ਚੰਡੀਗੜ੍ਹ,16 ਜਨਵਰੀ, Gee98 news service-
-ਪੰਜਾਬ ਸਰਕਾਰ ਨੇ ਸੂਬੇ ਦੀਆਂ ਸਰਕਾਰੀ ਬੱਸਾਂ ਵਿੱਚ ਮਹਿਲਾਵਾਂ ਨੂੰ ਆਧਾਰ ਕਾਰਡ ‘ਤੇ ਮੁਫ਼ਤ ਬੱਸ ਸਫ਼ਰ ਕਰਨ ਸਬੰਧੀ ਅਹਿਮ ਐਲਾਨ ਕੀਤਾ ਹੈ। ਸਰਕਾਰ ਆਧਾਰ ਕਾਰਡ ‘ਤੇ ਮੁਫ਼ਤ ਬੱਸ ਸਫ਼ਰ ਸਕੀਮ ਵਿੱਚ ਬਦਲਾਅ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਹੁਣ ਮੁਫ਼ਤ ਬੱਸ ਸਫ਼ਰ ਯੋਜਨਾ ਸਬੰਧੀ ਨਵੇਂ ਨਿਯਮ ਲਾਗੂ ਕਰੇਗੀ ਜਿਸ ਤਹਿਤ ਮਹਿਲਾਵਾਂ ਨੂੰ ਇੱਕ ਸਮਾਰਟ ਕਾਰਡ ਬਣਾ ਕੇ ਦਿੱਤਾ ਜਾਵੇਗਾ ਅਤੇ ਮਹਿਲਾਵਾਂ ਇਸ ਸਮਾਰਟ ਕਾਰਡ ‘ਤੇ ਹੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰ ਸਕਣਗੀਆਂ। ਸਰਕਾਰ ਦਾ ਕਹਿਣਾ ਹੈ ਕਿ ਹੁਣ ਮਹਿਲਾਵਾਂ ਨੂੰ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਨ ਮੌਕੇ ਆਧਾਰ ਕਾਰਡ ਲਿਜਾਣ ਦੀ ਲੋੜ ਨਹੀਂ ਪਵੇਗੀ ਸਗੋਂ ਸਰਕਾਰ ਵੱਲੋਂ ਜਾਰੀ ਕੀਤਾ ਨਵਾਂ ਸਮਾਰਟ ਕਾਰਡ ਦਿਖਾ ਕੇ ਹੀ ਮੁਫ਼ਤ ਸਫ਼ਰ ਕੀਤਾ ਜਾ ਸਕੇਗਾ। ਸਰਕਾਰ ਵੱਲੋਂ ਜਾਰੀ ਕੀਤਾ ਜਾਣ ਵਾਲਾ ਇਹ ਕਾਰਡ RFID ਰੇਡੀਓ ਫਰੈਕੂਐਸੀ ਆਈਡੈਟੀਫਿਕੇਸਨ ਤਕਨੀਕੀ ‘ਤੇ ਅਧਾਰਿਤ ਸਮਾਰਟ ਕਾਰਡ ਹੋਵੇਗਾ, ਜੋ ਮਹਿਲਾਵਾਂ ਦੀ ਪਹਿਚਾਣ ਤੇ ਹੋਰ ਦਸਤਾਵੇਜ਼ਾਂ ਦੀ ਤਸਦੀਕ ਕਰੇਗਾ। ਸਰਕਾਰ ਇਹ ਯੋਜਨਾ 31 ਮਾਰਚ 2026 ਤੋਂ ਲਾਗੂ ਕਰਨ ਜਾ ਰਹੀ ਹੈ। ਪੰਜਾਬ ਸਰਕਾਰ ਇਸ ਯੋਜਨਾ ਸੰਬੰਧੀ ਬਜਟ ਵੀ ਵਧਾਉਣ ਜਾ ਰਹੀ ਹੈ। ਜਿਸ ਤਹਿਤ ਹੁਣ ਸਰਕਾਰ ਟਰਾਂਸਪੋਰਟ ਵਿਭਾਗ ਨੂੰ 750 ਕਰੋੜ ਰੁਪਏ ਤੱਕ ਦਾ ਬਜਟ ਜਾਰੀ ਕਰੇਗੀ। ਇਸ ਤੋਂ ਇਲਾਵਾ ਸਰਕਾਰ ਵਿਦਿਆਰਥੀਆਂ ਨੂੰ ਵੀ ਸਮਾਰਟ ਕਾਰਡ ਜਾਰੀ ਕਰੇਗੀ ਜਿਨਾਂ ਨੂੰ ਮੋਬਾਈਲ ਐਪ ਦੇ ਰਾਹੀਂ ਆਨਲਾਈਨ ਹੀ ਰੀਚਾਰਜ ਕੀਤਾ ਜਾ ਸਕੇਗਾ।










