Gee 98News

24 ਸਾਲਾਂ ਬਾਅਦ ਬਲਾਤਕਾਰ ਦਾ ਦੋਸ਼ੀ ਆਇਆ ਪੁਲਿਸ ਦੇ ਸ਼ਿਕੰਜੇ ‘ਚ

ਚੰਡੀਗੜ੍ਹ ,18 ਜੁਲਾਈ-ਚੰਡੀਗੜ੍ਹ ਪੁਲਿਸ ਨੇ ਬਲਾਤਕਾਰ ਦੇ ਇੱਕ ਦੋਸ਼ੀ ਨੂੰ 24 ਸਾਲਾਂ ਬਾਅਦ ਗ੍ਰਿਫ਼ਤਾਰ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਹੈ। ਸਾਲ 1999 ਵਿੱਚ ਇੱਕ ਨਾਬਾਲਗ ਲੜਕੀ ਨਾਲ ਬਲਾਤਕਾਰ ਸੰਬੰਧੀ ਮਨੀਮਾਜਰਾ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਜਿਸ ਵਿੱਚ ਪ੍ਰੇਮਪਾਲ, ਮਹਿੰਦਰ ਸਿੰਘ, ਹਰੀ ਚੰਦ, ਸ਼ੀਸ਼ਪਾਲ ਅਤੇ ਪ੍ਰੀਤਮ ਸਿੰਘ ਨੂੰ ਦੋਸ਼ੀ ਬਣਾਇਆ ਸੀ । ਇਹਨਾਂ ਦੋਸ਼ੀਆਂ ਵਿਚੋਂ ਪੁਲਿਸ ਨੇ ਹਰੀ ਚੰਦ ਨੂੰ 24 ਸਾਲਾਂ ਬਾਅਦ ਕਾਬੂ ਕੀਤਾ । ਦੋਸ਼ੀ ਹਰੀਚੰਦ ਮੂਲ ਰੂਪ ‘ਚ ਹਿੰਦੂ ਧਰਮ ਨਾਲ ਸਬੰਧਿਤ ਸੀ ਪਰੰਤੂ ਆਪਣੀ ਪਹਿਚਾਣ ਛੁਪਾਉਣ ਦੇ ਮਕਸਦ ਨਾਲ ਉਸ ਨੇ ਉੱਤਰ ਪ੍ਰਦੇਸ਼ ਵਿੱਚ ਜਾ ਕੇ ਸਿੱਖ ਧਰਮ ਅਪਣਾ ਲਿਆ ਅਤੇ ਗੁਰਦਵਾਰੇ ‘ਚ ਪਾਠੀ ਦੀ ਸੇਵਾ ਨਿਭਾਉਣ ਲੱਗਿਆ । ਹਰੀ ਚੰਦ ਨੂੰ ਗ੍ਰਿਫ਼ਤਾਰ ਕਰਨ ਲਈ ਚੰਡੀਗੜ੍ਹ ਪੁਲਿਸ ਪਾਰਟੀ ਦੇ ਮੈਂਬਰ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕਈ ਦਿਨ ਸੇਵਾਦਾਰ ਦੀ ਡਿਊਟੀ ਕਰਦੇ ਰਹੇ ਅਤੇ ਦੋਸ਼ੀ ਦੀ ਪੂਰੀ ਪਹਿਚਾਣ ਕਰਨ ਤੋਂ ਬਾਅਦ ਉਸ ਨੂੰ ਕਾਬੂ ਕੀਤਾ ਗਿਆ । ਘਟਨਾ ਦੇ ਵੇਰਵੇ ਅਨੁਸਾਰ ਪੀੜਿਤ ਲੜਕੀ ਦੇ ਪਿਤਾ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਭੱਠੇ ‘ਤੇ ਕੰਮ ਕਰਦਾ ਹੈ ਅਤੇ ਉਸਦੀ 15 ਕੁ ਸਾਲ ਦੀ ਲੜਕੀ ਨੂੰ ਭੱਠੇ ‘ਤੇ ਕੰਮ ਕਰਨ ਵਾਲੇ ਕੁਝ ਨੌਜਵਾਨਾਂ ਨੇ ਅਗਵਾ ਕਰ ਲਿਆ ਹੈ। ਪੁਲਿਸ ਨੇ ਜਦ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਇਹ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਸਬੰਧੀ ਉਸ ਵੇਲੇ ਮਨੀਮਾਜਰਾ ਥਾਣੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ ਸੀ ਪ੍ਰੰਤੂ ਦੋਸ਼ੀ ਹਰੀ ਚੰਦ ਘਟਨਾ ਸਮੇਂ ਤੋਂ ਹੀ ਪੁਲਿਸ ਦੀ ਪਕੜ ਤੋਂ ਬਾਹਰ ਸੀ।

error: Content is protected !!