ਮਹਿਲ ਕਲਾਂ 22 ਜਨਵਰੀ ( ਜਸਵੰਤ ਸਿੰਘ ਲਾਲੀ)-
ਅੱਜ ਸਵੇਰੇ ਤੜਕਸਾਰ ਹੀ ਤਕ਼ਰੀਬਨ 8.30 ਵਜੇ ਦੇ ਕਰੀਬ ਕੁਰੜ ਤੋਂ ਬਰਨਾਲਾ ਜਾ ਰਹੀ ਸਤਨਾਮ ਮਿੰਨੀ ਬੱਸ ਪਿੰਡ ਮਹਿਲ ਖੁਰਦ ਵਿਖੇ ਸਰਕਾਰੀ ਹਾਈ ਸਕੂਲ ਦੇ ਕੋਲ ਇੱਕ ਹਾਦਸੇ ਦਾ ਸ਼ਿਕਾਰ ਹੋ ਗਈ । ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਪਿੰਡ ਕੁਰੜ ਤੋਂ ਰੋਜ਼ਾਨਾ ਦੀ ਤਰ੍ਹਾਂ ਬਰਨਾਲਾ ਵਿਖੇ ਜਾ ਰਹੀ ਸੀ । ਜਿਸ ਵਿੱਚ ਸਰਕਾਰੀ ਹਾਈ ਸਕੂਲ ਮਹਿਲ ਖੁਰਦ ਦੀਆਂ ਲੜਕੀਆਂ ਅਤੇ ਨਰਸਿੰਗ ਕਾਲਜ ਦੀਆਂ ਲੜਕੀਆਂ ਤੋਂ ਇਲਾਵਾ ਹੋਰ ਪਿੰਡਾਂ ਦੀਆਂ ਸਵਾਰੀਆਂ ਵੀ ਮੌਜੂਦ ਸਨ । ਜਦੋਂ ਇਹ ਬੱਸ ਪਿੰਡ ਮਹਿਲ ਖੁਰਦ ਵਿਖੇ ਪਹੁੰਚੀ ਤਾਂ ਅਚਾਨਕ ਸੜਕ ਦੇ ਇੱਕ ਕਿਨਾਰੇ ਦੇ ਉੱਪਰ ਮਿੱਟੀ ਘੱਟ ਹੋਣ ਕਾਰਨ ਇੱਕ ਸਾਈਡ ਦੱਬ ਜਾਣ ਕਾਰਨ ਖੇਤ ਵਿੱਚ ਪਲਟ ਗਈ। ਇਸ ਸੜਕ ਹਾਦਸੇ ਵਿੱਚ ਖੁਸ਼ਕਿਸਮਤੀ ਨਾਲ ਭਾਵੇਂ ਕੋਈ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਕਈ ਸਵਾਰੀਆਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈਆਂ। ਜਿਨਾਂ ਨੂੰ 108 ਐਂਬੂਲੈਂਸ ਦੇ ਡਰਾਈਵਰ ਤਰਸੇਮ ਸਿੰਘ ਮਹਿਲ ਖੁਰਦ ਈ ਐਮ ਪੀ ਖੁਸ਼ਵੀਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਪਿੰਡ ਵਾਸੀਆਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਿਵਲ ਹਸਪਤਾਲ ਮਹਿਲ ਕਲਾਂ ਵਿਖੇ ਪਹੁੰਚਾਇਆ। ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਿਸ ਥਾਣਾ ਮਹਿਲ ਕਲਾਂ ਦੀ ਪੁਲਿਸ ਪਾਰਟੀ ਨੇ ਪੁੱਜ ਕੇ ਬੱਸ ਪਲਟਣ ਦੇ ਕਾਰਨਾਂ ਦੀ ਪੜ੍ਹਤਾਲ ਕੀਤੀ।










