ਬਰਨਾਲਾ , 22 ਜਨਵਰੀ, ( ਨਿਰਮਲ ਸਿੰਘ ਪੰਡੋਰੀ)-
-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ‘ਤੇ ਕਿਸੇ ਵੀ ਹਾਲਤ ਵਿੱਚ ਦੁਬਾਰਾ ਕਾਬਜ਼ ਨਹੀਂ ਹੋਣ ਦੇਣਾ ਚਾਹੁੰਦੇ। ਸਿਮਰਨਜੀਤ ਸਿੰਘ ਮਾਨ ਵੱਲੋਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਪਾਰਟੀ ਦੀ ਅਪਣਾਈ ਗਈ ਨਵੀਂ ਰਣਨੀਤੀ ਤਾਂ ਇਹੋ ਸਪੱਸ਼ਟ ਕਰਦੀ ਹੈ ਕਿ ਸਰਦਾਰ ਮਾਨ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਅਗਲੀਆਂ ਚੋਣਾਂ ਗੱਠਜੋੜ ਦੀ ਨੀਤੀ ਤਹਿਤ ਲੜਨਾ ਚਾਹੁੰਦੇ ਹਨ। ਮੰਗਲਵਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਵਿਖੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਪੁੱਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ “ਐਤਕੀਂ ਝਾੜੂ ਵਾਲਿਆਂ ਨੂੰ ਰੋਕਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਵੀ ਗੱਠਜੋੜ ਕੀਤਾ ਜਾ ਸਕਦਾ ਹੈ”। ਜਦੋਂ ਪੱਤਰਕਾਰਾਂ ਨੇ ਸਰਦਾਰ ਮਾਨ ਨੂੰ ਪੁੱਛਿਆ ਕਿ ਸੁਖਬੀਰ ਬਾਦਲ ਵੱਲੋਂ ਗੱਠਜੋੜ ਦਾ ਕੋਈ ਹੁੰਗਾਰਾ ਭਰਿਆ ਗਿਆ ਹੈ ਤਾਂ ਉਹਨਾਂ ਕਿਹਾ ਕਿ ‘ਅਜੇ ਤੱਕ ਤਾਂ ਕੋਈ ਹੁੰਗਾਰਾ ਨਹੀਂ ਭਰਿਆ ਪ੍ਰੰਤੂ ਉਹ ਆਪਣੇ ਯਤਨ ਜਾਰੀ ਰੱਖਣਗੇ ਤਾਂ ਜੋ ਦੁਬਾਰਾ ਆਮ ਆਦਮੀ ਪਾਰਟੀ ਨੂੰ ਪੰਜਾਬ ਦੀ ਸੱਤਾ ‘ਤੇ ਕਾਬਜ਼ ਹੋਣ ਤੋਂ ਰੋਕਿਆ ਜਾ ਸਕੇ’। ਸਰਦਾਰ ਮਾਨ ਨੇ ਕਿਹਾ ਕਿ ਪੰਜਾਬ ਦੇ ਰਾਜਨੀਤਿਕ ਹਾਲਾਤ ਇਹੋ ਮੰਗ ਕਰਦੇ ਹਨ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਸੁਹਿਰਦ ਪਾਰਟੀਆਂ ਨੂੰ ਪੰਜਾਬ ਦਾ ਭਵਿੱਖ ਧਿਆਨ ਵਿੱਚ ਰੱਖ ਕੇ ਫੈਸਲੇ ਲੈਣੇ ਚਾਹੀਦੇ ਹਨ। ਪੱਤਰਕਾਰਾਂ ਨੇ ਸਰਦਾਰ ਮਾਨ ਨੂੰ ਪੁੱਛਿਆ ਕਿ ਕੀ ਸ਼੍ਰੋਮਣੀ ਅਕਾਲੀ ਦਲ ਨਾਲ ਗੱਠਜੋੜ ਤੋਂ ਬਾਅਦ ਉਹ ਆਪਣਾ ਖਾਲਿਸਤਾਨ ਦਾ ਏਜੰਡਾ ਛੱਡ ਦੇਣਗੇ ਤਾਂ ਮਾਨ ਨੇ ਦੋ ਟੁੱਕ ਸ਼ਬਦਾਂ ‘ਚ ਕਿਹਾ ਕਿ ਉਹ ਇੱਕ ਵੱਖਰੇ ਸਿੱਖ ਰਾਜ ਦੀ ਸਥਾਪਨਾ ਦਾ ਏਜੰਡਾ ਕਦੇ ਵੀ ਨਹੀਂ ਛੱਡਣਗੇ। ਉਹਨਾਂ ਕਿਹਾ ਕਿ ਗੱਠਜੋੜ ਰਾਜਨੀਤਿਕ ਪਰਿਸਥਿਤੀਆਂ ‘ਤੇ ਅਧਾਰਿਤ ਹੋ ਸਕਦਾ ਹੈ। ਦੂਜੇ ਪਾਸੇ ਇਸੇ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਗੱਠਜੋੜ ਦੇ ਸਵਾਲ ‘ਤੇ ਜਵਾਬ ਦਿੰਦੇ ਹੋਏ ਕਿਹਾ ਕਿ ਪੰਥਕ ਰਵਾਇਤਾਂ ਦੀ ਚੜ੍ਹਦੀ ਕਲਾ ਅਤੇ ਪੰਥਕ ਰਵਾਇਤਾਂ ‘ਤੇ ਪਹਿਰਾ ਦੇਣ ਵਾਲੇ ਗੱਠਜੋੜ ਲਈ ਉਹ ਹਮੇਸ਼ਾ ਤਿਆਰ ਹਨ ਪ੍ਰੰਤੂ ਕੁਰਸੀਆਂ ‘ਤੇ ਕਾਬਜ਼ ਹੋਣ ਲਈ ਗੱਠਜੋੜ ਲਈ ਉਹ ਹਾਮੀ ਨਹੀਂ ਭਰਨਗੇ। ਸਰਦਾਰ ਸੇਵਾ ਸਿੰਘ ਦੇ ਬਰਸੀ ਸਮਾਗਮ ਵਿੱਚ ਪੁੱਜੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਰਾਏ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਗੱਠਜੋੜ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਭਾਜਪਾ ਦੀ ਹਾਈਕਮਾਂਡ ਨੇ ਤੈਅ ਕਰਨਾ ਹੈ। ਜਦੋਂ ਪੱਤਰਕਾਰਾਂ ਨੇ ਸਰਦਾਰ ਰਾਏ ਨੂੰ ਕਿਹਾ ਕਿ ਭਾਜਪਾ ਹਾਈਕਮਾਂਡ ਪੰਜਾਬ ਦੀ ਭਾਜਪਾ ਇਕਾਈ ਨੂੰ ਤਾਂ ਪੁੱਛੇਗੀ ਹੀ, ਤਾਂ ਉਹਨਾਂ ਕਿਹਾ ਕਿ ਜਦੋਂ ਹਾਈਕਮਾਂਡ ਪੁੱਛੇਗੀ, ਉਦੋਂ ਅਸੀਂ ਦੱਸ ਦੇਵਾਂਗੇ। ਭਾਜਪਾ ਆਗੂ ਮਨਜੀਤ ਸਿੰਘ ਰਾਏ ਦੀ ਸਰੀਰਕ ਭਾਸ਼ਾ ਤੋਂ ਸਪੱਸ਼ਟ ਲੱਗਦਾ ਸੀ ਕਿ ਉਹ ਨਿੱਜੀ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਗੱਠਜੋੜ ਦੇ ਹੱਕ ਵਿੱਚ ਨਹੀਂ ਹਨ। ਬਹਰਰਾਲ ! ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਗੱਠਜੋੜ ਸਬੰਧੀ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਦੀ ਰਾਜਨੀਤੀ ‘ਚ ਇੱਕ ਨਵੀਂ ਚਰਚਾ ਸ਼ੁਰੂ ਹੋ ਗਈ ਹੈ। ਸਿਆਸੀ ਮਾਹਿਰ ਵੀ ਇਹ ਮੰਨ ਰਹੇ ਹਨ ਕਿ ਜੇਕਰ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਨਾ ਹੋਇਆ ਤਾਂ ਸਿਮਰਨਜੀਤ ਸਿੰਘ ਮਾਨ ਤੇ ਸੁਖਬੀਰ ਸਿੰਘ ਬਾਦਲ ਸੀਟਾਂ ਦੀ ਵੰਡ ਦੇ ਫਾਰਮੂਲੇ ‘ਤੇ ਚੋਣ ਲੜ ਸਕਦੇ ਹਨ ਕਿਉਂਕਿ ਸੁਖਬੀਰ ਸਿੰਘ ਬਾਦਲ ਲਈ ਵੀ 2027 ਦੀ ਸਿਆਸੀ ਪਾਰੀ ਅਹਿਮ ਹੈ।










