ਚੰਡੀਗੜ੍ਹ,18 ਅਕਤੂਬਰ, Gee98 News service-
-ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਪੰਜਾਬ ਪੁਲਿਸ ਦੇ ਰਿਸ਼ਵਤ ਦੇ ਮਾਮਲੇ ‘ਚ ਫੜੇ ਗਏ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਤੇ ਬੀਤੇ ਕੱਲ੍ਹ ਜੇਲ੍ਹ ਭੇਜ ਦਿੱਤਾ ਸੀ। ਡੀਆਈਜੀ ਭੁੱਲਰ ਨੂੰ ਬੁੜੈਲ ਜੇਲ੍ਹ ਵਿੱਚ ਰੱਖਿਆ ਗਿਆ ਜਿੱਥੇ ਉਹਨਾਂ ਨੂੰ ਜੇਲ੍ਹ ਅੰਦਰ ਬਣੀ ਬਜ਼ੁਰਗਾਂ ਦੀ ਇੱਕ ਵਿਸ਼ੇਸ਼ ਬੈਰਕ ਵਿੱਚ ਰੱਖਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਵਿਸ਼ੇਸ਼ ਬੈਰਕ ਵਿੱਚ 50 ਸਾਲ ਤੋਂ ਵਧੇਰੇ ਉਮਰ ਦੇ ਚੰਗੇ ਆਚਰਨ ਵਾਲੇ ਹਵਾਲਾਤੀਆਂ/ਕੈਦੀਆਂ ਨੂੰ ਰੱਖਿਆ ਗਿਆ ਹੈ। ਜੇਲ੍ਹ ਦੇ ਸੂਤਰਾਂ ਅਨੁਸਾਰ ਡੀਆਈਜੀ ਭੁੱਲਰ ਦੀ ਜੇਲ੍ਹ ਵਿੱਚ ਪਹਿਲੀ ਰਾਤ ਉਸਲਵੱਟੇ ਲੈਂਦਿਆਂ ਹੀ ਲੰਘੀ। ਡੀਆਈਜੀ ਭੁੱਲਰ ਨੂੰ ਸੌਣ ਲਈ ਇੱਕ ਗੱਦਾ ਅਤੇ ਇੱਕ ਸਿਰਹਾਣਾ ਦਿੱਤਾ ਗਿਆ।
ਸੂਤਰਾਂ ਅਨੁਸਾਰ ਡੀਆਈਜੀ ਭੁੱਲਰ ਦੀ ਬੇਚੈਨੀ ਨੂੰ ਵੇਖਦੇ ਹੋਏ ਬੈਰਕ ਵਿੱਚ ਪਹਿਲਾਂ ਤੋਂ ਬੰਦ ਇੱਕ ਹੋਰ ਆਈਪੀਐਸ ਅਧਿਕਾਰੀ ਨੇ ਭੁੱਲਰ ਨੂੰ ਧਰਵਾਸ ਦਿੱਤਾ। ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਦਾ ਆਈਪੀਐਸ ਅਧਿਕਾਰੀ ਜ਼ਹੂਰ ਜੈਦੀ ਕਤਲ ਦੇ ਇੱਕ ਮਾਮਲੇ ‘ਚ ਬੁੜੈਲ ਜੇਲ੍ਹ ‘ਚ ਬੰਦ ਹੈ। ਆਈਪੀਐਸ ਜ਼ਹੂਰ ਜੈਦੀ ‘ਤੇ ਹਿਰਾਸਤ ਦੌਰਾਨ ਇੱਕ ਨੌਜਵਾਨ ਦੀ ਮੌਤ ਦੇ ਦੋਸ਼ ਹਨ ਜਿਸ ਸਬੰੰਧੀ ਉਹਨਾਂ ‘ਤੇ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸੇ ਜੇਲ੍ਹ ਵਿੱਚ ਪੰਜਾਬ ਪੁਲਿਸ ਦਾ ਇੱਕ ਸਾਬਕਾ ਆਈਪੀਐਸ ਮਾਲਵਿੰਦਰ ਸਿੰਘ ਸਿੱਧੂ ਵੀ ਬੰਦ ਹੈ ਜਿਸ ਨੇ ਚੰਡੀਗੜ੍ਹ ਅਦਾਲਤ ਵਿੱਚ ਆਪਣੇ ਜਵਾਈ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਸੀ। ਡੀਆਈਜੀ ਭੁੱਲਰ ਦੇ ਵਿਚੋਲੇ ਕ੍ਰਿਸ਼ਨਾ ਨੂੰ ਇੱਕ ਵੱਖਰੀ ਬੈਰਕ ਵਿੱਚ ਰੱਖਿਆ ਗਿਆ ਹੈ। ਜੇਲ੍ਹ ਦੇ ਸੂਤਰਾਂ ਅਨੁਸਾਰ ਡੀਆਈਜੀ ਭੁੱਲਰ ਦੀ ਪਹਿਲੀ ਰਾਤ ਬੇਚੈਨੀ ਭਰੀ ਰਹੀ ਤੇ ਉਹ ਸਾਰੀ ਰਾਤ ਉਸਲਵੱਟੇ ਰਹਿੰਦੇ ਰਹੇ ਅਤੇ ਉਸਦੀ ਬੈਰਕ ਵਿੱਚ ਬੰਦ ਆਈਪੀਐਸ ਅਧਿਕਾਰੀ ਉਹਨਾਂ ਨੂੰ ਧਰਵਾਸ ਦਿੰਦੇ ਰਹੇ।










