Gee 98News

ਬਰਨਾਲਾ,27 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-
-ਸ਼ਹਿਰ ਵਿੱਚ ਇੱਕ ਛੋਲੇ ਭਟੋਰਿਆਂ ਦੀ ਰੇੜੀ ਲਾਉਣ ਵਾਲੇ ਵੱਲੋਂ ਥੋੜੇ ਦਿਨਾਂ ਵਿੱਚ ਹੀ ਪ੍ਰਤੀ ਪਲੇਟ ਰੇਟ ਜਿਆਦਾ ਵਧਾਉਣ ਤੋਂ ਦੁਖੀ ਇੱਕ ਗਰੀਬ ਮਜ਼ਦੂਰ ਨੇ ਭਟੂਰੇ ਦਾ ਰੇਟ ਕੰਟਰੋਲ ਕਰਨ ਲਈ ਡਿਪਟੀ ਕਮਿਸ਼ਨਰ ਦੀ ਅਦਾਲਤ ਵਿੱਚ ਅਪੀਲ ਕੀਤੀ। ਇਹ ਮਾਮਲਾ ਸੰਗਰੂਰ ਜ਼ਿਲ੍ਹੇ ਦਾ ਹੈ ਜੋ ਸੁਣਨ ਵਿੱਚ ਅਜੀਬ ਲੱਗਦਾ ਪਰੰਤੂ ਡਿਪਟੀ ਕਮਿਸ਼ਨਰ ਨੇ ਇੱਕ ਮਜ਼ਦੂਰ ਦੀ ਇਸ ਦਰਖਾਸਤ ਤੇ ਤੁਰੰਤ ਕਾਰਵਾਈ ਕਰਦੇ ਹੋਏ ਐਸਡੀਐਮ ਨੂੰ ਜਾਂਚ ਕਰਨ ਲਈ ਕਿਹਾ ਹੈ। ਪ੍ਰਾਪਤ ਵੇਰਵੇ ਅਨੁਸਾਰ ਦਿਹਾੜੀਦਾਰ ਬਿੰਦਰ ਸਿੰਘ ਪੁੱਤਰ ਅਮਰ ਦਾਸ ਵਾਸੀ ਕਰਤਾਰਪੁਰਾ ਬਸਤੀ ਸੰਗਰੂਰ ਨੇ ਡੀਸੀ ਸੰਗਰੂਰ ਦੀ ਅਦਾਲਤ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ। ਸ਼ਿਕਾਇਤ ਵਿੱਚ ਬਿੰਦਰ ਸਿੰਘ ਨੇ ਲਿਖਿਆ ਕਿ ਉਹ ਦਿਹਾੜੀ/ਮਜ਼ਦੂਰੀ ਕਰ ਕੇ ਆਪਣਾ ਗੁਜ਼ਾਰਾ ਕਰਦਾ ਹੈ। ਸ਼ਹਿਰ ਦੇ ਕੌਲਾ ਪਾਰਕ ਮਾਰਕੀਟ ਵਿੱਚ ਐੱਚਡੀਐੱਫਸੀ ਬੈਂਕ ਦੇ ਕੋਲ ਬੀਐਸਐਨਐਲ ਕਾਲੋਨੀ ਦੇ ਬਾਹਰ ਇੱਕ ਗਲੀ ਵਿੱਚ ਛੋਲੇ ਭਟੂਰੇ ਵੇਚਣ ਵਾਲਾ ਵਿਕਰੇਤਾ ਹੈ। ਕੁਝ ਸਮਾਂ ਪਹਿਲਾਂ ਇਸ ਰੇਹੜੀ ਵਾਲੇ ਦਾ ਭਟੂਰੇ ਦਾ ਰੇਟ 20 ਰੁਪਏ ਪ੍ਰਤੀ ਦੋ ਭਟੂਰੇ ਸੀ। ਇਸ ਤੋਂ ਬਾਅਦ ਰੇਹੜੀ ਵਾਲੇ ਨੇ ਭਾਅ ਵਧਾ ਕੇ 30 ਰੁਪਏ ਕਰ ਦਿੱਤਾ ਅਤੇ ਹੁਣ ਭਟੂਰੇ ਦੀ ਪ੍ਰਤੀ ਪਲੇਟ 40 ਰੁਪਏ ਕਰ ਦਿੱਤੀ ਹੈ। ਮਜ਼ਦੂਰ ਬਿੰਦਰ ਸਿੰਘ ਨੇ ਲਿਖਿਆ ਕਿ ਥੋੜੇ ਸਮੇਂ ਵਿੱਚ ਇਨਾ ਰੇਟ ਵਧਾਉਣਾ ਪੂਰੀ ਤਰ੍ਹਾਂ ਨਾਲ ਨਾਜਾਇਜ਼ ਹੈ। ਕੋਈ ਗਰੀਬ ਬੰਦਾ ਇੰਨਾ ਮਹਿੰਗਾ ਭਟੂਰਾ ਕਿਵੇਂ ਖਾਵੇਗਾ? ਉਨ੍ਹਾਂ ਦੇ ਆਪਣੇ ਹੀ ਰੇਟ ਜਾਇਜ਼ ਨਹੀਂ ਹਨ ਤੇ ਉਹ ਆਪਣੀ ਮਰਜ਼ੀ ਅਨੁਸਾਰ ਭਟੂਰੇ ਦੇ ਰੇਟ ਵਧਾ ਰਹੇ ਹਨ ਅਤੇ ਲੋਕਾਂ ਦੀ ਆਰਥਿਕ ਲੁੱਟ ਕਰ ਰਹੇ ਹਨ। ਬਿੰਦਰ ਸਿੰਘ ਨੇ ਡੀਸੀ ਤੋਂ ਮੰਗ ਕੀਤੀ ਕਿ ਭਟੂਰੇ ਵੇਚਣ ਵਾਲੇ ਵਿਕਰੇਤਾ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਭਟੂਰੇ ਦਾ ਰੇਟ ਜਾਇਜ਼ ਕਰਵਾਇਆ ਜਾਵੇ। ਡੀਸੀ ਜਤਿੰਦਰ ਜੋਰਵਾਲ ਨੇ ਮਜ਼ਦੂਰ ਦੀ ਇਸ ਸ਼ਿਕਾਇਤ ਦੀ ਤੁਰੰਤ ਐਸਡੀਐਮ ਸੰਗਰੂਰ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ। ਦੂਜੇ ਪਾਸੇ ਐੱਸਡੀਐੱਮ ਚਰਨਜੋਤ ਸਿੰਘ ਵਾਲੀਆ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸ਼ਿਕਾਇਤ ਦੀ ਮਾਮਲੇ ਦੀ ਜਾਂਚ ਲਈ ਉਨ੍ਹਾਂ ਕੋਲ ਪਹੁੰਚ ਕੀਤੀ ਹੈ। ਅਜਿਹਾ ਮਾਮਲਾ ਪਹਿਲੀ ਵਾਰ ਸਾਹਮਣੇ ਆਇਆ ਹੈ। ਇਸ ਦੀ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਦੀ ਵੀ ਆਰਥਿਕ ਲੁੱਟ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

Leave a Reply

Your email address will not be published. Required fields are marked *

error: Content is protected !!