Skip to main content

Gee 98News

ਸਬਜ਼ੀ ਮੰਡੀ ਦੀ ਪ੍ਰਧਾਨਗੀ : ਪੈ ਗਿਆ ਰੇੜਕਾ…ਰਾਜਨੀਤੀ ਨੇ ਫ਼ਲਾਂ ਦੀ ਮਹਿਕ ਕੀਤੀ ਫਿੱਕੀ

ਬਰਨਾਲਾ 26 ਜੂਨ ( ਨਿਰਮਲ ਸਿੰਘ ਪੰਡੋਰੀ )-ਸਥਾਨਕ ਸਬਜ਼ੀ ਮੰਡੀ ‘ਚ ਫਰੂਟ ਅਤੇ ਸਬਜ਼ੀ ਮੰਡੀ ਐਸੋਸੀਏਸ਼ਨ ਵਿੱਚ ਆਪਸੀ ਫੁੱਟ ਦੀ ਗਰਮਾਇਸ਼ ਨੇ ਸਬਜ਼ੀਆਂ ਅਤੇ ਫਲਾਂ ਦੀ ਮਹਿਕ ਨੂੰ ਫਿੱਕਾ ਕਰ ਦਿੱਤਾ ਹੈ । ਪ੍ਰਦੀਪ ਸਿੰਗਲਾ ਨੂੰ ਐਸੋਸੀਏਸ਼ਨ ਦੇ ਕੁਝ ਮੈਂਬਰਾਂ ਨੇ ਆਪਣਾ ਪ੍ਰਧਾਨ ਚੁਣ ਲਿਆ ਹੈ ਜਦਕਿ ਰਵੀ ਠਾਕੁਰ ਪਹਿਲਾਂ ਹੀ ਐਸੋਸੀਏਸ਼ਨ ਦੀ ਪ੍ਰਧਾਨਗੀ ਦੇ ਅਹੁਦੇ ‘ਤੇ ਬਿਰਾਜਮਾਨ ਹਨ । ਪ੍ਰਦੀਪ ਸਿੰਗਲਾ ਦੇ ਨਾਲ ਹਰਭਜਨ ਸਿੰਘ ਕੁੱਕੂ ਨੂੰ ਚੇਅਰਮੈਨ, ਨਰੇਸ਼ ਕੁਮਾਰ ਬਾਂਕਾ ਨੂੰ ਮੀਤ ਪ੍ਰਧਾਨ, ਗੁਰਪ੍ਰੀਤ ਭੱਟੀ ਨੂੰ ਸਕੱਤਰ ਅਤੇ ਨਵੀਨ ਕੁਮਾਰ ਨੂੰ ਖ਼ਜ਼ਾਨਚੀ ਚੁਣਿਆ ਗਿਆ ਹੈ । ਰਵੀ ਠਾਕੁਰ ਨੂੰ ਸੱਤਾਧਾਰੀ ਪਾਰਟੀ ਦਾ ਥਾਪੜਾ ਹੈ ਜਦਕਿ ਪ੍ਰਦੀਪ ਸਿੰਗਲਾ ਨੂੰ ਜੋੜ-ਤੋੜ ਦੀ ਰਾਜਨੀਤੀ ਦੇ ਮਾਹਿਰ ਸ਼ਹਿਰ ਦੇ ਇਕ ਵੱਡੇ ਕਾਂਗਰਸੀ ਆਗੂ ਦੀ ਹਮਾਇਤ ਪ੍ਰਾਪਤ ਹੈ । ਉੰਝ ਭਾਵੇਂ ਪਿਛੋਕੜ ਵਿੱਚ ਪ੍ਰਦੀਪ ਸਿੰਗਲਾ ਦੇ ਧੜੇ ਕੋਲ ਐਸੋਸੀਏਸ਼ਨ ਦੀ ਪ੍ਰਧਾਨਗੀ ਪਹਿਲਾਂ ਵੀ ਰਹੀ ਪ੍ਰੰਤੂ ਐਸੋਸੀਏਸ਼ਨ ਦੇ ਬਹੁਗਿਣਤੀ ਮੈਂਬਰਾਂ ਨੇ ਇਸ ਰਿਵਾਇਤ ਨੂੰ ਤੋੜ ਕੇ ਰਵੀ ਠਾਕੁਰ ਨੂੰ ਪ੍ਰਧਾਨ ਚੁਣ ਲਿਆ ਸੀ । ਜਿੱਥੇ ਇੱਕ ਪਾਸੇ ਪ੍ਰਦੀਪ ਸਿੰਗਲਾ ਵੱਲੋਂ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦੀ ਗੱਲ ਆਖੀ ਜਾ ਰਹੀ ਹੈ ਉਥੇ ਦੂਜੇ ਪਾਸੇ ਰਵੀ ਠਾਕੁਰ ਨੇ ਕਿਹਾ ਕਿ ਐਸੋਸੀਏਸ਼ਨ ਦੇ ਪੁਰਾਣੇ ਬਹੁਗਿਣਤੀ ਮੈਂਬਰਾਂ ਦੀ ਹਮਾਇਤ ਉਸ ਨੂੰ ਪ੍ਰਾਪਤ ਹੈ,ਕੁਝ ਲੋਕ ਮੰਡੀ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ । ਰਵੀ ਠਾਕੁਰ ਨੇ ਚੈਲਿੰਜ ਕੀਤਾ ਕਿ ਜੇਕਰ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਵੋਟਿੰਗ ਵੀ ਕਰਵਾਈ ਜਾ ਸਕਦੀ ਹੈ ।

error: Content is protected !!