ਬਰਨਾਲਾ ,16 ਜਨਵਰੀ , Gee98 news service-
-ਬਰਨਾਲਾ ਦੇ ਕੁਝ ਹੋਟਲ ਪਿਛਲੇ ਕਾਫੀ ਸਮੇਂ ਤੋਂ ਚਰਚਾ ਵਿੱਚ ਹਨ। ਇਹਨਾਂ ਹੋਟਲਾਂ ਨਾਲ ਜੁੜੀ ਕੋਈ ਨਾ ਕੋਈ ਘਟਨਾ ਹੋਟਲਾਂ ‘ਚ ਹੁੰਦੀਆਂ ਸਮਾਜ ਵਿਰੋਧੀ ਗਤੀਵਿਧੀਆਂ ਵੱਲ ਧਿਆਨ ਖਿੱਚਦੀ ਹੈ। ਸਥਾਨਕ ਬੱਸ ਸਟੈਂਡ ਦੇ ਨੇੜੇ ਸ਼ੁੱਕਰਵਾਰ ਦੁਪਹਿਰ 12 ਕੁ ਵਜੇ ਇੱਕ ਹੋਟਲ ਨਾਲ ਜੁੜੀ ਅਜਿਹੀ ਘਟਨਾ ਸਾਹਮਣੇ ਆਈ, ਜਿਸ ਦੀ ਸ਼ਹਿਰ ਅੰਦਰ ਖ਼ੂਬ ਚਰਚਾ ਹੋ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹੋਟਲ ਵਿੱਚ ਇੱਕ ਆਸ਼ਿਕ ਆਪਣੀ ਮਿੱਤਰ ਕੁੜੀ ਨੂੰ ਲੈ ਕੇ ਆਇਆ ਸੀ ਜਿੱਥੇ ਦੋਵਾਂ ਨੇ ਇੱਕ ਕਮਰਾ ਬੁੱਕ ਕਰਵਾਇਆ ਪ੍ਰੰਤੂ ਦੋਵਾਂ ਦੇ ਪਿੱਛੇ ਹੀ ਕੁੜੀ ਦਾ ਭਰਾ ਆਪਣੇ ਸਾਥੀਆਂ ਸਮੇਤ ਆਹ ਧਮਕਿਆ ਤੇ ਉਸਨੇ ਆਉਂਦਿਆਂ ਹੀ ਆਸ਼ਕ ਭਾਅਜੀ ਨੂੰ ਹੋਟਲ ਤੋਂ ਘੜੀਸ ਕੇ ਬਾਹਰ ਗਲੀ ਵਿੱਚ ਕੱਢ ਲਿਆ ਜਿੱਥੇ ਉਸ ਦਾ ਖ਼ੂਬ ਕੁਟਾਪਾ ਕੀਤਾ। ਹੋਟਲ ਵਾਲੀ ਗਲੀ ‘ਚ ਕੁੜੀ ਦਾ ਭਰਾ ਤੇ ਉਸ ਦੇ ਮਿੱਤਰ ਆਸਕ ਭਾਅਜੀ ਨੂੰ ਕੁੱਟਦੇ ਰਹੇ ਤੇ ਇਸ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਕੁੜੀ ਫਰਾਰ ਹੋ ਗਈ। ਚਸ਼ਮਦੀਦਾਂ ਅਨੁਸਾਰ ਮੁੰਡੇ ਦੇ ਸਿਰ ਸਮੇਤ ਸਰੀਰ ‘ਤੇ ਹੋਰ ਵੀ ਕਾਫ਼ੀ ਸੱਟਾਂ ਲੱਗੀਆਂ ਜਿਸ ਤੋਂ ਬਾਅਦ ਉਸ ਨੂੰ ਕੁੱਟਣ ਵਾਲੇ ਕੁੜੀ ਦੇ ਭਰਾ ਤੇ ਉਸਦੇ ਮਿੱਤਰ ਮੌਕੇ ਤੋਂ ਫਰਾਰ ਹੋ ਗਏ। ਜ਼ਖ਼ਮੀ ਹੋਏ ਆਸ਼ਕ ਭਾਅਜੀ ਨੇ ਆਪਣੇ ਕਿਸੇ ਜਾਣਕਾਰ ਨੂੰ ਫੋਨ ‘ਤੇ ਬੁਲਾਇਆ ਜਿਹੜੇ ਉਸ ਨੂੰ ਹਸਪਤਾਲ ਲੈ ਕੇ ਗਏ। ਇਹ ਹੋਟਲ ਪਹਿਲਾਂ ਵੀ ਇੱਕ ਵੱਡੀ ਘਟਨਾ ਕਰਕੇ ਚਰਚਾ ਵਿੱਚ ਰਿਹਾ ਹੈ ਪ੍ਰੰਤੂ “ਮਨੀਰਾਮ” ਨੂੰ ਆਪਣੀ ਤਿਜੌਰੀਆਂ ਵਿੱਚ ਬੰਦ ਕਰਨ ਦੀ ਲਾਲਸਾ ਦੇ ਕਾਰਨ ਹੋਟਲ ਮਾਲਕ ਤੇ ਸੰਚਾਲਕ ਸਮਾਜ ਵਿਰੋਧੀ ਗਤੀਵਿਧੀਆਂ ਤੋਂ ਵੀ ਬਾਜ਼ ਨਹੀਂ ਆ ਰਹੇ।










