ਚੰਡੀਗੜ੍ਹ ,31 ਅਕਤੂਬਰ Gee98 News service-
PGI ਚੰਡੀਗੜ੍ਹ ਦੀਆਂ ਦੇਣਦਾਰੀਆਂ ਸਬੰਧੀ ਹੈਰਾਨੀਜਨਕ ਅੰਕੜੇ ਸਾਹਮਣੇ ਆਏ ਹਨ। PGI ਚੰਡੀਗੜ੍ਹ, ਨਗਰ ਨਿਗਮ ਚੰਡੀਗੜ੍ਹ ਦਾ 24 ਕਰੋੜ ਰੁਪਏ ਦਾ ਡਿਫਾਲਟਰ ਹੈ ਭਾਵ ਨਗਰ ਨਿਗਮ ਚੰਡੀਗੜ੍ਹ ਦੇ ਪੀਜੀਆਈ ਵੱਲ 24 ਕਰੋੜ ਰੁਪਏ ਪ੍ਰੋਪਰਟੀ ਟੈਕਸ ਦੇ ਬਕਾਏ ਖੜੇ ਹਨ। ਹੁਣ ਨਗਰ ਨਿਗਮ ਨੇ ਪੀਜੀਆਈ ਨੂੰ ਤੁਰੰਤ ਸਾਰੇ ਬਕਾਏ ਜਮਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਇਹ ਹੈਰਾਨੀਜਨਕ ਮਾਮਲਾ ਵੀ ਸਾਹਮਣੇ ਆਇਆ ਹੈ ਕਿ ਪੀਜੀਆਈ ਦੀਆਂ ਕੁਝ ਇਮਾਰਤਾਂ ਫਾਇਰ ਸਿਸਟਮ ਸਬੰਧੀ ਐਨਓਸੀ ਤੋਂ ਬਿਨਾਂ ਹੀ ਚੱਲ ਰਹੀਆਂ ਹਨ। ਨਗਰ ਨਿਗਮ ਦੇ ਕਮਿਸ਼ਨਰ ਅਮਿਤ ਕੁਮਾਰ ਦੇ ਨਾਲ ਪੀਜੀਆਈ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ‘ਚ ਚਰਚਾ ਹੋਈ ਕਿ ਪੀਜੀਆਈ ਦੀਆਂ ਕਈ ਇਮਾਰਤਾਂ ਬਿਨਾਂ ਜ਼ਰੂਰੀ ਫਾਇਰ ਸੇਫਟੀ ਸਿਸਟਮ ਅਤੇ ਸਰਟੀਫਿਕੇਟ ਤੋਂ ਹੀ ਚੱਲ ਰਹੀਆਂ ਹਨ। ਪੀਜੀਆਈ ਅਧਿਕਾਰੀਆਂ ਨੇ ਦੱਸਿਆ ਕਿ ਸੀਬੀਆਈ ਰੁੜਕੀ ਦੁਆਰਾ ਫਾਇਰ ਸੇਫਟੀ ਆਡਿਟ ਕੀਤਾ ਜਾ ਰਿਹਾ ਜਿਨਾਂ ਵੱਲੋਂ ਹੁਣ ਤੱਕ ਪੀਜੀਆਈ ਦੀਆਂ 16 ਇਮਾਰਤਾਂ ਦੀ ਜਾਂਚ ਪੂਰੀ ਹੋ ਚੁੱਕੀ ਹੈ। ਪੀਜੀਆਈ ਨੇ ਨਗਰ ਨਿਗਮ ਨੂੰ ਭਰੋਸਾ ਦਿੱਤਾ ਹੈ ਕਿ ਉਹ ਦੋ ਮਹੀਨੇ ਦੇ ਅੰਦਰ ਅੰਦਰ ਫਾਇਰ ਵਿਭਾਗ ਨਾਲ ਸੰਬੰਧਿਤ ਸਾਰੇ ਨਿਰਦੇਸ਼ਾਂ ਦਾ ਪਾਲਣ ਕਰਨਗੇ। ਇਹ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਮਰੀਜ਼ ਆਪਣੀ ਜ਼ਿੰਦਗੀ ਬਚਾਉਣ ਲਈ ਭਰੋਸੇ ਨਾਲ ਜਾਂਦੇ ਹਨ ਉੱਥੇ ਅੱਗ ਲੱਗਣ ਨਾਲ ਸੰਬੰਧਿਤ ਕਿਸੇ ਤਰ੍ਹਾਂ ਦੀ ਦੁਰਘਟਨਾ ਵਾਪਰਨ ਸਮੇਂ ਉਸ ਨੂੰ ਰੋਕਣ ਲਈ ਪੂਰੇ ਸੁਰੱਖਿਆ ਪ੍ਰਬੰਧ ਹੀ ਨਹੀਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 9-10 ਅਕਤੂਬਰ 2023 ਨੂੰ ਪੀਜੀਆਈ ਵਿੱਚ ਅੱਗ ਲੱਗਣ ਦੀ ਇੱਕ ਘਟਨਾ ਵਾਪਰੀ ਸੀ ਜਿਸ ਵਿੱਚ ਭਾਵੇਂ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪ੍ਰੰਤੂ ਇਸ ਅੱਗ ਦੇ ਨਾਲ UPS ਰੂਮ ਦੀਆਂ 100 ਤੋਂ ਵੱਧ ਬੈਟਰੀਆਂ ਜਲ ਗਈਆਂ ਸਨ ਅਤੇ ਇਸ ਤੋਂ ਇਲਾਵਾ ਡਾਇਲਸਿਸ ਯੂਨਿਟ, ਕਿਡਨੀ ਵਾਰਡ, ਮੈਟਰਨਿਟੀ ਤੋਂ ਇਲਾਵਾ ਹੋਰ ਕਾਫੀ ਵਿਭਾਗ ਪ੍ਰਭਾਵਿਤ ਹੋਏ ਸਨ।










