ਚੰਡੀਗੜ੍ਹ,16 ਦਸੰਬਰ, Gee98 news service
-ਮੋਹਾਲੀ ‘ਚ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਤੇ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਹੱਤਿਆ ਦੇ ਮਾਮਲੇ ‘ਚ ਪੋਸਟਮਾਰਟਮ ਰਿਪੋਰਟ ਨੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਹਨ। ਪੋਸਟਮਾਰਟਮ ਦੌਰਾਨ ਸਾਹਮਣੇ ਆਇਆ ਹੈ ਕਿ ਹਮਲਾਵਰਾਂ ਨੇ ਰਾਣਾ ਨੂੰ ਪਿੱਛੋਂ ਬਿਲਕੁਲ ਨੇੜਿਓਂ ਸਿਰ ‘ਚ ਗੋਲੀ ਮਾਰੀ, ਜੋ ਮੂੰਹ ਰਸਤੇ ਬਾਹਰ ਨਿਕਲ ਗਈ। ਇਸ ਕਾਰਨ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਮੋਹਾਲੀ ਦੇ ਐੱਸਐੱਸਪੀ ਹਰਮਨਦੀਪ ਸਿੰਘ ਹੰਸ ਨੇ ਮੰਗਲਵਾਰ ਨੂੰ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਦੱਸਿਆ ਕਿ ਅੰਮ੍ਰਿਤਸਰ ਦੇ ਆਦਿਤਿਆ ਕਪੂਰ ਉਰਫ਼ ਮੱਖਣ ਅਤੇ ਕਰਨ ਪਾਠਕ ਨੇ ਰਾਣਾ ਨੂੰ ਗੋਲੀਆਂ ਮਾਰੀਆਂ। ਦੋਵਾਂ ਨੇ ਸੈਲਫੀ ਲੈਣ ਦੇ ਬਹਾਨੇ ਰਾਣਾ ਨੂੰ ਰੋਕ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਐੱਸਐੱਸਪੀ ਨੇ ਕਿਹਾ ਕਿ ਰਾਣਾ ਦੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਸੰਬੰਧਾਂ ਦੇ ਸ਼ੱਕ ਕਾਰਨ ਬੰਬੀਹਾ ਗੈਂਗ ਦੇ ਲੱਕੀ ਪਟਿਆਲ ਅਤੇ ਡੋਨੀ ਬੱਲ ਦੇ ਕਹਿਣ ‘ਤੇ ਇਹ ਕਤਲ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਕਤਲ ਕਬੱਡੀ ਦੇ ਮੈਦਾਨ ਵਿੱਚ ਡੋਮੀਨੇਸ਼ਨ ਬਣਾਉਣ ਦੇ ਮਕਸਦ ਨਾਲ ਕੀਤਾ ਗਿਆ, ਕਿਉਂਕਿ ਰਾਣਾ ਬਲਾਚੌਰੀਆ ਕਬੱਡੀ ਫੀਲਡ ਵਿੱਚ ਵੱਡਾ ਨਾਮ ਸੀ। ਐੱਸ ਐੱਸ ਪੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ 2-3 ਹੋਰ ਵਿਅਕਤੀਆਂ ਵੱਲੋਂ ਸ਼ੂਟਰਾਂ ਨੂੰ ਗਰਾਊਂਡ ਸਹਾਇਤਾ ਦਿੱਤੀ ਗਈ, ਜਿਨ੍ਹਾਂ ਦੀ ਪਛਾਣ ਕੀਤੀ ਜਾ ਰਹੀ ਹੈ।ਪੁਲਿਸ ਅਨੁਸਾਰ, ਆਦਿਤ੍ਯ ਕਪੂਰ ਉਰਫ਼ ਮੱਖਣ ‘ਤੇ ਪਹਿਲਾਂ ਹੀ 15 ਕੇਸ ਦਰਜ ਹਨ, ਜਦਕਿ ਕਰਨ ਪਾਠਕ ‘ਤੇ 2 ਕੇਸ ਦਰਜ ਹਨ। ਦੋਵੇਂ ਡੋਨੀ ਬੱਲ ਗੈਂਗ ਨਾਲ ਜੁੜੇ ਹੋਏ ਹਨ। ਤੀਜੇ ਸ਼ੂਟਰ ਦੀ ਪਛਾਣ ਹੋ ਚੁੱਕੀ ਹੈ, ਪਰ ਫਿਲਹਾਲ ਉਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ। ਦੂਜੇ ਪਾਸੇ ਇਸ ਕਤਲ ਦੀ ਜ਼ਿੰਮੇਵਾਰੀ ਮਸ਼ਹੂਰ ਸ਼ੂਟਰ ਦਵਿੰਦਰ ਬੰਬੀਹਾ ਗੈਂਗ ਵੱਲੋਂ ਲਈ ਗਈ ਹੈ, ਜਿਸ ਨੂੰ ਇਸ ਸਮੇਂ ਆਰਮੀਨੀਆ ‘ਚ ਬੈਠਾ ਗੈਂਗਸਟਰ ਲੱਕੀ ਪਟਿਆਲ ਚਲਾ ਰਿਹਾ ਹੈ।
ਫੋਟੋ ਕੈਪਸ਼ਨ-ਰਾਣਾ ਬਲਾਚੌਰੀਆ ਦੀ ਆਪਣੀ ਪਤਨੀ ਨਾਲ ਫਾਈਲ ਫੋਟੋ









