Gee 98News

ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਮਾਨ ਨੇ ਕੀਤਾ ਵੱਡਾ ਇਕੱਠ…ਕੱਢਿਆ ਵਿਸ਼ਾਲ ਰੋਡ ਸ਼ੋਅ

ਬਰਨਾਲਾ 13 ਮਈ (ਨਿਰਮਲ ਸਿੰਘ ਪੰਡੋਰੀ)-

ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸ. ਸਿਮਰਨਜੀਤ ਸਿੰਘ ਮਾਨ ਨੇ ਅੱਜ ਨਾਮਜਦਗੀ ਕਾਗਜ ਭਰਨ ਤੋਂ ਪਹਿਲਾਂ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਨਤਮਸਤਕ ਹੋ ਕੇ ਪੰਥ ਤੇ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ। ਇਸ ਤੋਂ ਪਹਿਲਾਂ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹਜੂਰੀ ਰਾਗੀ ਸਿੰਘਾਂ ਸਿੰਘ ਵੱਲੋਂ ਅਲੌਕਿਕ ਕੀਰਤਨ ਕਰਕੇ ਸੰਗਤ ਨੂੰ  ਨਿਹਾਲ ਕੀਤਾ ਗਿਆ।ਇਸ ਉਪਰੰਤ ਗੁਰਦੁਆਰਾ ਸਾਹਿਬ ਦੇ ਸਾਹਮਣੇ ਖੁੱਲ੍ਹੇ ਮੈਦਾਨ ਵਿੱਚ ਠਾਠਾਂ ਮਾਰਦੇ ਇਕੱਠ ਨੂੰ  ਸੰਬੋਧਨ ਕਰਦਿਆਂ ਸ. ਮਾਨ ਨੇ ਕਿਹਾ ਕਿ ਸਾਨੂੰ ਆਪਣੇ ਹੱਕ ਲੈਣ ਲਈ ਸੰਘਰਸ਼ ਕਰਦਿਆਂ ਬਹੁਤ ਸਮਾਂ ਬੀਤ ਚੁੱਕਿਆ | ਇਸ ਸੰਘਰਸ਼ ਦੌਰਾਨ ਅਸੀਂ ਮਾੜੇ ਤੋਂ ਮਾੜਾ ਸਮਾਂ ਵੀ ਦੇਖਿਆ ਪਰ ਸੰਗਤ ਦੇ ਸਾਥ ਸਦਕਾ ਅਸੀਂ ਕਦੇ ਵੀ ਡੋਲੇ ਨਹੀਂ ਅਤੇ ਆਪਣੇ ਸਟੈਂਡ ਉੱਪਰ ਕਾਇਮ ਹਾਂ। ਸ. ਮਾਨ ਨੇ ਕਿਹਾ ਕਿ ਅਸੀਂ ਖਾਲਸਾ ਰਾਜ ਦੀ ਪੈਰਵੀ ਕਰਦੇ ਹਾਂ, ਜਿਸ ਵਿੱਚ ਸਭ ਨੂੰ  ਬਰਾਬਰ ਅਧਿਕਾਰ ਹੋਣ ਅਤੇ ਕਿਸੇ ਵੀ ਕੌਮ ਉਪਰ ਜੁਲਮ ਨਾ ਹੋਵੇ। ਸ. ਮਾਨ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੀ ਸੋਚ ਸਾਰੇ ਵਰਗਾਂ ਦੇ ਲੋਕਾਂ ਦੀ ਖੁਸ਼ਹਾਲੀ ਹੈ ਅਤੇ ਲੋਕ ਇਸ ਗੱਲ ਨੂੰ  ਸਮਝਣ ਵੀ ਲੱਗੇ ਹਨ, ਜਿਸ ਸਦਕਾ ਚੋਣ ਪ੍ਰਚਾਰ ਦੌਰਾਨ ਸਾਰੇ ਵਰਗਾਂ ਦੇ ਲੋਕਾਂ ਦਾ ਸਾਥ ਮਿਲ ਰਿਹਾ। ਦੂਜੇ ਪਾਸੇ, ਕੇਂਦਰ ਵਿਚਲੀ ਮੋਦੀ ਸਰਕਾਰ ਇੱਕ ਵਿਸ਼ੇਸ਼ ਬਹੁ ਗਿਣਤੀ ਵਰਗ ਨੂੰ  ਧਰਮ ਦੇ ਨਾਂਅ ‘ਤੇ ਗੁੰਮਰਾਹ ਕਰਕੇ ਚੋਣਾਂ ਵਿੱਚ ਜਿੱਤ ਦਰਜ ਕਰਨਾ ਚਾਹੁੰਦੀ ਹੈ। ਸ. ਮਾਨ ਨੇ ਕਿਹਾ ਕਿ ਘੱਟ ਗਿਣਤੀ ਕੌਮਾਂ ਨਾਲ ਕੀਤੇ ਜਾਣ ਵਾਲੇ ਭੇਦਭਾਵ ਨੂੰ  ਰੋਕਣ ਲਈ, ਹੱਕ ਮੰਗਦੇ ਲੋਕਾਂ ਉਪਰ ਕੀਤੇ ਜਾਣ ਵਾਲੇ ਜੁਲਮਾਂ ਦਾ ਹਿਸਾਬ ਲੈਣ ਲਈ, ਲੋਕਾਂ ਦੀ ਆਵਾਜ ਸੰਸਦ ਵਿੱਚ ਜੋਰ-ਸ਼ੋਰ ਨਾਲ ਉਠਾਉਣ ਲਈ ਅਤੇ ਸੂਬੇ ਵਿੱਚ ਰਹਿੰਦੇ ਸਾਰੇ ਵਰਗਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਉਮੀਦਵਾਰਾਂ ਨੂੰ  ਜਿਤਾਉਣਾ ਸਮੇਂ ਦੀ ਲੋੜ ਹੈ । ਇਸ ਮੌਕੇ ਬੀਬੀ ਪਰਮਜੀਤ ਕੌਰ ਖਾਲੜਾ, ਬੀਬੀ ਰਾਜਿੰਦਰ ਕੌਰ ਜੈਤੋ, ਜਥੇਬੰਦਕ ਸਕੱਤਰ ਗੋਵਿੰਦ ਸਿੰਘ ਸੰਧੂ, ਸਮਾਜ ਸੇਵੀ ਪਰਮਿੰਦਰ ਸਿੰਘ ਝੋਟਾ, ਰਫ਼ਤਾਰ ਰਾਇ ਸਮੇਤ ਹੋਰਨਾਂ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ। ਮੰਚ ਸੰਚਾਲਨ ਪੀਏਸੀ ਮੈਂਬਰ ਸ. ਬਹਾਦਰ ਸਿੰਘ ਭਸੌੜ ਨੇ ਕੀਤਾ । ਇਸ ਮੌਕੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ, ਪਾਰਟੀ ਵਰਕਰ ਅਤੇ ਵੱਡੀ ਗਿਣਤੀ ਵਿੱਚ ਹਲਕਾ ਨਿਵਾਸੀ ਹਾਜਰ ਸਨ।

Gee98 Ads
error: Content is protected !!