Gee 98News

ਬਰਨਾਲਾ ‘ਚ ਦਿਹਾਤੀ ਅਤੇ ਸ਼ਹਿਰੀ ਖੇਤਰ ਦੀ ਸਰਦਾਰੀ ਲਈ ਅਕਾਲੀ ਬੀਬੀਆਂ ਦੀ ਠੰਡੀ ਜੰਗ ਦੀ ਹਵਾ ਸੂਬਾ ਪ੍ਰਧਾਨ ਤੱਕ ਪੁੱਜੀ

-ਲੋਕ ਸਭਾ ਹਲਕਾ ਸੰਗਰੂਰ ਅੰਦਰ ਇੱਕ ਪਾਸੇ ਮੈਂਬਰ ਪਾਰਲੀਮੈਂਟ ਦੀ ਕੁਰਸੀ ‘ਤੇ ਕਾਬਜ਼ ਹੋਣ ਲਈ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਅੱਡੀ ਚੋਟੀ ਦਾ ਜ਼ੋਰ ਲਗਾ ਰਹੇ ਹਨ ਉੱਥੇ ਬਰਨਾਲਾ ਜ਼ਿਲ੍ਹੇ ਵਿੱਚ ਇਸਤਰੀ ਅਕਾਲੀ ਦਲ ਦੀਆਂ ਬੀਬੀਆਂ ਦੀ ਅੰਦਰੂਨੀ ਠੰਡੀ ਜੰਗ ਚਰਚਾ ਦਾ ਵਿਸ਼ਾ ਬਣੀ ਹੋਈ ਹੈ । ਬਰਨਾਲਾ ਜ਼ਿਲ੍ਹੇ ‘ਚ ਅਕਾਲੀ ਦਲ ਦੀਆਂ ਬੀਬੀਆਂ ਦੀ ਇਸ ਠੰਡੀ ਜੰਗ ਦਾ ਨਜ਼ਾਰਾ ਪਿਛਲੇ ਦਿਨੀ ਕੁਲਵੰਤ ਸਿੰਘ ਕੀਤੂ ਦੀ ਰਿਹਾਇਸ ਨੇੜੇ ਇੱਕ ਪਾਰਕ ਵਿੱਚ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੀ ਆਮਦ ਮੌਕੇ ਵੀ ਵੇਖਣ ਨੂੰ ਮਿਲਿਆ। ਦਰਅਸਲ ਸ਼੍ਰੋਮਣੀ ਅਕਾਲੀ ਦਲ ਦੀਆਂ ਬਰਨਾਲਾ ਜ਼ਿਲ੍ਹੇ ਦੀਆਂ ਬੀਬੀਆਂ ਅੰਦਰ ਜ਼ਿਲ੍ਹੇ ਦੇ ਦਿਹਾਤੀ ਅਤੇ ਸ਼ਹਿਰੀ ਖੇਤਰ ਦੀ ਸਰਦਾਰੀ ਲਈ ਹੋ ਰਹੀ ਠੰਡੀ ਜੰਗ ਪਿਛਲੇ ਕੁਝ ਸਮੇਂ ਤੋਂ ਚਰਚਾ ਵਿੱਚ ਹੈ। ਇਸਤਰੀ ਅਕਾਲੀ ਦਲ ਦਾ ਸਮੁੱਚਾ ਢਾਂਚਾ ਭੰਗ ਹੋਣ ਦੇ ਬਾਵਜੂਦ ਵੀ ਕੁਝ ਪੁਰਾਣੇ ਅਹੁਦੇਦਾਰ ਬੀਬੀਆਂ ਵੱਲੋਂ ਪੁਰਾਣੇ ਅਹੁਦਿਆਂ ਦੀਆਂ ਫੀਤੀਆਂ ਲਗਾ ਕੇ ਵਿਚਰਨਾ ‌ ਇਹਨਾਂ ਅਹੁਦਿਆਂ ਲਈ ਦਾਅਵੇਦਾਰ ਨਵੀਆਂ ਬੀਬੀਆਂ ਨੂੰ ਰਾਸ ਨਹੀਂ ਆ ਰਿਹਾ। ਜਦੋਂ ਇਹ ਮਾਮਲਾ ਸੂਬਾ ਪ੍ਰਧਾਨ ਬੀਬੀ ਹਰਿਗੋਬਿੰਦ ਕੌਰ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਉਹਨਾਂ ਕਿਹਾ ਕਿ ਇਸਤਰੀ ਅਕਾਲੀ ਦਲ ਦਾ ਸਾਰਾ ਢਾਂਚਾ ਭੰਗ ਕੀਤਾ ਹੋਇਆ। ਉਨਾਂ ਇਸਤਰੀ ਅਕਾਲੀ ਦਲ ਦੀਆਂ ਆਗੂਆਂ ਨੂੰ ਤਾਕੀਦ ਕੀਤੀ ਕਿ ਆਪਣੇ ਪੱਧਰ ‘ਤੇ ਕੋਈ ਅਹੁਦਾ ਲਿਖਣ ਤੋਂ ਗੁਰੇਜ਼ ਕੀਤਾ ਜਾਵੇ। ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਆਪਣੇ ਆਪਣੇ ਹਲਕੇ ਵਿੱਚ ਅਕਾਲੀ ਦਲ ਦੀ ਮਜਬੂਤੀ ਲਈ ਕੰਮ ਕੀਤਾ ਜਾਵੇ ਅਤੇ ਦੂਜੇ ਹਲਕੇ ‘ਚ ਸਹਿਯੋਗ ਕੀਤਾ ਜਾਵੇ। ‌ ਬੀਬੀ ਹਰਗੋਬਿੰਦ ਕੌਰ ਨੇ ਕਿਹਾ ਕਿ ਉਹਨਾਂ ਦੀ ਸਾਰਿਆਂ ਤੇ ਅੱਖ ਹੈ…ਸਭ ਦੀਆਂ ਸਰਗਰਮੀਆਂ ਧਿਆਨ ਵਿੱਚ ਹਨ, ਮਿਹਨਤ ਕਰਨ ਵਾਲਿਆਂ ਨੂੰ ਮਾਣ ਸਤਿਕਾਰ ਦਿੱਤਾ ਜਾਵੇਗਾ। ਦੂਜੇ ਪਾਸੇ ‌ਸੋਸ਼ਲ ਮੀਡੀਆ ‘ਤੇ ਵੀ ਕੁਝ ਅਜਿਹੀਆਂ ਪੋਸਟਾਂ ਸਾਹਮਣੇ ਆ ਰਹੀਆਂ ਹਨ ਜਿਨਾਂ ਵਿੱਚ ਪਿੰਡ ਦੀ ਪੰਚੀ ਦੇ ਅਹੁਦੇ ਤੱਕ ਨਾ ਪੁੱਜਣ ਵਾਲੀਆਂ ਬੀਬੀਆਂ ਨੂੰ ਵੱਡੀਆਂ ਸਰਦਾਰੀਆਂ ਦੇਣ ‘ਤੇ ਸਵਾਲ ਖੜੇ ਕੀਤੇ ਜਾ ਰਹੇ ਹਨ। ਜ਼ਿਲ੍ਹੇ ਦੇ ਦਿਹਾਤੀ ਅਤੇ ਸ਼ਹਿਰੀ ਖੇਤਰ ਦੀ ਸਰਦਾਰੀ :ਤੇ ਕਾਬਜ਼ ਹੋਣ ਲਈ ਬੀਬੀਆਂ ਦੀਆਂ ਸਰਗਰਮੀਆਂ ਦੀ ਸਥਾਨਿਕ ਅਕਾਲੀ ਆਗੂਆਂ ਨੂੰ ਵੀ ਬਾਖ਼ੂਬੀ ਜਾਣਕਾਰੀ ਹੈ। ਇਹਨਾਂ ਦਾਅਵੇਦਾਰ ਬੀਬੀਆਂ ਵੱਲੋਂ ਸਥਾਨਕ ਅਕਾਲੀ ਆਗੂਆਂ ਦੀ ਹਮਾਇਤ ਹਾਸਿਲ ਕਰਨ ਲਈ ਵੀ ਆਪਣੇ ਆਪਣੇ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ। ‌ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਦੇ ਇਕੱਠ ਵਿੱਚ ਇੱਕ ਸੂਬਾ ਪੱਧਰੀ ਮਹਿਲਾ ਆਗੂ ਵੱਲੋਂ ਸੈਂਕੜੇ ਬੀਬੀਆਂ ਦੇ ਇਕੱਠ ਨਾਲ ਕੀਤੀ ਸ਼ਮੂਲੀਅਤ ਦੀ ਚਰਚਾ ਨਾਲ ਕਈਆਂ ਦੀ ਖੇਡ ਵਿਗੜਦੀ ਨਜ਼ਰ ਆ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਨਾਲ ਪਿਛਲੇ ਕਈ ਵਰਿਆਂ ਤੋਂ ਜੁੜੀ ਸ਼ਹਿਰੀ ਖੇਤਰ ਦੀ ਇੱਕ ਸੀਨੀਅਰ ਮਹਿਲਾ ਅਕਾਲੀ ਆਗੂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਜਿਲੇ ਦੀਆਂ ਬੀਬੀਆਂ ਦੀ ਅੰਦਰੂਨੀ ਠੰਡੀ ਜੰਗ ਨੂੰ ਸਵੀਕਾਰ ਕਰਦੇ ਹੋਏ ਟਿੱਪਣੀ ਕੀਤੀ ਕਿ ਇਸ ਸਬੰਧੀ ਸਾਰੀ ਰਿਪੋਰਟ ਸੂਬਾ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੂੰ ਦੇ ਦਿੱਤੀ ਗਈ ਹੈ। ਬਹਰਹਾਲ ! ਦਿਹਾਤੀ ਅਤੇ ਸ਼ਹਿਰੀ ਖੇਤਰ ਦੀ ਸਰਦਾਰੀ ‘ਤੇ ਕਾਬਜ਼ ਹੋਣ ਲਈ ਇਹਨਾਂ ਬੀਬੀਆਂ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਪਾਰਟੀ ਉਮੀਦਵਾਰ ਇਕਬਾਲ ਸਿੰਘ ਝੂੰਦਾਂ ਨੂੰ ਫਾਇਦਾ ਹੀ ਹੋਵੇਗਾ। ਇਹਨਾਂ ਬੀਬੀਆਂ ਵੱਲੋਂ ਚੋਣਾਂ ਦੌਰਾਨ ਆਪਣੀ ਆਪਣੀ ਕਾਬਲੀਅਤ ਸਿੱਧ ਕਰਨ ਲਈ ਕੀਤੇ ਜਾ ਰਹੇ ਯਤਨਾਂ ਨਾਲ ਤੱਕੜੀ ‘ਚ ਚਾਰ ਵੋਟਾਂ ਵੱਧ ਹੀ ਪੈਣਗੀਆਂ।

Gee98 Ads
error: Content is protected !!