂੰ ਹਮਦਰਦੀ ਦੀ ਭਾਵਨਾ ਨਾਲ ਵੇਖ ਰਹੇ ਹਨ ਜਿਸ ਕਾਰਨ ਨੌਕਰੀ ਤੋਂ ਕੱਢੇ ਜਾ ਰਹੇ ਇਨ੍ਹਾਂ ਕਰਮਚਾਰੀਆਂ ਦਾ ਸੰਘਰਸ਼ ਆਉਣ ਵਾਲੇ ਦਿਨਾਂ ‘ਚ ਸਰਕਾਰ ਲਈ ਗਲੇ ਦੀ ਹੱਡੀ ਬਣ ਸਕਦਾ ਹੈ ।

ਭੁੱਖ ਹੜਤਾਲ ‘ਤੇ ਬੈਠੇ ਕਰਮਚਾਰੀਆਂ ਨੇ ਸਰਕਾਰ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਉਹ ਆਉਣ ਵਾਲੇ ਦਿਨਾਂ ਵਿਚ ਮਰਨ ਵਰਤ ਵੀ ਸ਼ੁਰੂ ਕਰ ਸਕਦੇ ਹਨ । 18 ਜਨਵਰੀ ਨੂੰ ਪੰਜਾਬ ਸਟੇਟ ਮਨਿਸਟਰੀਅਲ ਯੂਨੀਅਨ ਵੱਲੋ ਜ਼ਿਲ੍ਹਾ ਪੱਧਰੀ ਰੈਲੀ ਕਰਨ ਦਾ ਐਲਾਨ ਕੀਤਾ ਹੈ, ਜਥੇਬੰਦੀ ਦੇ ਸੂਬਾ ਆਗੂ ਤਰਸੇਮ ਸਿੰਘ ਭੱਠਲ ਨੇ ਕਿਹਾ ਹੈ ਕਿ ਜੇਕਰ ਸਰਕਾਰੀ ਕਰਮਚਾਰੀਆਂ ਨਾਲ ਧੱਕਾ ਕਰੇਗੀ ਦਾ ਬਰਨਾਲਾ ਸੰਘਰਸ਼ ਦਾ ਮੈਦਾਨ ਬਣ ਜਾਵੇਗਾ। ਦੀ ਕਲਾਸਫੋਰ ਸਰਵਿਸ ਯੂਨੀਅਨ ਵੱਲੋਂ ਰਮੇਸ਼ ਹਮਦਰਦ ਨੇ ਵੀ ਇਹਨਾਂ ਆਊਟਸੋਰਸ ਕਰਮਚਾਰੀਆਂ ਦੇ ਸੰਘਰਸ਼ ਨੂੰ ਪੂਰੀ ਹਮਾਇਤ ਦਿੱਤੀ ਹੈ। ਕਿਸਾਨ ਜਥੇਬੰਦੀਆਂ ਵੱਲੋਂ ਜਥੇਬੰਦੀਆਂ ਅਤੇ ਹੋਰ ਭਰਾਤਰੀ ਜਥੇਬੰਦੀਆਂ ਨੇ ਵੀ ਇਨ੍ਹਾਂ ਕਰਮਚਾਰੀਆਂ ਦੇ ਸੰਘਰਸ਼ ਦੀ ਹਮਾਇਤ ਦਾ ਐਲਾਨ ਕੀਤਾ ਹੈ। ਇਸ ਦੇ ਬਾਵਜੂਦ ਵੀ ਸਰਕਾਰ ਇਨ੍ਹਾਂ ਕਰਮਚਾਰੀਆਂ ਦੇ ਸੰਘਰਸ਼ ਨੂੰ ਅੱਖੋਂ ਪਰੋਖੇ ਕਰ ਰਹੀ ਹੈ। ਜ਼ਿਲੇ ਕੈਬਨਿਟ ਮੰਤਰੀ ਹੋਣ ਦੇ ਬਾਵਜੂਦ ਵੀ ਮਸਲੇ ਦਾ ਹੱਲ ਹੋਣ ਵਿਚ ਜ਼ਿਆਦਾ ਸਮਾਂ ਲੱਗ ਰਿਹਾ ਹੈ









