ਚੰਡੀਗੜ੍ਹ,1 ਅਗਸਤ, Gee98 news service
ਇੱਕੋ ਪਿੰਡ ਦੇ ਰਹਿਣ ਵਾਲੇ “ਲਵ ਮੈਰਿਜ” ਕਰਵਾਉਣ ਵਾਲੇ ਮੁੰਡੇ ਕੁੜੀ ਨੂੰ ਪੰਚਾਇਤ ਨੇ ਮਤਾ ਪਾ ਕੇ ਪਿੰਡ ਵਿੱਚੋਂ ਬਾਹਰ ਕੱਢ ਦਿੱਤਾ ਹੈ ਅਤੇ ਭਵਿੱਖ ਵਿੱਚ ਵੀ ਇਸ ਜੋੜੇ ਦਾ ਪਿੰਡ ਵਿੱਚ ਦਾਖਲਾ ਬੰਦ ਕਰ ਦਿੱਤਾ ਹੈ। ਦੋਵੇਂ ਮੁੰਡਾ ਕੁੜੀ ਆਹਮੋ ਸਾਹਮਣੇ ਘਰਾਂ ‘ਚ ਰਹਿਣ ਵਾਲੇ ਹਨ ਅਤੇ ਇੱਕੋ ਭਾਈਚਾਰੇ ਨਾਲ ਸੰਬੰਧਿਤ ਹਨ। ਇਹ ਮਾਮਲਾ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਬਲਾਕ ਮਾਜਰੀ, ਤਹਿਸੀਲ ਖਰੜ ਤਹਿਤ ਪਿੰਡ ਮਾਣਕਪੁਰ ਸ਼ਰੀਫ ਨਾਲ ਸੰਬੰਧਿਤ ਹੈ, ਜਿੱਥੋਂ ਦੇ ਵਸਨੀਕ ਇੱਕ ਮੁੰਡੇ ਕੁੜੀ ਵੱਲੋਂ ਲਵ ਮੈਰਿਜ ਕਰਵਾਉਣ ਤੋਂ ਬਾਅਦ ਪਿੰਡ ‘ਚ ਵਿਰੋਧ ਸ਼ੁਰੂ ਹੋ ਗਿਆ ਤੇ ਪਿੰਡ ਵਾਲਿਆਂ ਨੇ ਇਕੱਠ ਕੀਤਾ ਜਿੱਥੇ ਪੰਚਾਇਤ ਨੇ ਮਤਾ ਪਾ ਕੇ ਉਕਤ ਮੁੰਡੇ ਕੁੜੀ ਦੀ ਐਂਟਰੀ ਪਿੰਡ ਵਿੱਚ ਬੰਦ ਕਰ ਦਿੱਤੀ ਅਤੇ ਦੋਵਾਂ ਨੂੰ ਪਿੰਡ ਦੀਆਂ ਸਾਰੀਆਂ ਸਹੂਲਤਾਂ ਤੋਂ ਵਾਂਝਾ ਕਰ ਦਿੱਤਾ। ਦੋਵਾਂ ਦੇ ਪਰਿਵਾਰਾਂ ਨੇ ਪਿੰਡ ਦੇ ਫੈਸਲੇ ‘ਤੇ ਨਰਾਜ਼ਗੀ ਦੇ ਬਾਵਜੂਦ ਵੀ ਪਿੰਡ ਵਾਲਿਆਂ ਦੀ ਏਕਤਾ ਨੂੰ ਵੇਖਦੇ ਹੋਏ ਦੋਵਾਂ ਨੂੰ ਬੇਦਖਲ ਕਰ ਦਿੱਤਾ।
ਇਸ ਸਬੰਧੀ ਗੱਲਬਾਤ ਕਰਦੇ ਹੋਏ ਪਿੰਡ ਦੇ ਸਰਪੰਚ ਦਲਵੀਰ ਸਿੰਘ ਨੇ ਦੱਸਿਆ ਕਿ ਇਹ ਸਜ਼ਾ ਨਹੀਂ ਸਗੋਂ ਭਵਿੱਖ ‘ਚ ਇੱਕ ਚੇਤਾਵਨੀ ਹੈ। ਉਹਨਾਂ ਕਿਹਾ ਕਿ ਜੇਕਰ ਪਿੰਡ ਦੇ ਜੰਮਪਲ ਮੁੰਡਾ ਤੇ ਕੁੜੀ ਮਾਪਿਆਂ ਦੀ ਸਹਿਮਤੀ ਤੋਂ ਬਿਨਾਂ ਭੱਜ ਕੇ ਵਿਆਹ ਕਰਵਾਉਂਦੇ ਹਨ ਤਾਂ ਉਹਨਾਂ ਨੂੰ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ ਸਗੋਂ ਪਿੰਡ ਦੇ ਆਸ ਪਾਸ ਵੀ ਕਿਸੇ ਪਿੰਡ ਵਿੱਚ ਨਹੀਂ ਰਹਿਣ ਦਿੱਤਾ ਜਾਵੇਗਾ। ਪੰਚਾਇਤ ਨੇ ਕਿਹਾ ਕਿ ਜੇਕਰ ਪਿੰਡ ਦਾ ਕੋਈ ਵਸਨੀਕ ਗ੍ਰਾਮ ਸਭਾ ਰਾਹੀਂ ਪਾਸ ਕੀਤੇ ਇਸ ਮਤੇ ਦੀ ਉਲੰਘਣਾ ਕਰੇਗਾ ਤਾਂ ਉਸਦੇ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਪੰਜਾਬ ਦੀ ਇੱਕ ਪੰਚਾਇਤ ਵੱਲੋਂ ਹਰਿਆਣਾ ਦੀਆਂ ਪੰਚਾਇਤਾਂ ਦੀ ਤਰਜ਼ ‘ਤੇ ਲਏ ਇਸ ਫੈਸਲੇ ਦੀ ਸਮੁੱਚੇ ਪੰਜਾਬ ‘ਚ ਚਰਚਾ ਹੋ ਰਹੀ ਹੈ।
ਫੋਟੋ ਕੈਪਸ਼ਨ-ਮਤਾ ਪਾਸ ਕਰਨ ਮੌਕੇ ਪੰਚਾਇਤ ਦੀ ਤਸਵੀਰ