ਚੰਡੀਗੜ੍ਹ,12 ਜਨਵਰੀ, Gee98 news service-
-4 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਇੱਕ ਮੈਰਿਜ ਪੈਲੇਸ ਵਿੱਚ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਸਰਪੰਚ ਜਰਮਲ ਸਿੰਘ ਵਲਟੋਹਾ ਦੀ ਹੱਤਿਆ ਕਰਨ ਵਾਲੇ ਦੋਵੇਂ ਮੁੱਖ ਸ਼ੂਟਰਾਂ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੰਜਾਬ ਦੇ ਡੀਜੀਪੀ ਸ੍ਰੀ ਗੌਰਵ ਯਾਦਵ ਨੇ ਅੱਜ ਇੱਥੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਦੋਵੇਂ ਮੁੱਖ ਹਮਲਾਵਰਾਂ ਨੂੰ ਪੰਜਾਬ ਪੁਲਿਸ ਨੇ ਰਾਏਪੁਰ ( ਛਤੀਸਗੜ੍ਹ) ਤੋਂ ਗ੍ਰਿਫ਼ਤਾਰ ਕੀਤਾ ਹੈ ਜਿਹੜੇ ਉੱਥੇ ਆਪਣੇ ਰਿਸ਼ਤੇਦਾਰਾਂ ਦੇ ਘਰ ਲੁਕੇ ਹੋਏ ਸਨ। ਡੀਜੀਪੀ ਨੇ ਦੱਸਿਆ ਕਿ ਰਾਏਪੁਰ (ਛਤੀਸਗੜ੍ਹ) ਤੋਂ ਗ੍ਰਿਫ਼ਤਾਰ ਕੀਤੇ ਸੁਖਰਾਜ ਸਿੰਘ ਵਾਸੀ ਤਰਨਤਰਨ ਅਤੇ ਕਰਮਜੀਤ ਸਿੰਘ ਵਾਸੀ ਗੁਰਦਾਸਪੁਰ ਨੇ ਹੀ ਅੰਮ੍ਰਿਤਸਰ ਦੇ ਮੈਰਿਜ ਪੈਲੇਸ ਵਿੱਚ ਇੱਕ ਵਿਆਹ ਸਮਾਗਮ ਦੌਰਾਨ ਸਰਪੰਚ ਜਰਮਲ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਸੀ। ਜਿਸ ਤੋਂ ਬਾਅਦ ਉਹ ਪੰਜਾਬ ਤੋਂ ਬਾਹਰ ਛਤੀਸ਼ਗੜ੍ਹ ਦੌੜ ਗਏ ਸਨ ਜਿਨਾਂ ਨੂੰ ਤਕਨੀਕੀ ਜਾਂਚ ਪੜ੍ਹਤਾਲ ਅਤੇ ਇਨਪੁੱਟ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਦੋਸ਼ੀਆਂ ਨੂੰ ਟਰਾਂਜਿਟ ਰਿਮਾਂਡ ‘ਤੇ ਪੰਜਾਬ ਲਿਆਂਦਾ ਜਾ ਰਿਹਾ ਹੈ। ਡੀਜੀਪੀ ਨੇ ਦੱਸਿਆ ਕਿ ਸਰਪੰਚ ਦੀ ਹੱਤਿਆ ਵਿਦੇਸ਼ ਬੈਠੇ ਪ੍ਰਭ ਦਾਸੂਵਾਲ ਨੇ ਕਰਵਾਈ ਹੈ। ਜਿਸ ਸਬੰਧੀ ਹੋਰ ਵਧੇਰੇ ਪੜ੍ਹਤਾਲ ਕੀਤੀ ਜਾਵੇਗੀ। ਡੀਜੀਪੀ ਨੇ ਕਿਹਾ ਕਿ ਪੰਜਾਬ ‘ਚ ਅਪਰਾਧ ਕਰਨ ਵਾਲਾ ਕੋਈ ਭਾਵੇਂ ਕਿੱਥੇ ਵੀ ਬੈਠਾ ਹੋਵੇ ਪੰਜਾਬ ਪੁਲਿਸ ਉਸਨੂੰ ਕਾਬੂ ਕਰ ਹੀ ਲਵੇਗੀ।










