ਚੰਡੀਗੜ੍ਹ ,28 ਅਕਤੂਬਰ , Gee98 news service-
-ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦਾ ਮਾਮਲਾ ਆਮ ਆਦਮੀ ਪਾਰਟੀ ਨੂੰ ਹੀ ਪੁੱਠਾ ਪੈਂਦਾ ਜਾਪਦਾ ਹੈ। ਜ਼ਿਕਰਯੋਗ ਹੈ ਕਿ ਪਾਰਟੀ ਦੀ ਦਿੱਲੀ ਹਾਈ ਕਮਾਂਡ ਦੇ ਆਗੂਆਂ ਖ਼ਿਲਾਫ਼ ਸ਼ਰੇਆਮ ਸੋਸ਼ਲ ਮੀਡੀਆ ‘ਤੇ ਬੋਲਣ ਤੋਂ ਬਾਅਦ ਹਰਮੀਤ ਸਿੰਘ ਪਠਾਨਮਾਜਰਾ ਦੇ ਖ਼ਿਲਾਫ਼ ਇੱਕ ਤੋਂ ਬਾਅਦ ਇੱਕ ਕਈ ਮੁਕੱਦਮੇ ਦਰਜ ਕਰ ਦਿੱਤੇ ਗਏ ਸਨ ਜਿਸ ਤੋਂ ਬਾਅਦ ਪਠਾਨਮਾਜਰਾ ਫ਼ਰਾਰ ਚੱਲਿਆ ਆ ਰਿਹਾ ਹੈ।
ਸੂਤਰਾਂ ਅਨੁਸਾਰ ਵਿਧਾਇਕ ਪਠਾਨਮਾਜਰਾ ਨੇ ਆਪਣੀ ਜ਼ਮਾਨਤ ਲਈ ਹਾਈਕੋਰਟ ਤੱਕ ਪਹੁੰਚ ਕੀਤੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਮਾਮਲੇ ‘ਚ ਹਰਮੀਤ ਸਿੰਘ ਪਠਾਨਮਾਜਰਾ ਤੋਂ ਇਲਾਵਾ ਉਸ ਦੀ ਮਦਦ ਕਰਨ ਦੇ ਦੋਸ਼ਾਂ ਤਹਿਤ ਜਿਹੜੇ ਵਿਅਕਤੀਆਂ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਉਹਨਾਂ ਨੂੰ ਹਾਈਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਵਿਧਾਇਕ ਪਠਾਨਮਾਜਰਾ ਨੂੰ ਵੀ ਹਾਈਕੋਰਟ ਤੋਂ ਜ਼ਮਾਨਤ ਮਿਲ ਸਕਦੀ ਹੈ। ਜੇਕਰ ਅਜਿਹਾ ਹੁੰਦਾ ਹੈ ਤਾਂ ਇਹ “ਆਪ ਸਰਕਾਰ ਅਤੇ ਪੰਜਾਬ ਪੁਲਿਸ” ਦੇ ਮੂੰਹ ‘ਤੇ ਇੱਕ ਕਾਨੂੰਨੀ ਚਪੇੜ ਹੋਵੇਗੀ ਕਿਉਂਕਿ ਜਿਸ ਤਰੀਕੇ ਅਤੇ ਜਿੰਨੀ ਤੇਜ਼ੀ ਨਾਲ ਪਠਾਨਮਾਜਰਾ ਦੇ ਖ਼ਿਲਾਫ਼ ਪੁਲਿਸ ਕਾਰਵਾਈ ਕੀਤੀ ਗਈ ਸੀ ਉਸ ਨੂੰ ਵੇਖਦੇ ਹੋਏ ਲੱਗਦਾ ਸੀ ਕਿ ਆਮ ਆਦਮੀ ਪਾਰਟੀ ਦੇ ਕੌਮੀ ਆਗੂ ਪਠਾਨਮਾਜਰਾ ਨੂੰ ਕਿਸੇ ਵੀ ਹਾਲਤ ਵਿੱਚ ਮਾਫ਼ ਨਹੀਂ ਕਰਨਗੇ ਪ੍ਰੰਤੂ ਪਠਾਨਮਾਜਰਾ ਦੇ ਖ਼ਿਲਾਫ਼ ਮੁਕੱਦਮੇ ਦਰਜ ਹੋਣ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਵੱਲੋਂ ਕੋਈ ਬਹੁਤੀ ਭੱਜ ਦੌੜ ਨਹੀਂ ਕੀਤੀ ਗਈ, ਜਿਸ ਸਬੰਧੀ ਇਹ ਚਰਚਾ ਵੀ ਹੋ ਰਹੀ ਹੈ ਕਿ ਆਖ਼ਰ ਕਿਤੇ ਨਾ ਕਿਤੇ “ਫੁੱਫੜ ਜੀ” ਦਾ ਦਬਦਬਾ ਅਜੇ ਵੀ ਬਣਿਆ ਹੋਇਆ ਹੈ। ਦੱਸ ਦੇਈਏ ਕਿ ਹਰਮੀਤ ਸਿੰਘ ਪਠਾਨਮਾਜਰਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮਪਤਨੀ ਗੁਰਪ੍ਰੀਤ ਕੌਰ ਦੇ ਰਿਸ਼ਤੇਦਾਰੀ ਵਿੱਚ ਫੁੱਫੜ ਜੀ ਲੱਗਦੇ ਹਨ। ਪਠਾਨਮਾਜਰਾ ਦੇ ਖ਼ਿਲਾਫ਼ ਪੰਜਾਬ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਵੇਖਦੇ ਹੋਏ ਪੰਜਾਬ ਸਰਕਾਰ ‘ਤੇ ਵੀ ਸਵਾਲ ਉੱਠਦੇ ਹਨ ਕਿ ਵਿਰੋਧੀ ਪਾਰਟੀਆਂ ਦੇ ਆਗੂਆਂ ਦੇ ਖ਼ਿਲਾਫ਼ ਇਹੋ ਜਿਹੇ ਮੁਕੱਦਮੇ ਦਰਜ ਹੋਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਉਹਨਾਂ ਆਗੂਆਂ ਨੂੰ ਹਰ ਤਰੀਕੇ ਨਾਲ ਜ਼ਲੀਲ ਕੀਤਾ ਜਾਂਦਾ ਹੈ ਪ੍ਰੰਤੂ ਪਠਾਨਮਾਜਰਾ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਵੱਲੋਂ ਕੋਈ ਬਹੁਤੀ ਚਾਰਾਜੋਈ ਨਹੀਂ ਕੀਤੀ ਗਈ ਤੇ ਉਸ ਨੂੰ ਬੜੇ ਆਰਾਮ ਦੇ ਨਾਲ ਹਾਈਕੋਰਟ ਤੱਕ ਜਾਣ ਦਾ ਸਮਾਂ ਦਿੱਤਾ ਗਿਆ।

ਹੁਣ ਇਹ ਮਾਮਲਾ ਹੋਰ ਵੀ ਦਿਲਚਸਪ ਹੁੰਦਾ ਜਾ ਰਿਹਾ ਹੈ ਕਿ ਜੇਕਰ ਹਾਈਕੋਰਟ ਵੱਲੋਂ ਪਠਾਨਮਾਜਰਾ ਨੂੰ ਜ਼ਮਾਨਤ ਦੇ ਦਿੱਤੀ ਗਈ ਤਾਂ ਉਹ ਸ਼ਰੇਆਮ ਲੋਕਾਂ ਦੇ ਵਿੱਚ ਵਿਚਰੇਗਾ ਅਤੇ ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਉਸਦੀ ਅਗਲੀ ਰਣਨੀਤੀ ਕੀ ਹੋਵੇਗੀ। ਜਿਸ ਤਰੀਕੇ ਨਾਲ ਰੂਪੋਸ਼ ਹੋਣ ਤੋਂ ਬਾਅਦ ਪਠਾਨਮਾਜਰਾ ਨੇ ਸਰਕਾਰ ਅਤੇ ਆਪ ਦੀ ਕੌਮੀ ਹਾਈ ਕਮਾਂਡ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ ਹਨ ਉਹਨਾਂ ਨੂੰ ਵੇਖਦੇ ਲੱਗਦਾ ਹੈ ਕਿ ਪਠਾਨਮਾਜਰਾ ਜ਼ਮਾਨਤ ਮਿਲਣ ਤੋਂ ਬਾਅਦ ਆਪ ਅਤੇ ਸਰਕਾਰ ਦੇ ਗਲੇ ਦੀ ਹੱਡੀ ਵੀ ਬਣ ਸਕਦਾ ਹੈ, ਕਿਉਂਕਿ ਮੰਨਿਆ ਜਾ ਰਿਹਾ ਹੈ ਕਿ ਵੱਡੇ ਘਰ ਨਾਲ ਵੱਡੀ ਰਿਸ਼ਤੇਦਾਰੀ ਹੋਣ ਕਰਕੇ ਪਠਾਨਮਾਜਰਾ ਨੂੰ ਕੁਝ ਗੁਪਤ ਜਾਣਕਾਰੀਆਂ ਵੀ ਹਨ ਜਿਨਾਂ ਦਾ ਜ਼ਿਕਰ ਉਸਨੇ ਹਲਕੇ ਜਿਹੇ ਢੰਗ ਨਾਲ ਆਪਣੀਆਂ ਇੱਕ ਵੀਡੀਓ ਵਿੱਚ ਕੀਤਾ ਵੀ ਹੈ। ਬਹਰਹਾਲ ! ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਪਠਾਨਮਾਜਰਾ ਨੂੰ ਦਿੱਤੀ ਰਾਹਤ ਤੋਂ ਬਾਅਦ ਰਿਸ਼ਤੇਦਾਰੀ ਦੇ ਸੰਦਰਭ ਵਿੱਚ ਇਹ ਚਰਚਾ ਹੋਣੀ ਸੁਭਾਵਿਕ ਹੀ ਹੈ ਕਿ “ਫੁੱਫੜ ਤਾਂ ਆਖਰ ਫੁੱਫੜ” ਹੀ ਹੁੰਦਾ ਹੈ, ਫਿਰ ਭਾਵੇਂ ਉਹ ਅਪਰਾਧੀ ਹੀ ਕਿਉਂ ਨਾ ਹੋਵੇ।










