ਚੰਡੀਗੜ੍ਹ, 22 ਜਨਵਰੀ, Gee98 news service-
-ਪੰਜਾਬ ਸਰਕਾਰ ਅੱਜ ਤੋਂ ਸੂਬੇ ‘ਚ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਯੋਜਨਾ ਸ਼ੁਰੂ ਕਰ ਰਹੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਮੋਹਾਲੀ ਵਿਖੇ ਇੱਕ ਸਮਾਗਮ ਦੌਰਾਨ ਅੱਜ ਇਸ ਯੋਜਨਾ ਦੀ ਸ਼ੁਰੂਆਤ ਕਰਨਗੇ। ਸਰਕਾਰ ਦਾ ਦਾਅਵਾ ਹੈ ਕਿ ਇਸ ਯੋਜਨਾ ਨਾਲ ਸੂਬੇ ਦੇ ਕਰੀਬ 65 ਲੱਖ ਪਰਿਵਾਰਾਂ ਦੇ ਤਿੰਨ ਕਰੋੜ ਮੈਂਬਰਾਂ ਨੂੰ ਲਾਭ ਮਿਲੇਗਾ। ਇਸ ਸਕੀਮ ਦਾ ਲਾਭ ਲੈਣ ਲਈ ਲਾਭਪਾਤਰੀ ਕੋਲ ਪੰਜਾਬ ਦਾ ਆਧਾਰ ਕਾਰਡ ਅਤੇ ਵੋਟਰ ਕਾਰਡ ਹੋਣਾ ਚਾਹੀਦਾ ਹੈ। ਇਸ ਯੋਜਨਾ ਤਹਿਤ ਇੱਕ ਪਰਿਵਾਰ ਦਾ ਇੱਕ ਕਾਰਡ ਬਣਾਇਆ ਜਾਵੇਗਾ ਜਿਸ ‘ਤੇ ਇੱਕ ਸਾਲ ਤੱਕ 10 ਲੱਖ ਤੱਕ ਦਾ ਮੁਫ਼ਤ ਇਲਾਜ ਪਰਿਵਾਰ ਦੇ ਸਾਰੇ ਮੈਂਬਰ ਕਰਵਾ ਸਕਣਗੇ। ਇਹ ਸਕੀਮ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਸੂਬੇ ਦੇ 650 ਪ੍ਰਾਈਵੇਟ ਹਸਪਤਾਲਾਂ ਵਿੱਚ ਵੀ ਸ਼ੁਰੂ ਹੋਵੇਗੀ। ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਇਹ ਵੀ ਕਹਿ ਚੁੱਕੇ ਹਨ ਕਿ ਇਹ ਸਕੀਮ ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਵੀ ਸ਼ੁਰੂ ਹੋਵੇਗੀ। 10 ਲੱਖ ਰੁਪਏ ਤੱਕ ਦੀ ਮੁਫ਼ਤ ਯੋਜਨਾ ਦੇ ਲਈ ਕੋਈ ਆਮਦਨ ਦੀ ਸ਼ਰਤ ਜਾਂ ਉਮਰ ਦੀ ਹੱਦ ਦੀ ਸ਼ਰਤ ਨਹੀਂ ਹੈ। ਪੰਜਾਬ ਸਰਕਾਰ ਦੇ ਦਾਅਵੇ ਮੁਤਾਬਕ ਹਰ ਪੰਜਾਬੀ ਇਸ ਦਾ ਲਾਭ ਲੈ ਸਕੇਗਾ, ਜਿਸ ਤਹਿਤ ਸਰਕਾਰੀ ਕਰਮਚਾਰੀ ਦੀ ਆਉਣਗੇ। ਇਸ ਯੋਜਨਾ ਤਹਿਤ ਦਵਾਈਆਂ/ਟੈਸਟਾਂ ਵਗੈਰਾ ਦਾ ਸਾਰਾ ਖਰਚਾ ਸ਼ਾਮਿਲ ਹੋਵੇਗਾ। ਮਰੀਜ਼ ਹਸਪਤਾਲ ਵਿੱਚ ਦਾਖਲ ਹੋਣ ਸਮੇਂ ਆਪਣਾ ਕਾਰਡ ਦੇਵੇਗਾ ਜਿਸ ਤੋਂ ਬਾਅਦ ਇਸ ਯੋਜਨਾ ਤਹਿਤ ਇਲਾਜ ਸ਼ੁਰੂ ਹੋ ਜਾਵੇਗਾ। ਅੱਜ ਇਸ ਸਕੀਮ ਦੇ ਉਦਘਾਟਨ ਤੋਂ ਬਾਅਦ ਸੇਵਾ ਕੇਂਦਰਾਂ ਤੇ ਹਸਪਤਾਲਾਂ ਵਿੱਚ ਰਜਿਸਟਰੇਸ਼ਨ ਕੈਂਪ ਲੱਗਣਗੇ ਜਿੱਥੇ ਇਸ ਸਕੀਮ ਤਹਿਤ ਕਾਰਡ ਬਣਾਏ ਜਾਣਗੇ। ਇਸ ਯੋਜਨਾ ਦੇ ਕਾਰਡ ਬਣਾਉਣ ਲਈ ਪੰਜਾਬ ਦੇ ਵਸਨੀਕਾਂ ਨੂੰ ਆਪਣਾ ਆਧਾਰ ਕਾਰਡ ਅਤੇ ਵੋਟਰ ਕਾਰਡ ਲੈ ਕੇ ਜਾਣਾ ਹੋਵੇਗਾ।










