Gee 98News

ਮਗਨਰੇਗਾ : ਕੈਗ ਦੀ ਰਿਪੋਰਟ ਨੇ ਪੰਜਾਬ ‘ਚ ਘਪਲਿਆਂ ਦੇ ਖੋਲੇ ਭੇਤ

ਬਰਨਾਲਾ 10 ਮਾਰਚ (ਨਿਰਮਲ ਸਿੰਘ ਪੰਡੋਰੀ)-

ਭਾਰਤ ਦੇ ਕੰਪਟ੍ਰੋਲਰ ਅਤੇ ਆਡੀਟਰ ਜਨਰਲ (ਕੈਗ) ਦੀ ਸਾਲ- 2023 ਦੀ ਪਹਿਲੀ ਰਿਪੋਰਟ ਨੇ ਮਗਨਰੇਗਾ ਦੇ ਕੁਝ ਅਧਿਕਾਰੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਹੈ । ਕੈਗ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਇਹਨਾਂ ਸਾਰੇ ਅਧਿਕਾਰੀਆਂ ਖਿਲਾਫ਼ ਸਖਤ ਕਾਰਵਾਈ ਕਰਕੇ ਇਹਨਾਂ ਤੋਂ ਪੈਸੇ ਦੀ ਵਸੂਲੀ ਵੀ ਕੀਤੀ ਜਾਵੇ। ਕੈਗ ਦੀ ਰਿਪੋਰਟ ਅਨੁਸਾਰ ਮਗਨਰੇਗਾ ਸਕੀਮ ਤਹਿਤ ਪੰਜਾਬ ‘ਚ ਵੱਡੀਆਂ ਬੇਨਿਯਮੀਆਂ ਸਾਹਮਣੇ ਆਈਆਂ ਹਨ। ਰਿਪੋਰਟ ਅਨੁਸਾਰ ਕੁਝ ਪ੍ਰੋਜੈਕਟਾਂ ਉਪਰ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਪੈਸੇ ਦੀ ਅਦਾਇਗੀ ਨਹੀਂ ਕੀਤੀ ਗਈ ਜਦ ਕਿ ਕੁਝ ਕੰਮਾਂ ਵਿੱਚ ਵਰਤੇ ਗਏ ਉਸਾਰੀ ਦੇ ਸਮਾਨ ਦੀ ਅਦਾਇਗੀ ਵੀ ਸਪਲਾਈ ਕਰਨ ਵਾਲਿਆਂ ਨੂੰ ਨਹੀਂ ਦਿੱਤੀ ਗਈ ਜਿਸ ਕਾਰਨ ਪ੍ਰਾਜੈਕਟ ਅਧੂਰੇ ਰਹੇ ਕਿਉਂਕਿ ਸਪਲਾਈ ਕਰਨ ਵਾਲਿਆਂ ਨੇ ਸਮਾਨ ਦੀ ਸਪਲਾਈ ਬੰਦ ਕਰ ਦਿੱਤੀ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਕੁਝ ਪ੍ਰੋਜੈਕਟਾਂ ਦੇ ਅੱਧੇ ਅਧੂਰੇ ਰਹਿਣ ਦੇ ਬਾਵਜੂਦ ਵੀ ਅਧਿਕਾਰੀਆਂ ਨੇ ਪ੍ਰਜੈਕਟ ਮੁਕੰਮਲ ਹੋਣ ਦੀ ਰਿਪੋਰਟ ਭੇਜ ਦਿੱਤੀ ਪ੍ਰੰਤੂ ਜਦ ਕੈਗ ਦੇ ਅਧਿਕਾਰੀਆਂ ਨੇ ਮੌਕੇ ‘ਤੇ ਜਾ ਕੇ ਵੇਖਿਆ ਤਾਂ ਪ੍ਰਾਜੈਕਟ ਅਧੂਰੇ ਦੇਖੇ ਗਏ । ਕੈਗ ਦੀ ਰਿਪੋਰਟ ਅਨੁਸਾਰ ਪੰਜਾਬ ‘ਚ ਕੁਝ ਥਾਵਾਂ ‘ਤੇ ਮਗਨਰੇਗਾ ਸਕੀਮ ਤਹਿਤ ਕੀਤੇ ਕੰਮਾਂ ਵਿੱਚ ਇੱਕ ਇੱਟ ਵੀ ਨਹੀਂ ਲਗਾਈ ਪ੍ਰੰਤੂ ਅਦਾਇਗੀ ਪੂਰੀ ਕਰ ਲਈ ਗਈ। ਰਿਪੋਰਟ ਅਨੁਸਾਰ 2016 ਤੋਂ 2021 ਤੱਕ ਮਗਨਰੇਗਾ ਸਕੀਮ ਤਹਿਤ ਵੱਖ-ਵੱਖ ਪ੍ਰਾਜੈਕਟਾਂ ਲਈ 743 ਕਰੋੜ ਦਾ ਸਾਮਾਨ ਖਰੀਦਿਆ ਗਿਆ ਜਿਸ ਵਿਚੋ 381.42 ਕਰੋੜ ਰੁਪਏ ਮਾਲ ਸਪਲਾਈ ਕਰਨ ਵਾਲਿਆਂ ਨੂੰ ਨਹੀਂ ਦਿੱਤੇ ਗਏ। ਰਿਪੋਰਟ ਵਿੱਚ ਕੀਤੇ ਗਏ ਕੰਮਾਂ ਦੇ ਰਿਕਾਰਡ ਦੀ ਠੀਕ ਢੰਗ ਨਾਲ ਸਾਂਭ-ਸੰਭਾਲ ਨਾ ਕਰਨ ਦੇ ਵੇਰਵੇ ਵੀ ਸਾਹਮਣੇ ਆਏ ਹਨ।

error: Content is protected !!