Skip to main content

Gee 98News

ਸੁਪਰੀਮ ਕੋਰਟ ‘ਚ ਪੰਜਾਬ ਦੇ ਸਰਕਾਰੀ ਵਕੀਲਾਂ ਨੇ ਮੰਨਿਆ ਕਿ ਸਿੱਧੂ ਮੂਸੇਵਾਲੇ ਦਾ ਕਤਲ ਉਸ ਦੀ ਸੁਰੱਖਿਆ ਘੱਟ ਕਰਨ ਕਰਕੇ ਹੋਇਆ

Gee98 Ads

-ਪੰਜਾਬ ਦੇ ਐਡਵੋਕੇਟ ਜਨਰਲ ਨੇ ਸੁਪਰੀਮ ਕੋਰਟ ਵਿੱਚ ਇੱਕ ਕੇਸ ਦੀ ਸੁਣਵਾਈ ਦੌਰਾਨ ਇਹ ਮੰਨ ਲਿਆ ਹੈ ਕਿ ਗਾਇਕ ਸਿੱਧੂ ਮੂਸੇਵਾਲੇ ਦਾ ਕਤਲ ਉਸ ਦੀ ਸਿਕਿਉਰਟੀ ਘੱਟ ਕਰਨ ਕਰਕੇ ਹੀ ਹੋਇਆ। ਸੁਪਰੀਮ ਕੋਰਟ ਵਿੱਚ ਪੰਜਾਬ ਦੇ ਵਕੀਲਾਂ ਦੀ ਇਹ ਦਲੀਲ ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪੰਜਾਬ ਦੀ ਆਪ ਸਰਕਾਰ ਲਈ ਨਵੀਂ ਸਿਰਦਰਦੀ ਖੜੀ ਕਰ ਸਕਦੀ ਹੈ। ਮਾਨਯੋਗ ਉੱਚ ਅਦਾਲਤ ਦੀ ਕਾਰਵਾਈ ਲੋਕਾਂ ਸਾਹਮਣੇ ਰੱਖਣ ਵਾਲੀ ਵੈਬਸਾਈਟ “Live Law” ਦੇ ਹਵਾਲੇ ਨਾਲ ਇਕ ਪੰਜਾਬੀ ਵੈਬਸਾਈਟ The Editors” ਦੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਸਰਕਾਰ ਦੇ ਵਕੀਲਾਂ ਨੇ ਸੁਪਰੀਮ ਕੋਰਟ ਵਿੱਚ ਉਕਤ ਦਲੀਲਾਂ ਦਿੱਤੀਆਂ। ਜਿਕਰਯੋਗ ਹੈ ਕਿ ਚੰਡੀਗੜ੍ਹ ਦੇ ਸੈਕਟਰ 2 ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਸਾਹਮਣੇ ਲੰਘਦੀ ਸੜਕ ਨੂੰ ਖੋਲਣ ਸਬੰਧੀ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਦੇ ਖ਼ਿਲਾਫ਼ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪੰਜਾਬ ਸਰਕਾਰ ਦੀ ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਮਾਮਲੇ ਦੀ ਸੁਣਵਾਈ ਕਰ ਰਹੇ ਮਾਨਯੋਗ ਜਸਟਿਸ ਸੰਜੀਵ ਖੰਨਾ ਤੇ ਮਾਨਯੋਗ ਜਸਟਿਸ ਦੀਪਾਂਕਰ ਦੱਤਾ ਦੇ ਵਿੱਚ ਸਾਹਮਣੇ ਪੰਜਾਬ ਦੇ ਐਡਵੋਕੇਟ ਜਨਰਲ ਨੇ ਮੰਨਿਆ ਕਿ ਮੁੱਖ ਮੰਤਰੀ ਦੀ ਰਿਹਾਇਸ਼ ਦੇ ਸਾਹਮਣੇ ਸੜਕ ਆਮ ਲੋਕਾਂ ਲਈ ਆਵਾਜਾਈ ਲਈ ਖੋਲਣ ਕਰਕੇ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਸਕਦਾ ਹੈ। ‌ ਇਸ ਦੌਰਾਨ ਪੰਜਾਬ ਦੇ ਵਕੀਲਾਂ ਨੇ ਮਾਨਯੋਗ ਸੁਪਰੀਮ ਕੋਰਟ ਸਾਹਮਣੇ ਇਹ ਦਲੀਲ ਦਿੱਤੀ ਕਿ ਸਿੱਧੂ ਮੂਸੇਵਾਲੇ ਦਾ ਕਤਲ ਘੱਟ ਸਿਕਿਉਰਟੀ ਕਾਰਨ ਕਰਕੇ ਹੀ ਹੋਇਆ। ‌ ਪੰਜਾਬ ਦੇ ਵਕੀਲਾਂ ਨੇ ਇਹ ਦਲੀਲ ਵੀ ਦਿੱਤੀ ਕਿ ਪੰਜਾਬ ਦੀ ਇੰਟੈਲੀਜੈਂਸ ਬਿਊਰੋ ਦੇ ਦਫਤਰ ‘ਤੇ RPG ਅਟੈਕ ਵੀ ਹੋ ਚੁੱਕਿਆ ਹੈ। ‌ ਪੰਜਾਬ ਦੇ ਵਕੀਲਾਂ ਨੇ ਸੁਪਰੀਮ ਕੋਰਟ ਵਿੱਚ ਇਹ ਵੀ ਕਿਹਾ ਕਿ ਪੰਜਾਬ ‘ਚ ਗੈਂਗਸਟਰਵਾਦ ਹੈ ਅਤੇ ਮਾਹੌਲ ਖਰਾਬ ਹੈ। ਇਸ ਲਈ ਮੁੱਖ ਮੰਤਰੀ ਦੇ ਘਰ ਦੇ ਬਿਲਕੁਲ ਅੱਗੇ ਦੀ ਜਾ ਰਹੀ ਸੜਕ ਆਮ ਲੋਕਾਂ ਲਈ ਖੋਲਣ ਕਰਕੇ ਮੁੱਖ ਮੰਤਰੀ ਦੀ ਸੁਰੱਖਿਆ ਲਈ ਖਤਰਾ ਹੋ ਸਕਦਾ ਹੈ। ਪੰਜਾਬ ਦੇ ਵਕੀਲਾਂ ਨੇ ਮੰਗ ਕੀਤੀ ਕਿ ਹਾਈਕੋਰਟ ਦੇ ਸੜਕ ਖੋਲਣ ਦੇ ਹੁਕਮਾਂ ਨੂੰ ਰੱਦ ਕੀਤਾ ਜਾਵੇ। ‌ ਸੁਪਰੀਮ ਕੋਰਟ ਨੇ ਫਿਲਹਾਲ ਹਾਈਕੋਰਟ ਦੇ ਸੜਕ ਖੋਲਣ ਦੇ ਹੁਕਮਾਂ ‘ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਦੇ ਵਕੀਲਾਂ ਨੇ ਮੁੱਖ ਮੰਤਰੀ ਦੇ ਘਰ ਸਾਹਮਣੇ ਲੰਘਦੀ ਸੜਕ ਖੋਲਣ ਸਬੰਧੀ ਹਾਈ ਕੋਰਟ ਦੇ ਹੁਕਮ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਵਿੱਚ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਦਲੀਲ ਤਾਂ ਦੇ ਦਿੱਤੀ ਪ੍ਰੰਤੂ ਪੰਜਾਬ ਦੇ ਵਕੀਲਾਂ ਦੀ ਇਹ ਦਲੀਲ ਪੰਜਾਬ ਦੀ ਆਪ ਸਰਕਾਰ ਦੇ ਗਲੇ ਦੀ ਹੱਡੀ ਬਣ ਸਕਦੀ ਹੈ।

ਦੱਸ ਦੇਈਏ ਕਿ ਸਿੱਧੂ ਮੂਸੇਵਾਲੇ ਦੇ ਕਤਲ ਸਬੰਧੀ ਪਹਿਲਾਂ ਹੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਇਸ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘੱਟ ਕਰਨ ਕਰਕੇ ਹੀ ਉਸ ਦਾ ਕਤਲ ਹੋਇਆ। ਹੁਣ ਪੰਜਾਬ ਦੇ ਵਕੀਲਾਂ ਨੇ ਸੁਪਰੀਮ ਕੋਰਟ ਵਿੱਚ ਖੁਦ ਇਹ ਦਲੀਲ ਦੇ ਦਿੱਤੀ ਕਿ ਸਿੱਧੂ ਮੂਸੇਵਾਲੇ ਦਾ ਕਤਲ ਸੁਰੱਖਿਆ ਦੀ ਘਾਟ ਕਾਰਨ ਹੋਇਆ ਇਸ ਕਰਕੇ ਮੁੱਖ ਮੰਤਰੀ ਦੇ ਘਰ ਸਾਹਮਣੇ ਵਾਲੀ ਸੜਕ ਖੋਲਣ ਸਬੰਧੀ ਹਾਈਕੋਰਟ ਦੇ ਹੁਕਮ ਰੱਦ ਕੀਤੇ ਜਾਣ। ਦੱਸਣਯੋਗ ਹੈ ਕਿ ਇਹ ਸੜਕ ਪੰਜਾਬ ਦੇ ਮਾੜੇ ਦਿਨਾਂ ਦੌਰਾਨ 1980 ‘ਚ ਆਮ ਲੋਕਾਂ ਲਈ ਬੰਦ ਕਰ ਦਿੱਤੀ ਗਈ ਸੀ। ਇਸ ਸੜਕ ਤੋਂ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ ਦਾ ਫਰਕ ਸਿਰਫ 30 ਕੂ ਮੀਟਰ ਹੈ। ‌ ਪਿਛਲੇ ਦਿਨੀ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਸ ਸੜਕ ਦਾ ਖ਼ੁਦ ਨੋਟਿਸ ਲੈਂਦੇ ਹੋਏ ਇਸ ਸੜਕ ਨੂੰ ਆਮ ਲੋਕਾਂ ਲਈ ਖੋਲਣ ਦੇ ਹੁਕਮ ਜਾਰੀ ਕੀਤੇ ਸਨ, ਜਿਸ ਤੋਂ ਬਾਅਦ ਹਾਈਕੋਰਟ ਦੇ ਇਹਨਾਂ ਹੁਕਮਾਂ ਦੇ ਖ਼ਿਲਾਫ਼ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਸੀ। ‌ ਸੁਪਰੀਮ ਕੋਰਟ ਵਿੱਚ ਸੁਣਵਾਈ ਦੌਰਾਨ ਪੰਜਾਬ ਦੇ ਵਕੀਲਾਂ ਦੀਆਂ ਦਲੀਲਾਂ ਪੰਜਾਬ ਸਰਕਾਰ ਲਈ ਸਿਆਸੀ ਸਿਰਦਰਦੀ ਖੜੀ ਕਰ ਸਕਦੀਆਂ ਹਨ ਅਤੇ ਸਰਕਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ‘ਤੇ ਆ ਸਕਦੀ ਹੈ ਕਿਉਂਕਿ ਪੰਜਾਬ ਦੇ ਵਕੀਲਾਂ ਨੇ ਹਾਈਕੋਰਟ ਵਿੱਚ ਮੰਨਿਆ ਕਿ ਸਿੱਧੂ ਮੂਸੇਵਾਲੇ ਦਾ ਕਤਲ ਉਸ ਦੀ ਸੁਰੱਖਿਆ ਘੱਟ ਕਰਨ ਕਰਕੇ ਹੋਇਆ, ਪੰਜਾਬ ‘ਚ ਗੈਂਗਸਟਰਵਾਦ ਹੈ,ਪੰਜਾਬ ਦਾ ਮਾਹੌਲ ਖ਼ਰਾਬ ਹੈ ਅਤੇ ਪੰਜਾਬ ‘ਚ RPG ਅਟੈਕ ਵੀ ਹੋ ਚੁੱਕਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਵੀ ਪੰਜਾਬ ‘ਚ ਮਾਹੌਲ ਮਾੜਾ ਹੋਣ ਸਬੰਧੀ ਪੰਜਾਬ ਦੇ ਵਕੀਲਾਂ ਦੇ ਤਰਕ ਦੀ ਮਦਦ ਕੀਤੀ।

error: Content is protected !!