ਬਰਨਾਲਾ, 03 ਅਕਤੂਬਰ (ਨਿਰਮਲ ਸਿੰਘ ਪੰਡੋਰੀ) :
ਬੇਰੁਜ਼ਗਾਰ ਈਟੀਟੀ ਟੈੱਟ ਪਾਸ 2364 ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਬੇਰੁਜ਼ਗਾਰ ਅਧਿਆਪਕਾਂ ਨੇ ਮੁੱਖ ਮੰਤਰੀ ਦੇ ਸ਼ਹਿਰ ’ਚ ਸੂਬਾ ਪੱਧਰੀ ਮਰਨ ਵਰਤ ਸ਼ੁਰੂ ਕਰ ਦਿੱਤਾ ਹੈ। ਇਹ ਅਧਿਆਪਕ ਪਿਛਲੇ ਲੰਮੇ ਸਮੇਂ ਤੋਂ ਆਪਣੇ ਰੁਜ਼ਗਾਰ ਦੀ ਖ਼ਾਤਰ ਸੰਘਰਸ਼ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੇ ਸ਼ਹਿਰ ਸੰਗਰੂਰ ’ਚ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਯੂਨੀਅਨ ਦੇ ਸੂੁਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਸਿੰਘ ਮਾਨਸਾ ਨੇ ਮਰਨ ਵਰਤ ਰੱਖਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਟੈੱਟ ਪਾਸ 2364 ਈਟੀਟੀ ਅਧਿਆਪਕਾ ਦੀ ਭਰਤੀ ਮਾਰਚ 2020 ’ਚ ਆਈ ਸੀ ਜਿਸ ਮਗਰੋ ਪੂਰੀ ਭਰਤੀ ਪ੍ਰਕਿਰਿਆ ਮੁਕੰਮਲ ਹੋਈ ਪ੍ਰੰਤੂ ਅਜੇ ਤੱਕ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਜਾਰੀ ਨਹੀਂ ਕੀਤੇ ਗਏ ਕਿਉਂਕਿ ਭਰਤੀ ਸੰਬੰਧੀ ਕਈ ਕੇਸ ਹਾਈਕੋਰਟ ’ਚ ਲੱਗੇ ਹੋਏੇ ਹਨ। ਉਨ੍ਹਾਂ ਦੱਸਿਆ ਕਿ ਮਾਨਯੋਗ ਹਾਈਕੋਰਟ ਵੱਲੋਂ ਸਰਕਾਰ ਨੂੰ ਭਰਤੀ ਨਾਲ ਸੰਬੰਧਿਤ ਬੋਰਡ ਦਾ ਹਲਫਨਾਮਾ ਦਾਖਿਲ ਕਰਨ ਲਈ ਕਿਹਾ ਗਿਆ ਹੈ ਪ੍ਰੰਤੂ ਸਰਕਾਰ ਇਹ ਹਲਫਨਾਮਾ ਨਹੀਂ ਦੇ ਰਹੀ ਅਤੇ ਸਰਕਾਰ ਬਿਨਾਂ ਕਿਸੇ ਕਾਰਨ ਤੋਂ ਹਾਈਕੋਰਟ ਵਿੱਚ ਚੱਲ ਰਹੇ ਕੇਸ ਨੂੰ ਲਟਕਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਸ ਦੀ ਸੁਣਵਾਈ 23 ਅਗਸਤ 2022 ਨੂੰ ਹੋਈ ਸੀ ਜਿਸ ਤੋਂ ਬਾਅਦ ਸਰਕਾਰ ਵੱਲੋਂ ਈਟੀਟੀ ਅਧਿਆਪਕਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ 15 ਦਿਨਾਂ ਦੇ ਅੰਦਰ-ਅੰਦਰ ਹਲਫਨਾਮਾ ਦਾਇਰ ਕੀਤਾ ਜਾਵੇਗਾ ਪ੍ਰੰਤੂ ਸਰਕਾਰ ਵੱਲੋਂ ਅਜੇ ਤੱਕ ਕੋਈ ਪ੍ਰਕਿਰਿਆ ਸ਼ੁੂਰੂ ਨਹੀਂ ਕੀਤੀ ਗਈ ਇਸ ਲਈ ਰੋਸ ਵਜੋਂ ਮੁੱਖ ਮੰਤਰੀ ਦੇ ਸ਼ਹਿਰ ਅੰਦਰ ਮਰਨ ਵਰਤ ਸ਼ੁਰੂ ਕੀਤਾ ਗਿਆ ਹੈ ਜੋ ਉਦੋ ਤੱਕ ਜਾਰੀ ਰਹੇਗਾ ਜਦੋ ਤੱਕ ਸਰਕਾਰ 2364 ਅਧਿਆਪਕਾਂ ਦੀ ਭਰਤੀ ਬਹਾਲ ਕਰਵਾਉਣ ਲਈ ਹਲਫਨਾਮਾ ਦਾਇਰ ਨਹੀਂ ਕਰਦੀ। ਇਸ ਮੌਕੇ ਯੂਨੀਅਨ ਦੇ ਸੂਬਾ ਪੱਧਰੀਆਂ ਆਗੂਆਂ ਸਮੇਤ ਭਰਵੀਂ ਗਿਣਤੀ ਵਿੱਚ ਬੇਰੁਜ਼ਗਾਰ ਈਟੀਟੀ ਅਧਿਆਪਕ ਹਾਜ਼ਰ ਸਨ।









