Skip to main content

Gee 98News

ਜਨਮਦਿਨ ਮੌਕੇ ਕੇਕ ਖਾਣ ਨਾਲ ਕਿਵੇਂ ਹੋਈ ਸੀ ਬੱਚੀ ਦੀ ਮੌਤ…ਰਿਪੋਰਟ ‘ਚ ਹੋਇਆ ਹੈਰਾਨੀਜਨਕ ਖੁਲਾਸਾ…!

ਚੰਡੀਗੜ੍ਹ,22 ਅਪ੍ਰੈਲ, Gee98 news service
-ਪਿਛਲੇ ਦਿਨੀ ਪਟਿਆਲਾ ਵਿਖੇ ਜਨਮਦਿਨ ਮੌਕੇ ਕੇਕ ਖਾਣ ਨਾਲ ਮੌਤ ਦਾ ਸ਼ਿਕਾਰ ਹੋਈ 10 ਸਾਲ ਦੀ ਬੱਚੀ ਮਾਨਵੀ ਸ਼ਰਮਾ ਦੀ ਮੌਤ ਦੇ ਸੰਬੰਧ ਵਿੱਚ ਹੈਰਾਨੀਜਨਕ ਖੁਲਾਸਾ ਹੋਇਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਵਿਜੇ ਜਿੰਦਲ ਨੇ ਦੱਸਿਆ ਕਿ ਜਨਮਦਿਨ ਮੌਕੇ ਕੇਕ ਖਾਣ ਤੋਂ ਬਾਅਦ ਇੱਕ ਬੱਚੀ ਦੀ ਅਚਾਨਕ ਸਿਹਤ ਵਿਗੜ ਗਈ ਸੀ ਜਿਸ ਕਾਰਨ ਉਸਦੀ ਮੌਤ ਹੋ ਗਈ ਸੀ। ਉਨਾਂ ਦੱਸਿਆ ਕਿ ਇਸ ਤੋਂ ਬਾਅਦ ਕੇਕ ਦੇ ਨਮੂਨੇ ਇਕੱਠੇ ਕਰਕੇ ਜਾਂਚ ਲਈ ਭੇਜੇ ਗਏ ਸਨ। ਸਿਹਤ ਅਫਸਰ ਨੇ ਦੱਸਿਆ ਕਿ ਰਿਪੋਰਟ ਅਨੁਸਾਰ ਕੇਕ ਤਿਆਰ ਕਰਨ ਮੌਕੇ (ਸੈਕਰੀਨ) ਦੀ ਵਰਤੋਂ ਜ਼ਿਆਦਾ ਮਾਤਰਾ ਵਿੱਚ ਕੀਤੀ ਗਈ ਸੀ ਜੋ ਇੱਕ ਸਿੰਥੈਟਿਕ ਸਵੀਟਨਰ (ਨਕਲੀ ਮਿੱਠਾ) ਹੈ। ‌ ਉਹਨਾਂ ਕਿਹਾ ਕਿ ਸੈਕਰੀਨ ਦੀ ਭੋਜਨ ਅਤੇ ਪੀਣ ਵਾਲੇ ਪਦਾਰਥਾਂ ਵਿੱਚ ਘੱਟ ਮਾਤਰਾ ‘ਚ ਵਰਤੋ ਕੀਤੀ ਜਾਂਦੀ ਹੈ ਕਿਉਂਕਿ ਇਹ ਬੇਹੱਦ ਖਤਰਨਾਕ ਚੀਜ਼ ਹੈ ਜਿਸ ਨੂੰ ਜ਼ਿਆਦਾ ਮਾਤਰਾ ‘ਚ ਖਾਣ ਨਾਲ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਜਾਂਦੀ ਹੈ ਜੋ ਕਿ ਜਾਨ ਲੇਵਾ ਵੀ ਸਾਬਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਪਟਿਆਲਾ ਵਿਖੇ ਪਿਛਲੇ ਦਿਨੀਂ ਇੱਕ ਬੱਚੀ ਦੇ ਜਨਮ ਦਿਨ ਮੌਕੇ ਆਨਲਾਈਨ ਆਰਡਰ ਕਰਕੇ ਇੱਕ ਪਰਿਵਾਰ ਨੇ ਕੇਕ ਮੰਗਵਾਇਆ ਸੀ ਜਿਸ ਨੂੰ ਖਾਣ ਤੋਂ ਬਾਅਦ ਬੱਚੀ ਦੀ ਸਿਹਤ ਵਿਗੜ ਗਈ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਸੀ। ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਇਸ ਮਾਮਲੇ ਵਿੱਚ ਦੁਕਾਨ ਦੇ ਮਾਲਕ ਖ਼ਿਲਾਫ਼ ਭਾਰਤੀ ਦੰਡਾਵਲੀ ਦੀਆਂ ਸਖ਼ਤ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਅਤੇ ਸਿਹਤ ਵਿਭਾਗ ਨੇ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਮ੍ਰਿਤਕ ਬੱਚੀ ਦੇ ਵਿਸਰਾ ਦੇ ਨਮੂਨੇ ਪ੍ਰਯੋਗਸ਼ਾਲਾ ਵਿੱਚ ਭੇਜੇ ਸਨ। ਜਿਸ ਦੀ ਰਿਪੋਰਟ ਆਉਣ ਤੋਂ ਬਾਅਦ ਇਹ ਹੈਰਾਨੀਜਨਕ ਖੁਲਾਸਾ ਹੋਇਆ ਹੈ ਕਿ ਕੇਕ ਨੂੰ ਤਿਆਰ ਕਰਨ ਮੌਕੇ ਸਿੰਥੈਟਿਕ ਸਵੀਟਨਰ ਭਾਵ ਨਕਲੀ ਮਿੱਠੇ ਦੀ ਜ਼ਿਆਦਾ ਮਾਤਰਾ ਵਿੱਚ ਵਰਤੋਂ ਕੀਤੀ ਗਈ ਸੀ ਜੋ ਬੱਚੀ ਲਈ ਜਾਨਲੇਵਾ ਸਾਬਤ ਹੋਈ।

error: Content is protected !!