ਬਰਨਾਲਾ, 03 ਅਕਤੂਬਰ (ਨਿਰਮਲ ਸਿੰਘ ਪੰਡੋਰੀ ) :
ਬਰਨਾਲਾ ਪ੍ਰਸਾਸ਼ਨ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਾਉਣ ਸੰਬੰਧੀ ਕਿਸਾਨਾ ਨੂੰ ਜਾਗਰੂਕ ਕਰਨ ਲਈ ਚਾਰ ਗੱਡੀਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਇਨਾਂ ਗੱਡੀਆਂ ਉੱਪਰ ਲਾਊਡ ਸਪੀਕਰ ਰਾਹੀਂ ਵਾਤਾਵਰਣ ਦੀ ਸ਼ੁੱਧਤਾ, ਮਿੱਟੀ ਦੀ ਉਪਜਾਊ ਸ਼ਕਤੀ, ਘੱਟਦੇ ਪਾਣੀ ਦੇ ਪੱਧਰ, ਪਰਾਲੀ ਦੇ ਯੋਗ ਪ੍ਰਬੰਧਨ ਲਈ ਮਸ਼ੀਨਾਂ ਦੀ ਵਰਤੋਂ ਲਈ ਪ੍ਰੇਰਿਤ ਕਰਨ ਲਈ ਕਿਸਾਨਾਂ ਨੂੰ ਸੁਨੇਹਾ ਦਿੱਤਾ ਜਾਵੇਗਾ। ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਇਨਾਂ ਚਾਰ ਗੱਡੀਆਂ ਨੂੰ ਹਰੀ ਝੰਡੀ ਦੇਣ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਦੀ ਸ਼ੁੱਧਤਾ ਪ੍ਰਤੀ ਆਪਣੀ ਜ਼ਿੰਮੇਵਰੀ ਨਿਭਾਉਣ ਲਈ ਸਾਨੂੰ ਸਾਰਿਆਂ ਨੂੰ ਸਵੈ-ਇੱਛਾ ਨਾਲ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਅਜੋਕੇ ਸਮੇਂ ’ਚ ਵਾਤਾਵਰਣ ਪ੍ਰਦੂਸ਼ਨ ਮਨੁੱਖੀ ਜੀਵਨ ਦੇ ਨਾਲ-ਨਾਲ ਹੋਰ ਜੀਵ-ਜੰਤੂਆਂ ਲਈ ਵੀ ਖ਼ਤਰਨਾਕ ਰੂਪ ਧਾਰਨ ਕਰਦਾ ਜਾ ਰਿਹਾ ਹੈ। ਕਿਸਾਨਾਂ ਨੂੰ ਜਾਗਰੂਕ ਕਰਨ ਲਈ ਇਸ ਪ੍ਰੋਜੈਕਟ ਵਿੱਚ ਨੇਚਰ ਕੰਜਰਵੈਨਸੀ (ਟੀਐਮਸੀ) ਵੱਲੋਂ ਪੰਜਾਬ ਵਿੱਚ ਪ੍ਰਾਣਾ ਪ੍ਰੋਜੈਕਟ ਅਧੀਨ ਸਹਿਯੋਗ ਦਿੱਤਾ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਸੰਸਥਾ ਦੇ ਕੋਆਰਡੀਨੇਟਰ ਧਰਮਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਟੀਐਮਸੀ ਵਿਸ਼ਵ ਪੱਧਰੀ ਸੰਸਥਾ ਹੈ ਜੋ 90 ਦੇਸ਼ਾਂ ਵਿੱਚ ਵਾਤਾਵਰਣ ਅਤੇ ਮਿੱਟੀ ਦੀ ਸੰਭਾਲ ਲਈ ਕੰਮ ਕਰ ਰਹੀ ਹੈ। ਉਨਾਂ ਦੱਸਿਆ ਕਿ ਟੀਐਮਸੀ ਪੰਜਾਬ ’ਚ ਪ੍ਰਾਣਾ ਪੋਜੈਕਟ ਅਧੀਨ ਕੰਮ ਕਰ ਰਹੀ ਹੈ , ਜਿਸ ਤਹਿਤ ਕਿਸਾਨਾਂ ਨੂੰ ਮਿੱਟੀ ਦੀ ਸਾਂਭ-ਸੰਭਾਲ ਸਹੀ ਤਰੀਕੇ ਨਾਲ ਕਰਦੇ ਹੋਏ ਘੱਟ ਪਾਣੀ ਵਾਲੀਆਂ ਫਸਲਾਂ ਨੂੰ ਉਤਸ਼ਾਹਿਤ ਕਰਨਾ ਹੈ।









