Gee 98News

ਬਰਨਾਲਾ, 13 ਮਈ, (ਨਿਰਮਲ ਸਿੰਘ ਪੰਡੋਰੀ)-
-ਬਰਨਾਲਾ ਦੇ ਜੌੜੇ ਪੈਟਰੋਲ ਪੰਪਾਂ ਲਾਗੇ ਮਾਹੌਲ ਉਸ ਵੇਲੇ ਬਹੁਤ ਹੀ ਤਣਾਅਪੂਰਨ ਪੈਦਾ ਹੋ ਗਿਆ ਜਦੋਂ ਬੀਕੇਯੂ ਡਕੌਂਦਾ (ਬੁਰਜ ਗਿੱਲ ਗਰੁੱਪ) ਅਤੇ ਬਰਨਾਲਾ ਦਾ ਵਪਾਰ ਮੰਡਲ ਇੱਕ ਇਮੀਗ੍ਰੇਸ਼ਨ ਵੱਲੋਂ ਕਿਸੇ ਨੌਜਵਾਨ ਨੂੰ ਵਿਦੇਸ਼ ਭੇਜਣ ਦੇ ਨਾਂ ‘ਤੇ ਮਾਰੀ ਠੱਗੀ ਦੇ ਮਾਮਲੇ ਵਿੱਚ ਪਹਿਲਾਂ ਤੋਂ ਚੱਲ ਰਹੇ ਝਮੇਲੇ ਦੌਰਾਨ ਆਹਮੋ ਸਾਹਮਣੇ ਹੋ ਗਏ। ਬੀਕੇਯੂ ਡਕੌਂਦਾ ਸਹਿਣਾ ਬਲਾਕ ਦੇ ਪ੍ਰਧਾਨ ਜਗਸੀਰ ਸਿੰਘ ਦੀ ਅਗਵਾਈ ਹੇਠ ਸੋਮਵਾਰ ਸਵੇਰੇ ਜਦ ਕਿਸਾਨ ਯੂਨੀਅਨ ਨੇ ਜੌੜੇ ਪੰਪਾਂ ਦੇ ਬਿਲਕੁਲ ਨਾਲ ਬਾਂਸਲ ਟਾਇਰ ਕੰਪਨੀ ਦੀ ਦੁਕਾਨ ਅੱਗੇ ਧਰਨਾ ਦੇ ਦਿੱਤਾ ਤਾਂ ਦੂਜੇ ਪਾਸੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਕੁਮਾਰ ਨਾਣਾਂ ਦੀ ਅਗਵਾਈ ਹੇਠ ਵਪਾਰੀਆਂ ਨੇ ਵੀ ਸੜਕ ਜਾਮ ਕਰ ਦਿੱਤੀ। ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦੋਵੇਂ ਧਿਰਾਂ ਵੱਲੋਂ ਇੱਕ ਦੂਜੇ ਲਈ ਲੋਟੂ ਟੋਲਾ, ਠੱਗਾਂ ਦਾ ਟੋਲਾ, ਬਲੈਕਮੇਲਰਾਂ ਦਾ ਟੋਲਾ ਸ਼ਬਦ ਵੀ ਵਰਤੇ ਗਏ। ਇਸ ਦੀ ਭਿਣਕ ਪੈਂਦੇ ਹੀ ਪੁਲਿਸ ਸੁਚੇਤ ਹੋਈ ਅਤੇ ਮੌਕੇ ‘ਤੇ ਪੁੱਜ ਕੇ ਦੋਵੇਂ ਧਿਰਾਂ ਦੇ ਸਿੱਧੇ ਟਕਰਾਅ ਨੂੰ ਰੋਕਿਆ। ‌ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਉਕਤ ਬਾਸਲ ਟਾਇਰ ਕੰਪਨੀ ਵਾਲਿਆਂ ਦਾ ਇਮੀਗਰੇਸ਼ਨ ਸੈਂਟਰ ਬੱਸ ਸਟੈਂਡ ਦੇ ਨੇੜੇ ਚੱਲ ਰਿਹਾ ਹੈ ਜਿਨ੍ਹਾਂ ਨੇ ਸ਼ਹਿਣਾ ਦੇ ਇੱਕ ਨੌਜਵਾਨ ਨੂੰ ਵਿਦੇਸ਼ ਭੇਜਿਆ ਸੀ ਅਤੇ 22 ਲੱਖ ਰੁਪਏ ਲਏ ਸਨ ਪ੍ਰੰਤੂ ਵਿਦੇਸ਼ ਵਿੱਚ ਉਕਤ ਨੌਜਵਾਨ ਨੂੰ ਕੋਈ ਕੰਮ ਨਹੀਂ ਮਿਲਿਆ ਜਿਸ ਕਰਕੇ ਕੁਝ ਦਿਨ ਪਹਿਲਾਂ ਕਿਸਾਨ ਯੂਨੀਅਨ ਨੇ ਇਹ ਮੁੱਦਾ ਚੁੱਕਿਆ ਸੀ ਜਿਸ ਤੋਂ ਬਾਅਦ 17.50 ਲੱਖ ਵਿੱਚ ਸਮਝੌਤਾ ਹੋ ਗਿਆ ਸੀ ਅਤੇ ਇਮੀਗਰੇਸ਼ਨ ਵਾਲਿਆਂ ਨੇ 17.50 ਲੱਖ ਦਾ ਚੈੱਕ ਪੀੜ੍ਹਤ ਪਰਿਵਾਰ ਨੂੰ ਦਿੱਤਾ ਸੀ ਪ੍ਰੰਤੂ ਉਹ ਚੈੱਕ ਬਾਉਂਸ ਹੋ ਗਿਆ ਜਿਸ ਤੋਂ ਬਾਅਦ ਅੱਜ ਦੁਬਾਰਾ ਧਰਨਾ ਦਿੱਤਾ ਗਿਆ ਹੈ।

ਦੂਜੇ ਪਾਸੇ ਵਪਾਰ ਮੰਡਲ ਦੇ ਪ੍ਰਧਾਨ ਅਨਿਲ ਕੁਮਾਰ ਨੇ ਕਿਹਾ ਕਿ ਟਾਇਰ ਕੰਪਨੀ ਦਾ ਇਮੀਗਰੇਸ਼ਨ ਸੈਂਟਰ ਨਾਲ ਕੋਈ ਸੰਬੰਧ ਨਹੀਂ, ਇਹ ਇੱਕ ਵੱਖਰੀ ਫਰਮ ਹੈ, ਕਿਸਾਨਾਂ ਵੱਲੋਂ ਟਾਇਰ ਕੰਪਨੀ ਦੇ ਪਰਿਵਾਰ ਨੂੰ ਬਲੈਕਮੇਲ ਕਰਨ ਦੀ ਮਨਸ਼ਾ ਨਾਲ ਦੁਕਾਨ ਅੱਗੇ ਧਰਨਾ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕਿਸੇ ਵੀ ਵਪਾਰੀ ਨੂੰ ਕਿਸੇ ਵੱਲੋਂ ਵੀ ਬਲੈਕਮੇਲ ਨਹੀਂ ਕਰਨ ਦਿੱਤਾ ਜਾਵੇ ਫਿਰ ਭਾਵੇਂ ਸਾਹਮਣੇ ਵਾਲੀ ਧਿਰ ਕੋਈ ਵੀ ਹੋਵੇ। ‌ ਖਬਰ ਲਿਖੇ ਜਾਣ ਤੱਕ ਦੋਵੇਂ ਧਿਰਾਂ ਜੋੜੇ ਪੈਟਰੋਲ ਪੰਪਾਂ ਨੇੜੇ ਇੱਕ ਦੂਜੇ ਦੇ ਖਿਲਾਫ਼ ਆਹਮੋ ਸਾਹਮਣੇ ਡਟੀਆਂ ਹੋਈਆਂ ਹਨ। ਪ੍ਰਸ਼ਾਸਨ ਲਈ ਇਹ ਮਾਮਲਾ ਵੱਡੀ ਸਿਰਦਰਦੀ ਬਣਦਾ ਜਾ ਰਿਹਾ ਹੈ ਕਿਉਂਕਿ ਇੱਕ ਪਾਸੇ ਕਿਸਾਨ ਯੂਨੀਅਨ ਹੈ ਤੇ ਦੂਜੇ ਪਾਸੇ ਵਪਾਰ ਮੰਡਲ ਹੈ ਜੋ ਧੱਕੇਸ਼ਾਹੀ ਦੀ ਕਿਸੇ ਸੂਰਤ ਵਿੱਚ ਸਾਰਾ ਬਰਨਾਲਾ ਬੰਦ ਕਰਨ ਦੀ ਗੱਲ ਵੀ ਕਰ ਰਿਹਾ ਹੈ।‌ ਕਿਸਾਨ ਯੂਨੀਅਨ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ‘ਚ ਲੰਮੇ ਸੰਘਰਸ਼ ਦੀ ਰਣਨੀਤੀ ਵੀ ਬਣਾ ਸਕਦੇ ਹਨ। ਬਹਰਹਾਲ ! ਇਹ ਪਹਿਲੀ ਵਾਰੀ ਵੇਖਿਆ ਜਾ ਰਿਹਾ ਹੈ ਜਦੋਂ ਕਿਸੇ ਕਿਸਾਨ ਯੂਨੀਅਨ ਦੇ ਮੁਕਾਬਲੇ ‘ਚ ਕੋਈ ਦੂਸਰੀ ਜਥੇਬੰਦੀ ਡੱਟ ਕੇ ਖੜੀ ਹੋਵੇ।

Leave a Reply

Your email address will not be published. Required fields are marked *

error: Content is protected !!