Skip to main content

Gee 98News

ਇਸ਼ਕ ‘ਚ ਅੰਨ੍ਹੀ ਭਰਜਾਈ ਨੇ ਦਿਓਰ ਮਰਵਾਤਾ…ਪੁਲਿਸ ਨੇ ਦੱਸੀ ਪਿੰਡ ਸੇਖਾ ਦੇ ਨੌਜਵਾਨ ਦੇ ਕਤਲ ਦੀ ਕਹਾਣੀ

– ਭਰਜਾਈ ਸਮੇਤ 4 ਜਣੇ ਗ੍ਰਿਫ਼ਤਾਰ ਅਤੇ ਦੋ ਫ਼ਰਾਰ

ਬਰਨਾਲਾ, 20 ਅਕਤੂਬਰ ( ਨਿਰਮਲ ਸਿੰਘ ਪੰਡੋਰੀ )-

-ਬਰਨਾਲਾ ਜ਼ਿਲ੍ਹੇ ਦੇ ਪਿੰਡ ਸੇਖਾ ਤੋਂ 16 ਅਕਤੂਬਰ ਦੀ ਸ਼ਾਮ ਅਗਵਾ ਹੋਏ ਨੌਜਵਾਨ ਗੁਰਦੀਪ ਸਿੰਘ ਦੇ ਕਤਲ ਦੇ ਪਿਛਲਾ ਕਾਰਨ ਵੀ ਨਾਜਾਇਜ਼ ਸਬੰਧ ਹੀ ਨਿਕਲੇ। ਜ਼ਿਲ੍ਹਾ ਪੁਲਿਸ ਹੈੱਡ ਕੁਆਰਟਰ ‘ਤੇ ਪ੍ਰੈਸ ਕਾਨਫਰੰਸ ਦੌਰਾਨ ਡੀਐਸਪੀ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਨੂੰ ਅਗਵਾ ਕਰਕੇ ਕਤਲ ਦੇ ਜੁਰਮ ਦੇ ਮੁੱਖ ਦੋਸ਼ੀ ਜਗਦੇਵ ਸਿੰਘ ਦੇਬੀ ਦੇ ਗੁਰਦੀਪ ਸਿੰਘ ਦੀ ਸਕੀ ਭਰਜਾਈ ਨਿੱਕੀ ਕੌਰ ਉਰਫ਼ ਰਮਨ ਨਾਲ ਨਾਜਾਇਜ਼ ਸਬੰਧ ਸਨ ਜਿਸ ਤੋਂ ਗੁਰਦੀਪ ਸਿੰਘ ਦੋਵਾਂ ਨੂੰ ਵਰਜਦਾ ਸੀ। ਪੁਲਿਸ ਅਨੁਸਾਰ ਦੋਸ਼ੀ ਜਗਦੇਵ ਸਿੰਘ ਨੇ ਪੁੱਛਗਿਛ ਦੌਰਾਨ ਮੰਨਿਆ ਕਿ ਇਸੇ ਰੰਜਿਸ਼ ਕਰਕੇ ਹੀ ਉਹਨਾਂ ਨੇ ਗੁਰਦੀਪ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ। ਉਹਨਾਂ ਦੱਸਿਆ ਕਿ ਮੁੱਖ ਦੋਸ਼ੀ ਜਗਦੇਵ ਸਿੰਘ ਅਤੇ ਮ੍ਰਿਤਕ ਗੁਰਦੀਪ ਸਿੰਘ ਦੀ ਆਪਸ ਵਿੱਚ ਨੇੜਲੀ ਰਿਸ਼ਤੇਦਾਰੀ ਸੀ ਇਸੇ ਕਰਕੇ ਜਗਦੇਵ ਸਿੰਘ ਦਾ ਘਰ ਆਉਣਾ ਜਾਣਾ ਆਮ ਹੀ ਸੀ ਅਤੇ ਇਸੇ ਦੌਰਾਨ ਹੀ ਉਸਨੇ ਨਿੱਕੀ ਕੌਰ ਨਾਲ ਸਬੰਧ ਸਥਾਪਿਤ ਕੀਤੇ ਅਤੇ ਦੋਵਾਂ ਦੀ ਇਹ ਇਸ਼ਕ ਕਹਾਣੀ ਗੁਰਦੀਪ ਸਿੰਘ ਦੀ ਮੌਤ ਦਾ ਕਾਰਨ ਬਣ ਗਈ ਕਿਉਂਕਿ ਗੁਰਦੀਪ ਸਿੰਘ ਦੋਵਾਂ ਨੂੰ ਇਹਨਾਂ ਸੰਬੰਧਾਂ ਤੋਂ ਰੋਕਦਾ ਸੀ। ਪੁਲਿਸ ਨੇ ਇਹ ਵੀ ਦੱਸਿਆ ਕਿ ਜਗਦੇਵ ਸਿੰਘ ਅਤੇ ਨਿੱਕੀ ਕੌਰ ਦੇ ਸੰਬੰਧਾਂ ਬਾਰੇ ਪਰਿਵਾਰ ਵਿੱਚ ਗੁਰਦੀਪ ਸਿੰਘ ਤੋਂ ਬਿਨਾਂ ਕਿਸੇ ਹੋਰ ਨੂੰ ਜਾਣਕਾਰੀ ਨਹੀਂ ਸੀ। ਪੁਲਿਸ ਅਨੁਸਾਰ ਦੋਸ਼ੀ ਨੇ ਮੰਨਿਆ ਕਿ ਜਦੋਂ ਗੁਰਦੀਪ ਸਿੰਘ ਦੋਵਾਂ ਨੂੰ ਵਰਜਦਾ ਸੀ ਤਾਂ ਨਿੱਕੀ ਕੌਰ ਨੇ ਹੀ ਜਗਦੇਵ ਸਿੰਘ ਨੂੰ ਉਕਸਾਇਆ ਕਿ ਹੁਣ ਇਸ ਨੂੰ ਰਾਹ ਵਿੱਚੋਂ ਹਟਾਉਣਾ ਹੀ ਪਵੇਗਾ ਜਿਸ ਤੋਂ ਬਾਅਦ ਜਗਦੇਵ ਸਿੰਘ ਨੇ ਗੁਰਦੀਪ ਸਿੰਘ ਦੇ ਕਤਲ ਦੀ ਯੋਜਨਾ ਬਣਾਈ ਅਤੇ ਆਪਣੇ ਕੁਝ ਸਾਥੀਆਂ ਨੂੰ ਨਾਲ ਲੈ ਕੇ ਉਸਨੂੰ 16 ਅਕਤੂਬਰ ਨੂੰ ਸ਼ਾਮ ਸਮੇਂ ਅਗਵਾ ਕੀਤਾ ਅਤੇ ਗੱਡੀ ਵਿੱਚ ਹੀ ਮਾਰ ਕੇ ਉਸਦੀ ਲਾਸ਼ ਸ਼ਹਿਣਾ ਨਹਿਰ ਵਿੱਚ ਸੁੱਟ ਦਿੱਤੀ। ਪੁਲਿਸ ਨੇ ਦੱਸਿਆ ਕਿ ਨਹਿਰ ਵਿੱਚ ਜਿਸ ਵੇਲੇ ਗੁਰਦੀਪ ਸਿੰਘ ਦੀ ਲਾਸ਼ ਸੁੱਟੀ ਗਈ ਉਸ ਵੇਲੇ ਪਾਣੀ ਘੱਟ ਸੀ ਜਿਸ ਕਰਕੇ ਲਾਸ਼ ਨਹਿਰ ਦੇ ਕਿਨਾਰੇ ਹੀ ਪਈ ਰਹੀ। ਪਿੰਡ ਸੇਖਾ ਦੇ ਅਗਵਾ ਹੋਏ ਨੌਜਵਾਨ ਗੁਰਦੀਪ ਸਿੰਘ ਦੇ ਕਤਲ ਦੀ ਕਹਾਣੀ ਸੁਲਝਾਉਣ ਵਾਲੇ ਐਸਐਚਓ ਸਿਟੀ-2 ਚਰਨਜੀਤ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁੱਖ ਦੋਸ਼ੀ ਜਗਦੇਵ ਸਿੰਘ ਦੇਬੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਦੀ ਪੁੱਛਗਿਛ ਦੇ ਅਧਾਰ ‘ਤੇ ਪਰਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ, ਨਿਸ਼ੂ ਸਿੰਘ ਪੁੱਤਰ ਜਰਨੈਲ ਸਿੰਘ ਵਾਸੀਆਨ ਪੱਖੋਕੇ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਹਨਾਂ ਤੋਂ ਇਲਾਵਾ ਦੋ ਹੋਰ ਦੋਸ਼ੀ ਜਸ਼ਨਦੀਪ ਸਿੰਘ ਉਰਫ ਮਿੱਡਾ ਪੁੱਤਰ ਦਰਸ਼ਨ ਸਿੰਘ ਵਾਸੀ ਗੁਰਸੇਵਕ ਨਗਰ ਬਰਨਾਲਾ ਜਸਪ੍ਰੀਤ ਸਿੰਘ ਉਰਫ ਬੱਬੂ ਪੁੱਤਰ ਰਘਵੀਰ ਸਿੰਘ ਵਾਸੀ ਗੁਰਸੇਵਕ ਨਗਰ ਬਰਨਾਲਾ ਹਾਲ ਆਬਾਦ ਨੇੜੇ ਭਾਗ ਪੈਲੇਸ ਚੀਮਾ ਅਤੇ ਨਿੱਕੀ ਕੌਰ ਰਮਨ ਪਤਨੀ ਅੰਮ੍ਰਿਤਪਾਲ ਸਿੰਘ ਵਾਸੀ ਭੈਣੀ ਪੱਤੀ ਸੇਖਾ ਨੂੰ ਵੀ ਨਾਮਜ਼ਦ ਕੀਤਾ ਗਿਆ ਜਿਨਾਂ ਵਿੱਚੋਂ ਜਸ਼ਨਦੀਪ ਸਿੰਘ ਅਤੇ ਜਸਪ੍ਰੀਤ ਸਿੰਘ ਫਰਾਰ ਹਨ ਅਤੇ ਬਾਕੀ ਸਾਰਿਆਂ ਨੂੰ ਗ੍ਰਿਫ਼ਤਾਰ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ‘ਚ ਪਹਿਲਾਂ ਗੁਰਦੀਪ ਸਿੰਘ ਦੇ ਪਿਤਾ ਰਾਜ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮੁਕੱਦਮਾ ਨੰਬਰ 522 ਮਿਤੀ 17 ਅਕਤੂਬਰ ਅਧੀਨ ਧਾਰਾ 127(2) ਅਤੇ 127(6) ਦਰਜ ਕੀਤਾ ਸੀ ਅਤੇ ਹੁਣ ਵਾਧਾ ਜੁਰਮ ਕਰਦੇ ਹੋਏ ਕਤਲ ਦੀ ਧਾਰਾ ਵੀ ਜੋੜੀ ਗਈ ਹੈ।

Gee98 Ads
error: Content is protected !!