ਚੰਡੀਗੜ੍ਹ,28 ਜੁਲਾਈ, Gee98 News service
ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਖ਼ਿਲਾਫ਼ ਵੱਧ ਰਹੇ ਰੋਸ ਨੂੰ ਵੇਖਦੇ ਹੋਏ ਸਰਕਾਰ ਇਸ ਮੁੱਦੇ ‘ਤੇ ਯੂ-ਟਰਨ ਮਾਰਨ ਦੀ ਤਿਆਰੀ ਕਰ ਰਹੀ ਹੈ। ਪੰਜਾਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਦੀ ਇੱਕ ਪੋਸਟ ਨੂੰ ਇਸੇ ਸੰਦਰਭ ਵਿੱਚ ਵੇਖਿਆ ਜਾ ਸਕਦਾ ਹੈ। ਦਰਅਸਲ ਐਮਪੀ ਕੰਗ ਨੇ ਆਪਣੀ ਸਰਕਾਰ ਅਤੇ ਪਾਰਟੀ ਨੂੰ ਲੈਂਡ ਪੂਲਿੰਗ ਨੀਤੀ ‘ਤੇ ਕਿਸਾਨਾਂ ਨਾਲ ਸਲਾਹ ਮਸ਼ਵਰਾ ਕਰਕੇ ਅੱਗੇ ਵਧਣ ਦੀ ਸਲਾਹ ਦਿੱਤੀ ਹੈ। ਸੂਤਰਾਂ ਅਨੁਸਾਰ ਐਮਪੀ ਕੰਗ ਦੀ ਇਹ ਨਿੱਜੀ ਪੋਸਟ ਨਹੀਂ ਸਗੋਂ ਇਹ ਆਮ ਆਦਮੀ ਪਾਰਟੀ ਦਾ ਲੈਂਡ ਪੋਲਿੰਗ ਨੀਤੀ ‘ਤੇ ਯੂ ਟਰਨ ਮਾਰਨ ਦਾ ਮੁੱਢਲਾ ਕਦਮ ਹੈ। ਦਰਅਸਲ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਮੰਤਰੀ, ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਆਗੂ ਲੈਂਡ ਪੂਲਿੰਗ ਨੀਤੀ ‘ਤੇ ਜ਼ੋਰ ਹੀ ਐਨਾ ਲਗਾ ਚੁੱਕੇ ਹਨ ਕਿ ਹੁਣ ਇਕਦਮ ਪਿੱਛੇ ਹਟ ਕੇ ਵੱਡੀ ਸਿਆਸੀ ਬੇਇਜ਼ਤੀ ਅਤੇ ਪ੍ਰਸ਼ਾਸਨਿਕ ਕਿਰਕਰੀ ਕਰਵਾਉਣ ਦੀ ਹਿੰਮਤ ਨਹੀਂ ਹੈ। ਦੂਜੇ ਪਾਸੇ ਇਸ ਨੀਤੀ ਦੀ ਮਾਰ ਹੇਠ ਆਉਣ ਵਾਲੇ ਪਿੰਡਾਂ ਦੀਆਂ ਪੰਚਾਇਤਾਂ ਨੇ ਏਕਤਾ ਕਰਕੇ ਮਤੇ ਪਾਉਣੇ ਸ਼ੁਰੂ ਕਰ ਦਿੱਤੇ ਹਨ ਅਤੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਦਾਖਲੇ ‘ਤੇ ਪਾਬੰਦੀ ਦੇ ਵੱਡੇ ਪੋਸਟਰ ਵੀ ਪਿੰਡਾਂ ਦੇ ਬਾਹਰ ਲਗਾ ਦਿੱਤੇ ਹਨ। ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਸਰਕਾਰ ਦੇ ਮੰਤਰੀ, ਵਿਧਾਇਕਾਂ ਅਤੇ ਆਪ ਆਗੂਆਂ ਚ ਸਹਿਮ ਦਾ ਮਾਹੌਲ ਬਣਦਾ ਜਾ ਰਿਹਾ ਸੀ।
ਦੂਜੇ ਪਾਸੇ ਤਰਨਤਰਨ ਵਿਧਾਨ ਸਭਾ ਹਲਕੇ ਦੀ ਕੁਝ ਮਹੀਨੇ ਬਾਅਦ ਹੋ ਰਹੀ ਜ਼ਿਮਨੀ ਚੋਣ ਨੇ ਵੀ ਆਪ ਸਰਕਾਰ ਲਈ ਸਿਆਸੀ ਸਿਰਦਰਦੀ ਖੜੀ ਕੀਤੀ ਹੈ ਕਿਉਂਕਿ ਲੈਂਡ ਪੂਲਿੰਗ ਨੀਤੀ ਦੀ ਪ੍ਰਕਿਰਿਆ ਚਾਲੂ ਰੱਖਣ ਦੇ ਦੌਰਾਨ ਜ਼ਿਮਨੀ ਚੋਣ ਦੇ ਪ੍ਰਚਾਰ ਲਈ ਆਪ ਆਗੂਆਂ ਨੂੰ ਪਿੰਡਾਂ ‘ਚ ਵੜਨਾ ਔਖਾ ਹੋ ਜਾਣਾ ਸੀ। ਆਪ ਐਮਪੀ ਮਾਲਵਿੰਦਰ ਸਿੰਘ ਕੰਗ ਦੀ ਸਰਕਾਰ ਅਤੇ ਆਪਣੀ ਪਾਰਟੀ ਨੂੰ ਸਲਾਹ ਵਾਲੀ ਪੋਸਟ ਤੋਂ ਬਾਅਦ ਹੁਣ ਅੱਜ- ਭਲਕੇ ਸਰਕਾਰ ਲੈਂਡ ਪੂਲਿੰਗ ਨੀਤੀ ‘ਤੇ ਯੂ ਟਰਨ ਮਾਰੇਗੀ ਅਤੇ ਇਸ ਮਾਮਲੇ ‘ਚ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਸਲਾਹ ਮਸ਼ਵਰੇ ਦੀ ਗੱਲ ਸਾਹਮਣੇ ਆਵੇਗੀ। ਵੇਖਣਯੋਗ ਇਹ ਵੀ ਹੋਵੇਗਾ ਕਿ ਭਗਵੰਤ ਮਾਨ ਮੁੱਖ ਕਿਸਾਨ ਜਥੇਬੰਦੀਆਂ ਦੇ ਜਿਹੜੇ ਆਗੂਆਂ ‘ਤੇ ਦੋਸ਼ ਲਗਾ ਰਹੇ ਹਨ ਕਿ ਇਹ ਆਗੂ ਕਿਸਾਨਾਂ ਨੂੰ ਲੈਂਡ ਪੋਲਿੰਗ ਨੀਤੀ ਦੇ ਮਾਮਲੇ ‘ਚ ਗੁੰਮਰਾਹ ਕਰ ਰਹੇ ਹਨ, ਕੀ ਹੁਣ ਮੁੱਖ ਮੰਤਰੀ ਇਹਨਾਂ ਆਗੂਆਂ ਨਾਲ ਇੱਕੋ ਟੇਬਲ ‘ਤੇ ਬੈਠ ਕੇ ਇਸ ਨੀਤੀ ‘ਤੇ ਸਲਾਹ ਮਸ਼ਵਰਾ ਕਰਨਗੇ ? ਬਹਰਹਾਲ ! ਇਹ ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਜਨਤਕ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ‘ਤੇ ਕੁਝ ਸਰਕਾਰੀ ਨੁਮਾਇੰਦਿਆਂ ਨੂੰ ਲੈ ਕੇ ਇੱਕ ਕਮੇਟੀ ਦਾ ਗਠਨ ਕਰਕੇ ਲੈਂਡ ਪੂਲਿੰਗ ਨੀਤੀ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ।