Skip to main content

Gee 98News

“ਆਪ” ਨੇ ਸੰਗਰੂਰ ਹਲਕੇ ਦੀ ਕੰਪੇਨ ਕਮੇਟੀ ‘ਚ ਦਲਵੀਰ ਸਿੰਘ ਗੋਲਡੀ ਨੂੰ ਨਹੀਂ ਕੀਤਾ ਸ਼ਾਮਿਲ…11 ਮੈਂਬਰੀ ਕੰਪੇਨ ਕਮੇਟੀ ਦਾ ਗਠਨ

ਚੰਡੀਗੜ੍ਹ, 4 ਮਈ, Gee98 news service
-ਆਮ ਆਦਮੀ ਪਾਰਟੀ ਨੇ ਲੋਕ ਸਭਾ ਹਲਕਾ ਸੰਗਰੂਰ ਲਈ ਆਪਣੇ ਸੀਨੀਅਰ ਆਗੂਆਂ ਸਮੇਤ ਸਟਾਰ ਪ੍ਰਚਾਰਕਾਂ ਦੀ ਕੰਪੇਨ ਕਮੇਟੀ ਦਾ ਐਲਾਨ ਕਰ ਦਿੱਤਾ ਹੈ। ‌ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਦੀਪ ਪਾਠਕ, ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਅਤੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ ਦੇ ਦਸਤਖ਼ਤਾਂ ਹੇਠ ਪਾਰਟੀ ਨੇ ਲੋਕ ਸਭਾ ਹਲਕਾ ਸੰਗਰੂਰ ਲਈ 11 ਮੈਂਬਰੀ ਕੰਪੇਨ ਕਮੇਟੀ ਦਾ ਐਲਾਨ ਕੀਤਾ ਹੈ ਜਿਸ ਵਿੱਚ ਵਿਧਾਇਕ ਅਮਨ ਅਰੋੜਾ ਨੂੰ ਇੰਚਾਰਜ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਵਿਧਾਇਕ ਹਰਪਾਲ ਸਿੰਘ ਚੀਮਾ, ਵਿਧਾਇਕ ਬੀਰਿੰਦਰ ਗੋਇਲ, ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਨਰਿੰਦਰ ਕੌਰ ਭਰਾਜ, ਵਿਧਾਇਕ ਜਮੀਰ ਉਲ ਰਹਿਮਾਨ, ਵਿਧਾਇਕ ਲਾਭ ਸਿੰਘ ਉਗੋਕੇ ਅਤੇ ਮਹਿੰਦਰ ਸਿੰਘ ਸਿੱਧੂ ਸਮੇਤ ਗੁਰਮੇਲ ਸਿੰਘ ਗੁਰਦੀਪ ਸਿੰਘ ਬਾਠ ਤੇ ਸਾਕਿਬ ਅਲੀ ਰਾਜਾ ਨੂੰ ਇਸ ਕੰਪੇਨ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ‌ ਅਜੇ ਕੁਝ ਦਿਨ ਪਹਿਲਾਂ ਕਾਂਗਰਸ ਛੱਡ ਕੇ ‘ਆਪ’ ‘ਚ ਸ਼ਾਮਿਲ ਹੋਏ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਸੰਗਰੂਰ ਹਲਕੇ ਦੀ ਕੰਪੇਨ ਕਮੇਟੀ ਵਿੱਚ ਜਗ੍ਹਾ ਨਹੀਂ ਦਿੱਤੀ ਗਈ। ‌ ਅਜੇ ਤੱਕ ਦਲਵੀਰ ਸਿੰਘ ਗੋਲਡੀ ਨੂੰ ਸੰਗਠਨ ਪੱਧਰ ‘ਤੇ ਵੀ ਕੋਈ ਵੱਡੀ ਜ਼ਿੰਮੇਵਾਰੀ ਨਹੀਂ ਦਿੱਤੀ ਗਈ। ਕਾਂਗਰਸ ਛੱਡ ਕੇ ਆਪ ‘ਚ ਸ਼ਮੂਲੀਅਤ ਸਮੇਂ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਦਲਵੀਰ ਸਿੰਘ ਗੋਲਡੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ‘ਚ ਸਿੱਧੇ ਤੌਰ ‘ਤੇ ਭਗਵੰਤ ਮਾਨ ਨੂੰ ਮੁਖ਼ਾਤਿਬ ਹੁੰਦੇ ਹੋਏ ਕਿਹਾ ਸੀ ਕਿ “ਮੈਂ ਅੱਜ ਤੋਂ ਤੁਹਾਡੀ ਝੋਲੀ ਵਿੱਚ ਹਾਂ” ਪ੍ਰੰਤੂ ਮੁੱਖ ਮੰਤਰੀ ਅਤੇ ਆਪ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਇੱਕ ਨੈਸ਼ਨਲ ਪਾਰਟੀ ਦੀ ਝੋਲੀ ਚੋਂ ਨਿਕਲ ਕੇ ਆਪਣੀ ਝੋਲੀ ਵਿੱਚ ਪਏ ਸਾਬਕਾ ਵਿਧਾਇਕ ਨੂੰ ਕੰਪੇਨ ਕਮੇਟੀ ‘ਚ ਵੀ ਜਗ੍ਹਾ ਤੱਕ ਨਹੀਂ ਦਿੱਤੀ। ‌ ਆਪ ‘ਚ ਸ਼ਾਮਿਲ ਹੋਣ ਤੋਂ ਬਾਅਦ ਆਪਣੀ ਇੱਕ ਵਾਇਰਲ ਵੀਡੀਓ ‘ਚ ਜਿਸ ਤਰ੍ਹਾਂ ਦਲਵੀਰ ਸਿੰਘ ਗੋਲਡੀ ਨੇ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ‘ਤੇ ਸਿੱਧੇ ਹਮਲੇ ਕੀਤੇ ਉਸ ਤੋਂ ਅਜਿਹਾ ਲੱਗਦਾ ਸੀ ਕਿ “ਆਪ” ਗੋਲਡੀ ਨੂੰ ਗੁਰਮੀਤ ਸਿੰਘ ਮੀਤ ਹੇਅਰ ਦੀਆਂ ਸਟੇਜਾਂ ‘ਤੇ ਸੁਖਪਾਲ ਸਿੰਘ ਖਹਿਰਾ ਦੇ ਖ਼ਿਲਾਫ਼ ਸਟਾਰ ਪ੍ਰਚਾਰਕ ਦੇ ਤੌਰ ‘ਤੇ ਇੱਕ ਹਥਿਆਰ ਵਜੋਂ ਵਰਤੇਗੀ ਪ੍ਰੰਤੂ ਆਪ ਵੱਲੋਂ ਐਲਾਨ ਕੀਤੀ 11 ਮੈਂਬਰੀ ਚੋਣ ਕੰਪੇਨ ਕਮੇਟੀ ਵਿੱਚ ਗੋਲਡੀ ਦਾ ਨਾਮ ਸ਼ਾਮਿਲ ਨਾ ਹੋਣਾ ਇਹ ਸਪੱਸ਼ਟ ਕਰਦਾ ਹੈ ਕਿ ਆਪਣੀ ਜੱਦੀ ਪਾਰਟੀ ਛੱਡ ਕੇ ਨਵੀਂ ਪਾਰਟੀ ਵਿੱਚ ਆਏ ਆਗੂਆਂ ਨੂੰ ਨਵੀਂ ਪਾਰਟੀ ਵੀ ਟਿਕਾਣੇ ‘ਤੇ ਹੀ ਰੱਖਦੀ ਹੈ ਕਿਉਂਕਿ ਕਿਤੇ ਨਾ ਕਿਤੇ ਇਹ ਧਾਰਨਾ ਨਵੀਂ ਪਾਰਟੀ ਦੇ ਆਗੂਆਂ ਦੇ ਮਨ ‘ਚ ਬਣੀ ਰਹਿੰਦੀ ਹੈ ਕਿ ਜੇਕਰ ਇਹ ‘ਉਹਨਾਂ’ ਦਾ ਨਹੀਂ ਬਣਿਆ ਤਾਂ ਇਹਨੇ ਬਣਨਾ ‘ਸਾਡਾ’ ਵੀ ਨਹੀਂ। ਬਹਰਹਾਲ ! ਲੋਕ ਸਭਾ ਹਲਕਾ ਸੰਗਰੂਰ ਲਈ ਆਪ ਦੀ ਕੰਪੇਨ ਕਮੇਟੀ ਦੇ ਗਠਨ ‘ਚ ਗੋਲਡੀ ਦੀ ਗ਼ੈਰ ਮੌਜੂਦਗੀ ਦੀ ਚਰਚਾ ਸੋਸ਼ਲ ਮੀਡੀਆ ‘ਤੇ ਖੂਬ ਹੋ ਰਹੀ ਹੈ ਅਤੇ ਆਪ ਦੀ ਕੰਪੇਨ ਕਮੇਟੀ ਦੇ ਸੰਦਰਭ ‘ਚ ਦਲਵੀਰ ਸਿੰਘ ਗੋਲਡੀ ਨੂੰ ਟਰੋਲ ਕੀਤਾ ਜਾ ਰਿਹਾ ਹੈ।

error: Content is protected !!