ਚੰਡੀਗੜ੍ਹ,11 ਅਕਤੂਬਰ-ਕੌਮੀ ਜਾਂਚ ਏਜੰਸੀ ਨੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਵਿੱਚ ਇੱਕ ਵੱਡੀ ਕਾਰਵਾਈ ਕਰਦੇ ਹੋਏ ਖਾਲਿਸਤਾਨੀ ਸਮਰਥਕ ਲਖਬੀਰ ਸਿੰਘ ਰੋਡੇ ਦੀ 43 ਕਨਾਲ ਜ਼ਮੀਨ ਸੀਲ ਕਰ ਦਿੱਤੀ । ਐਨਆਈਏ ਦੀ ਟੀਮ ਨੇ ਭਾਰੀ ਪੁਲਿਸ ਸੁਰੱਖਿਆ ਬਲਾਂ ਦੀ ਸਿਕਿਉਰਟੀ ਹੇਠ ਭਾਈ ਰੋਡੇ ਦੀ ਜ਼ਮੀਨ ਨੂੰ ਸੀਲ ਕਰਨ ਦੀ ਕਾਰਵਾਈ ਨੂੰ ਅੰਜਾਮ ਦਿੱਤਾ। ਇਸ ਮੌਕੇ ਸਥਿਤੀ ਪੂਰੀ ਤਣਾਅਪੂਰਨ ਬਣੀ ਰਹੀ ਕਿਉਂਕਿ ਜਦੋਂ ਐਨਆਈਏ ਟੀਮ ਦੇ ਪਿੰਡ ਰੋਡੇ ਪੁੱਜਣ ਦੀ ਭਿਣਕ ਲੋਕਾਂ ਨੂੰ ਲੱਗੀ ਤਾਂ ਵੱਡੀ ਗਿਣਤੀ ਵਿੱਚ ਨਿਹੰਗ ਸਿੰਘ ਲਖਬੀਰ ਸਿੰਘ ਰੋਡੇ ਦੇ ਘਰ ਪੁੱਜਣੇ ਸ਼ੁਰੂ ਹੋ ਗਏ । ਸੂਤਰਾਂ ਅਨੁਸਾਰ ਐਨਆਈਏ ਦੀ ਟੀਮ ਨੇ ਲਖਬੀਰ ਸਿੰਘ ਰੋਡੇ ਦਾ ਘਰ ਵੀ ਸੀਲ ਕਰਨਾ ਸੀ ਪ੍ਰੰਤੂ ਵੱਡੀ ਗਿਣਤੀ ਵਿੱਚ ਨਿਹੰਗਾਂ ਦੇ ਇਕੱਠੇ ਹੋਣ ਤੋਂ ਬਾਅਦ ਟੀਮ ਉਹਨਾਂ ਦੀ 43 ਕਨਾਲ ਜ਼ਮੀਨ ਸੀਲ ਕਰਕੇ ਫਿਲਹਾਲ ਵਾਪਸ ਚਲੀ ਗਈ ।








