ਬਰਨਾਲਾ, 19 ਅਕਤੂਬਰ (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਜ਼ਿਲ੍ਹੇ ਦੇ ਇੱਕ ਚੋਟੀ ਦੇ ਪ੍ਰਾਈਵੇਟ ਸਕੂਲ ਦੇ ਇੱਕ ਅਧਿਆਪਕ ਵੱਲੋਂ ਸਕੂਲ ਕੰਪਲੈਕਸ ਦੇ ਅੰਦਰ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰਨ ਦਾ ਯਤਨ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸਕੂਲ ਕੰਪਲੈਕਸ ਦੇ ਅੰਦਰ ਇਹ ਘਟਨਾ ਵਾਪਰਨ ਤੋਂ ਬਾਅਦ ਸਕੂਲ ਪ੍ਰਸ਼ਾਸਨ ਵੱਲੋਂ ਹੀ ਸੰਬੰਧਿਤ ਅਧਿਆਪਕ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਗੰਭੀਰਤਾ ਨਾਲ ਉਸ ਦਾ ਇਲਾਜ ਕਰਦੇ ਹੋਏ ਕੋਈ ਵੱਡਾ ਨੁਕਸਾਨ ਹੋਣ ਤੋਂ ਬਚਾ ਲਿਆ ਤੇ ਹੁਣ ਸਬੰਧਿਤ ਅਧਿਆਪਕ ਪੂਰੀ ਤਰ੍ਹਾਂ ਠੀਕ ਠਾਕ ਹੈ। ਇਹ ਘਟਨਾ ਕੁਝ ਦਿਨ ਪਹਿਲਾਂ ਦੀ ਦੱਸੀ ਜਾ ਰਹੀ ਹੈ ਜਿਸ ਦੀ ਭਿਣਕ ਸਕੂਲ ਪ੍ਰਸ਼ਾਸਨ ਵੱਲੋਂ ਬਾਹਰ ਨਹੀਂ ਨਿਕਲਣ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਜ਼ਿਲ੍ਹੇ ਦੇ ਚੋਟੀ ਦੇ ਪ੍ਰਾਈਵੇਟ ਸਕੂਲ ਬਰੌਡਵੇ ਪਬਲਿਕ ਸਕੂਲ ਮਨਾਲ ਦੇ ਇੱਕ ਅਧਿਆਪਕ ਨੇ ਸਕੂਲ ਕੰਪਲੈਕਸ ਦੇ ਅੰਦਰ ਹੀ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਅਨੁਸਾਰ ਘਟਨਾ ਤੋਂ ਪਹਿਲਾਂ ਸਬੰਧਿਤ ਅਧਿਆਪਕ ਦੀ ਸਕੂਲ ਕੰਪਲੈਕਸ ਦੇ ਅੰਦਰ ਹੀ (ਕਿਸੇ ਨਾਲ ਬਹਿਸ) ਹੋਈ ਜਿਸ ਤੋਂ ਬਾਅਦ ਸੰਬੰਧਿਤ ਅਧਿਆਪਕ ਸਕੂਲ ਕੰਪਲੈਕਸ ਤੋਂ ਬਾਹਰ ਗਿਆ ਪ੍ਰੰਤੂ ਕੁਝ ਸਮੇਂ ਬਾਅਦ ਉਸਨੇ ਵਾਪਸ ਆ ਕੇ ਸਕੂਲ ਕੰਪਲੈਕਸ ਦੇ ਅੰਦਰ ਉਕਤ ਘਟਨਾ ਨੂੰ ਅੰਜਾਮ ਦਿੱਤਾ। ਇਸ ਮਾਮਲੇ ਸਬੰਧੀ ਜਦੋਂ ਸਕੂਲ ਦੇ ਪ੍ਰਿੰਸੀਪਲ ਮੁਹੰਮਦ ਆਰਿਫ਼ ਸੈਫ਼ੀ ਨਾਲ ਗੱਲ ਕੀਤੀ ਤਾਂ ਉਹਨਾਂ ਮੰਨਿਆ ਕਿ ਇੱਕ ਅਧਿਆਪਕ ਨੇ ਇਹ ਮਾੜਾ ਯਤਨ ਕੀਤਾ ਅਤੇ ਉਸਨੂੰ ਤੁਰੰਤ ਹਸਪਤਾਲ ਦਾਖ਼ਲ ਕਰਵਾਇਆ ਗਿਆ। ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਸਬੰਧਿਤ ਅਧਿਆਪਕ ਦੀ ਸਕੂਲ ਪ੍ਰਸ਼ਾਸਨ ਨਾਲ ਘੱਟ ਬਣਦੀ ਸੀ ਅਤੇ ਅਧਿਆਪਕ ਨੇ ਸਕੂਲ ਪ੍ਰਸ਼ਾਸਨ ਨੂੰ ਆਪਣੀ ਨੌਕਰੀ ਛੱਡਣ ਦਾ ਅਗੇਤਰਾ ਨੋਟਿਸ ਵੀ ਦਿੱਤਾ ਹੋਇਆ ਸੀ ਪਰੰਤੂ ਨੋਟਿਸ ਪੀਰੀਅਡ ਦੇ ਦੌਰਾਨ ਹੀ ਅਧਿਆਪਕ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਯਤਨ ਕਰਨ ਵਰਗਾ ਮਾੜਾ ਕਦਮ ਚੁੱਕਿਆ। ਇਸ ਮਾਮਲੇ ਸਬੰਧੀ ਪੁਲਿਸ ਥਾਣਾ ਠੁੱਲੀਵਾਲ ਦੇ ਐਸਐਚਓ ਅਜੈਬ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਪੜਤਾਲੀਆ ਅਫ਼ਸਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਜਾਵੇ, ਜਦੋਂ ਇਸ ਮਾਮਲੇ ਦੇ ਪੜਤਾਲੀਆ ਅਫ਼ਸਰ ਜਸਵਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਬੰਧਤ ਅਧਿਆਪਕ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਸਮੁੱਚੇ ਮਾਮਲੇ ਦੀ ਅਜੇ ਪੜ੍ਹਤਾਲ ਕੀਤੀ ਜਾ ਰਹੀ ਹੈ। ਪੜਤਾਲੀਆ ਅਫ਼ਸਰ ਨੇ ਕਿਹਾ ਕਿ ਸਕੂਲ ਪ੍ਰਿੰਸੀਪਲ ਕਿਤੇ ਬਾਹਰ ਗਏ ਹੋਏ ਹਨ ਜਿਨਾਂ ਦੇ ਵਾਪਸ ਪਰਤਣ ਤੋਂ ਬਾਅਦ ਦੋਵੇਂ ਧਿਰਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਗੱਲ ਕਰਵਾਈ ਜਾਵੇਗੀ।
ਫੋਟੋ ਕੈਪਸ਼ਨ-ਸੰਕੇਤਿਕ ਫੋਟੋ