Gee 98News

ਬੇਅਦਬੀ…ਪਿੰਡ ਠੀਕਰੀਵਾਲਾ ਬਰਸੀ ਸਮਾਗਮਾਂ ਦੇ ਪੰਡਾਲ ਅਤੇ ਪਿੰਡ ਦੀਆਂ ਗਲੀਆਂ ‘ਚੋਂ ਮਿਲੇ ਗੁਟਕਾ ਸਾਹਿਬ ਦੇ ਖਿਲਰੇ ਹੋਏ ਅੰਗ

ਬਰਨਾਲਾ 21 ਜਨਵਰੀ, (ਨਿਰਮਲ ਸਿੰਘ ਪੰਡੋਰੀ)-

-ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਵਿਖੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਦੀ ਬਰਸੀ ਸਮਾਗਮਾਂ ਦੌਰਾਨ ਹੀ ਗੁਟਕਾ ਸਾਹਿਬ ਦੇ ਅੰਗਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 19 ਜਨਵਰੀ ਨੂੰ ਬਰਸੀ ਸਮਾਗਮਾਂ ਦੇ ਪੰਡਾਲ ਵਿੱਚ ਗੁਟਕਾ ਸਾਹਿਬ ਦੇ ਅੰਗ ਖਿਲਰੇ ਹੋਏ ਮਿਲੇ, ਜਿਸ ਤੋਂ ਬਾਅਦ ਬਰਸੀ ਸਮਾਗਮਾਂ ਦੀ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ‘ਚ ਰੋਸ ਫੈਲ ਗਿਆ। ਇਸ ਮੰਦਭਾਗੀ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਪੰਡਾਲ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਪਿੰਡ ਦੇ ਇੱਕ ਵਿਅਕਤੀ ਜਗਦੀਪ ਸਿੰਘ ਅਤੇ ਉਸਦੇ ਰਿਸ਼ਤੇਦਾਰ ਰਣਦੀਪ ਸਿੰਘ ਵਾਸੀ ਸੁਲਤਾਨਪੁਰ ਨੇੜੇ ਧੂਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 19 ਜਨਵਰੀ ਤੋਂ ਬਾਅਦ ਵੀ 20 ਅਤੇ 21 ਜਨਵਰੀ ਨੂੰ ਪਿੰਡ ਦੀਆਂ ਗਲੀਆਂ ਵਿੱਚੋਂ ਗੁਟਕਾ ਸਾਹਿਬ ਦੇ ਕੁਝ ਅੰਗ ਖਿਲਰੇ ਹੋਏ ਮਿਲੇ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ 21 ਜਨਵਰੀ ਨੂੰ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਕੋਲ ਚੌਂਕ ਵਿੱਚ ਧਰਨਾ ਲਗਾ ਕੇ ਮੰਗ ਕੀਤੀ ਕਿ ਇਸ ਮੰਦਭਾਗੀ ਘਟਨਾ ਦੇ ਮਾਸਟਰਮਾਈਂਡ ਦੋਸ਼ੀਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਪਿੰਡ ਵਾਸੀ ਭਾਵੇਂ ਪਿੰਡ ਦੇ ਹੀ ਇੱਕ ਵਿਅਕਤੀ ਅਤੇ ਇੱਕ ਉਸ ਦੇ ਰਿਸ਼ਤੇਦਾਰ ਨੂੰ ਤਾਂ ਹਿਰਾਸਤ ਵਿੱਚ ਲੈਣ ਤੋਂ ਸੰਤੁਸ਼ਟ ਹਨ ਪਰੰਤੂ ਪਿੰਡ ਵਾਸੀ ਇਹ ਵੀ ਮੰਗ ਕਰ ਰਹੇ ਹਨ ਕਿ ਗੁਟਕਾ ਸਾਹਿਬ ਦੇ ਜਿਹੜੇ ਅੰਗ ਪਿੰਡ ਦੀਆਂ ਗਲੀਆਂ ਵਿੱਚੋਂ ਮਿਲੇ ਹਨ ਉਹਨਾਂ ਦੇ ਦੋਸ਼ੀਆਂ ਨੂੰ ਵੀ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਇਹ ਇੱਕ ਗਰੁੱਪ ਹੈ ਜਿਸਨੇ ਪੂਰੀ ਸਾਜਿਸ਼ ਤਹਿਤ ਇਹ ਮੰਦਭਾਗੀ ਘਟਨਾ ਨੂੰ ਅੰਜਾਮ ਦਿੱਤਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਪੁਲਿਸ ਨੇ ਠੀਕਰੀਵਾਲ ਦੇ ਜਿਹੜੇ ਜਗਦੀਪ ਸਿੰਘ ਨੂੰ ਉਕਤ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਹੈ ਉਹ ਨਾ ਸੁਣ ਸਕਦਾ ਹੈ ਅਤੇ ਨਾ ਹੀ ਬੋਲ ਸਕਦਾ ਹੈ। ਇਸ ਲਈ ਪਿੰਡ ਵਾਸੀਆਂ ਦਾ ਇਹ ਵੀ ਮੰਨਣਾ ਹੈ ਕਿ ਉਸ ਦੇ ਪਿੱਛੇ ਯਕੀਨਨ ਕੋਈ ਹੋਰ ਸਾਜਿਸ਼ਕਰਤਾ ਹੈ, ਜਿਸ ਨੇ ਇੱਕ ਗੂੰਗੇ ਬੋਲੇ ਵਿਅਕਤੀ ਤੋਂ ਇਸ ਮੰਦਭਾਗੀ ਘਟਨਾ ਨੂੰ ਅੰਜਾਮ ਦਿਵਾਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਨੇ ਇਸ ਮਾਮਲੇ ‘ਚ ਇਨਸਾਫ਼ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਹੈ। ਦੂਜੇ ਪਾਸੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਇਸ ਮਾਮਲੇ ‘ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁਲਿਸ ਨੇ ਦੋ ਵਿਅਕਤੀਆਂ ਨੂੰ ਰਾਊਂਡ ਅੱਪ ਕੀਤਾ ਜਿਨਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਡੀਐਸਪੀ ਬੈਂਸ ਨੇ ਦੱਸਿਆ ਕਿ ਇਸ ਮਾਮਲੇ ‘ਚ ਫੜੇ ਗਏ ਇੱਕ ਗੂੰਗੇ ਬਹਿਰੇ ਵਿਅਕਤੀ ਤੋਂ ਪੁੱਛਗਿੱਛ ਲਈ ਸਪੈਸ਼ਲ ਟੀਚਰ ਦੀ ਮਦਦ ਲਈ ਜਾਵੇਗੀ ਜਿਸ ਤੋਂ ਬਾਅਦ ਜੋ ਵੀ ਇਨਪੁੱਟ ਸਾਹਮਣੇ ਆਵੇਗੀ ਉਸ ਦੇ ਆਧਾਰ ‘ਤੇ ਜਿੱਥੇ ਉਕਤ ਵਿਅਕਤੀਆਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ, ਉੱਥੇ ਹੀ ਇਸ ਮਾਮਲੇ ‘ਚ ਅਗਲੀ ਕਾਰਵਾਈ ਵੀ ਕੀਤੀ ਜਾਵੇਗੀ। ਡੀਐਸਪੀ ਬੈਂਸ ਨੇ ਕਿਹਾ ਕਿ ਇਹ ਇੱਕ ਧਰਮ ਦੀ ਬੇਅਦਬੀ ਨਾਲ ਜੁੜਿਆ ਸੰਜੀਦਾ ਮਾਮਲਾ ਹੈ ਇਸ ਲਈ ਪੁਲਿਸ ਇਸ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

error: Content is protected !!