ਬਰਨਾਲਾ,26 ਜੁਲਾਈ, (ਨਿਰਮਲ ਸਿੰਘ ਪੰਡੋਰੀ)-
ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਵੱਡੇ ਪਿੰਡ ਚੰਨਣਵਾਲ ‘ਚ ਸ਼ੁੱਕਰਵਾਰ ਅਤੇ ਸ਼ਨੀਵਾਰ ਦੀ ਰਾਤ ਨੂੰ ਵਾਪਰੀ ਇੱਕ ਘਟਨਾ ਨੇ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਦੀ ਫੂਕ ਕੱਢ ਦਿੱਤੀ ਹੈ। ਉੰਝ ਭਾਵੇਂ ਸਰਕਾਰ ਨੇ ਨਸ਼ਿਆਂ ਵਿਰੁੱਧ ਸਮੁੱਚੀ ਪੁਲਿਸ ਫੋਰਸ ਸਮੇਤ ਆਮ ਆਦਮੀ ਪਾਰਟੀ ਦੇ ਵੱਡੇ ਆਗੂਆਂ ਨੂੰ ਕੋਆਰਡੀਨੇਟਰ, ਸਹਾਇਕ ਕੁਆਰਡੀਨੇਟਰ ਲਗਾ ਕੇ ਆਪਣੀ ਪੂਰੀ ਤਾਕਤ ਝੋਕੀ ਹੋਈ ਹੈ ਪ੍ਰੰਤੂ ਪਿੰਡਾਂ ‘ਚ ਅਜੇ ਵੀ ਨਸ਼ੇ ਦੇ ਕਾਰਨ ਨੌਜਵਾਨ ਅਜਾਈਂ ਮੌਤ ਮਰ ਰਹੇ ਹਨ। ਪਿੰਡ ਚੰਨਣਵਾਲ ‘ਚ ਨਸ਼ੇ ਦੇ ਕਾਰਨ ਇੱਕ ਨੌਜਵਾਨ ਬੇਅੰਤ ਸਿੰਘ ਉਮਰ ਕਰੀਬ 26 ਸਾਲ ਦੀ ਮੌਤ ਹੋ ਜਾਣ ਦੀ ਖ਼ਬਰ ਨੇ ਸਰਕਾਰ ਦੀ ਨਸ਼ਿਆਂ ਵਿਰੁੱਧ ਯੁੱਧ ‘ਤੇ ਇੱਕ ਵਾਰ ਫੇਰ ਵੱਡੇ ਸਵਾਲ ਖੜੇ ਕੀਤੇ ਹਨ ਕਿ ਆਖ਼ਰ ਸਾਰੀ ਤਾਕਤ ਝੋਕੇ ਜਾਣ ਦੇ ਬਾਵਜੂਦ ਵੀ ਪਿੰਡਾਂ ਵਿੱਚ ਨਸ਼ਾ ਕਿੱਥੋਂ ਆ ਰਿਹਾ ਹੈ। ਮ੍ਰਿਤਕ ਬੇਅੰਤ ਸਿੰਘ ਦਾ ਪੋਸਟਮਾਰਟਮ ਕਰਵਾਉਣ ਸਿਵਲ ਹਸਪਤਾਲ ਬਰਨਾਲਾ ਪੁੱਜੇ ਉਸਦੇ ਪਰਿਵਾਰਕ ਮੈਂਬਰਾਂ ਨੇ ਚੀਕ ਚੀਕ ਕੇ ਕਿਹਾ ਕਿ ਉਹਨਾਂ ਦੇ ਪਿੰਡ ਚੰਨਣਵਾਲ ‘ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਮ੍ਰਿਤਕ ਬੇਅੰਤ ਸਿੰਘ ਦੇ ਭਰਾ ਤੇ ਹੋਰ ਰਿਸ਼ਤੇਦਾਰਾਂ ਨੇ ਪੱਤਰਕਾਰਾਂ ਦੇ ਕੈਮਰਿਆਂ ਸਾਹਮਣੇ ਕਿਹਾ ਕਿ “ਉਹਨਾਂ ਦਾ ਬੇਅੰਤ ਨਸ਼ੇ ਨੇ ਖਾ ਲਿਆ ਹੈ।
ਪਿੰਡ ਦੀ ਮੌਜੂਦਾ ਸਰਪੰਚ ਦੇ ਪਤੀ ਅਤੇ ਸਾਬਕਾ ਸਰਪੰਚ ਗੁਰਜੰਟ ਸਿੰਘ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿੰਡ ਵਿੱਚ ਨਸ਼ਾ ਵਿਕਣ ਦੀ ਪੁਸ਼ਟੀ ਕੀਤੀ। ਸਾਬਕਾ ਸਰਪੰਚ ਗੁਰਜੰਟ ਸਿੰਘ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਉਹਨਾਂ ਨੇ ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਵੀ ਦਿੱਤੀ ਸੀ ਪ੍ਰੰਤੂ ਅਜੇ ਵੀ ਨਸ਼ਾ ਵਿਕ ਰਿਹਾ ਹੈ। ਮ੍ਰਿਤਕ ਨੌਜਵਾਨ ਬੇਅੰਤ ਸਿੰਘ ਦੇ ਸੱਥਰ ‘ਤੇ ਬੈਠੇ ਉਸਦੇ ਪਰਿਵਾਰਕ ਮੈਂਬਰ ਉਸਦੀ ਮੌਤ ‘ਤੇ ਵਿਰਲਾਪ ਕਰਦੇ ਹੋਏ ਵੀ ਬੇਅੰਤ ਸਿੰਘ ਨੂੰ ਨਸ਼ਾ ਦੇਣ ਵਾਲੇ ਨਸਾਂ ਤਸਕਰਾਂ ਦੇ ਨਾਮ ਲੈ ਰਹੇ ਹਨ। ਨਸ਼ੇ ਦੇ ਕਾਰਨ ਹੋ ਰਹੀਆਂ ਮੌਤਾਂ ਹੋਣ ਸਬੰਧੀ ਇਹ ਕਹਿਣਾ ਵਾਜਿਬ ਹੋਵੇਗਾ ਕਿ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਮੰਤਰੀ, ਵਿਧਾਇਕ ਪਿੰਡਾਂ ‘ਚ ਯੁੱਧ ਨਸ਼ਿਆਂ ਵਿਰੁੱਧ ਸਮਾਗਮ ਕਰਕੇ ਆਮ ਲੋਕਾਂ ਨੂੰ ਤਾਂ ਪ੍ਰੇਰਿਤ ਕਰ ਰਹੇ ਹਨ ਕਿ ਨਸ਼ਾ ਤਸਕਰਾਂ ਦੇ ਨਾਮ ਦੱਸੋ ਪ੍ਰੰਤੂ ਜਿਹੜੇ ਆਮ ਆਦਮੀ ਪਾਰਟੀ ਨੇ ਯੁੱਧ ਨਸ਼ਿਆਂ ਵਿਰੁੱਧ ਕੁਆਰਡੀਨੇਟਰ, ਸਹਾਇਕ ਕੁਆਰਡੀਨੇਟਰ ਅਤੇ ਨਸ਼ਾ ਮੁਕਤੀ ਮੋਰਚਾ ਦੇ ਅਹੁਦੇਦਾਰ ਲਗਾਏ ਹਨ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੀ ਹਨ।
ਇਹਨਾਂ ਕੋਆਰਡੀਨੇਟਰਾਂ ਨੂੰ ਪਿੰਡ ਚੰਨਣਵਾਲ ਦੇ ਨਸ਼ਾ ਤਸਕਰਾਂ ਦੀ ਸੂਚੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣੀ ਚਾਹੀਦੀ ਹੈ ਅਤੇ ਖੁਦ ਯੁੱਧ ਨਸ਼ਿਆਂ ਵਿਰੁੱਧ ਦੀ ਮੁਢਲੀ ਕਤਾਰ ‘ਚ ਖੜ ਕੇ ਤਸਕਰਾਂ ਖਿਲਾਫ਼ ਕਾਰਵਾਈ ਕਰਵਾਉਣੀ ਚਾਹੀਦੀ ਹੈ ਤਾਂ ਜੋ ਪਿੰਡ ਚੰਨਣਵਾਲ ਦਾ ਕੋਈ ਹੋਰ ਨੌਜਵਾਨ ਨਸ਼ੇ ਦੇ ਕਾਰਨ ਬੇਵਕਤੀ ਮੌਤ ਨਾ ਮਾਰਿਆ ਜਾਵੇ ਕਿਉਂਕਿ ਬੇਅੰਤ ਸਿੰਘ ਦੀ ਮੌਤ ਤੋਂ ਬਾਅਦ ਉਸਦੇ ਪਰਿਵਾਰਕ ਮੈਂਬਰ ਅਤੇ ਪਿੰਡ ਵਾਲੇ ਪੱਤਰਕਾਰਾਂ ਦੇ ਕੈਮਰਿਆਂ ਸਾਹਮਣੇ ਬੇਬਾਕੀ ਨਾਲ ਆਖ ਰਹੇ ਹਨ ਕਿ ਪਿੰਡ ਵਿੱਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਪਿੰਡ ਵਿੱਚ ਕੁਝ ਸਪਲਾਇਰ, ਨਸ਼ੇੜੀਆਂ ਨੂੰ ਨਸ਼ਾ ਸਪਲਾਈ ਕਰਦੇ ਹੋਣਗੇ ਪਰੰਤੂ ਵੱਡੇ ਸਵਾਲ ਤਾਂ ਇਹੋ ਨੇ ਕਿ ਪਿੰਡ ਵਿੱਚ ਨਸ਼ਾ ਆ ਕਿੱਥੋਂ ਰਿਹਾ ਹੈ। ਦੂਜੇ ਪਾਸੇ ਇਸ ਮਾਮਲੇ ‘ਤੇ ਥਾਣਾ ਮਹਿਲਕਲਾਂ ਦੇ ਐਸਐਚਓ ਸ਼ੇਰਵਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਪਿੰਡ ਚੰਨਣਵਾਲ ਦੇ ਇੱਕ ਨੌਜਵਾਨ ਦੀ ਮੌਤ ਸਬੰਧੀ ਸੂਚਨਾ ਮਿਲੀ ਹੈ, ਜਿਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਫੋਟੋ ਕੈਪਸ਼ਨ-ਮ੍ਰਿਤਕ ਨੌਜਵਾਨ ਬੇਅੰਤ ਸਿੰਘ ਦੀ ਫਾਈਲ ਫੋਟੋ