ਬਰਨਾਲਾ,22 ਦਸੰਬਰ, Gee98 News service-
-ਸ਼ਹਿਰ ਦੇ ਵੱਖ ਵੱਖ ਹਿੱਸਿਆਂ ‘ਚੋਂ ਰੋਜ਼ਾਨਾ ਕਿਤੇ ਨਾ ਕਿਤੇ ਮੋਟਰਸਾਈਕਲ ਚੋਰੀ ਦੀ ਘਟਨਾ ਸਾਹਮਣੇ ਆ ਰਹੀ ਹੈ। ਮੋਟਰਸਾਈਕਲ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ ਤਾਂ ਆਸਾਨੀ ਨਾਲ ਮੋਟਰਸਾਈਕਲ ਚੋਰੀ ਕਰਦੇ ਹੀ ਹਨ ਸਗੋਂ ਹੁਣ ਇਹ ਮੋਟਰਸਾਈਕਲ ਚੋਰ ਪੁਲਿਸ ਸਟੇਸ਼ਨਾਂ ਅੱਗੇ ਖੜੇ ਮੋਟਰਸਾਈਕਲ ਵੀ ਚੋਰੀ ਕਰਨ ਲੱਗੇ ਹਨ। ਪੁਲਿਸ ਭਾਵੇਂ ਮੰਨੇ ਜਾਣਾ ਮੰਨੇ ਪਰ ਇਹ ਚੋਰਾਂ ਦੀ ਪੁਲਿਸ ਨੂੰ ਇੱਕ ਵੱਡੀ ਚੁਣੌਤੀ ਹੈ ਕਿ ਉਹ ਕਿਸੇ ਪੁਲਿਸ ਚੌਂਕੀ ਜਾਂ ਪੁਲਿਸ ਸਟੇਸ਼ਨ ਦੇ ਸਾਹਮਣੇ ਤੋਂ ਹੀ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਹਨ। ਇਹੋ ਜਿਹੇ ਹਾਲਾਤ ਬਰਨਾਲਾ ਦੇ ਬੱਸ ਸਟੈਂਡ ‘ਚ ਬਣੀ ਪੁਲਿਸ ਚੌਂਕੀ ਦੀ ਹੈ ਜਿੱਥੇ ਆਪਣੇ ਕਿਸੇ ਕੰਮ ਧੰਦੇ ਆਏ ਲੋਕਾਂ ਦੇ ਮੋਟਰਸਾਈਕਲ ਚੋਰੀ ਹੋ ਰਹੇ ਹਨ। ਪੁਲਿਸ ਦੇ ਸਾਹਮਣੇ ਇਹ ਵੱਡਾ ਸਵਾਲ ਹੈ ਜੇਕਰ ਪੁਲਿਸ ਚੌਂਕੀ ‘ਚ ਆਪਣੇ ਕੰਮ ਆਏ ਆਮ ਲੋਕਾਂ ਦੇ ਮੋਟਰਸਾਈਕਲ ਚੌਂਕੀ ਦੇ ਬਾਹਰੋਂ ਚੋਰੀ ਹੋ ਰਹੇ ਹਨ ਤਾਂ ਲੋਕਾਂ ਦੇ ਵਾਹਨ ਸੁਰੱਖਿਅਤ ਕਿੱਥੇ ਹਨ। ਬੱਸ ਸਟੈਂਡ ਪੁਲਿਸ ਚੌਂਕੀ ਦੇ ਬਾਹਰੋਂ ਮੋਟਰਸਾਈਕਲ ਚੋਰੀ ਹੋਣ ਦੀ ਇੱਕ ਦਿਲਚਸਪ ਘਟਨਾ ਸਾਹਮਣੇ ਆਈ ਜਿਸ ਤਹਿਤ ਕੋਠੇ ਰਾਮਸਰ ਦੇ ਮੌਜੂਦਾ ਸਰਪੰਚ ਬੀਬੀ ਕਰਨੈਲ ਕੌਰ ਦਾ ਪਤੀ ਭਗਵੰਤ ਸਿੰਘ 12 ਦਸੰਬਰ ਨੂੰ ਆਪਣੇ ਪਿੰਡ ਦੀਆਂ ਦੋ ਧਿਰਾਂ ਦੇ ਰੌਲੇ ਸਬੰਧੀ ਰਾਜ਼ੀਨਾਮਾ ਕਰਵਾਉਣ ਆਇਆ ਪ੍ਰੰਤੂ ਜਦ ਉਹ ਵਾਪਸ ਜਾਣ ਲਈ ਚੌਂਕੀ ਦੇ ਬਾਹਰ ਆਇਆ ਤਾਂ ਉਸ ਦਾ ਮੋਟਰਸਾਈਕਲ ਨੰਬਰ ਪੀਬੀ 19Q 1767 ਪਲਟੀਨਾ 100 ਗਾਇਬ ਸੀ, ਜੋ ਇਧਰ ਉਧਰ ਲੱਭਣ ਤੋਂ ਬਾਅਦ ਕਿਧਰੇ ਨਹੀਂ ਮਿਲਿਆ। ਸਰਪੰਚ ਦੇ ਪਤੀ ਨੇ ਵਾਪਸ ਚੌਂਕੀ ਜਾ ਕੇ ਇਸ ਦੀ ਸੂਚਨਾ ਦਿੱਤੀ ਅਤੇ CCTV ਕੈਮਰੇ ਵੇਖਣ ਦੀ ਇੱਛਾ ਜ਼ਾਹਿਰ ਕੀਤੀ ਤਾਂ ਹੈਰਾਨੀਜਨਕ ਤੱ ਸਾਹਮਣੇ ਆਏ ਕਿ ਪੁਲਿਸ ਚੌਂਕੀ ਦੇ ਪਿਛਲੇ ਲੋੜੀਂਦੇ ਸੀਸੀਟੀਵੀ ਕੈਮਰਾ ਹੀ ਨਹੀਂ ਹੈ ਅਤੇ ਜਿਹੜੇ ਲੱਗੇ ਹੋਏ ਹਨ ਉਹ ਬੰਦ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਬਰਨਾਲਾ ਦੇ ਇੱਕ ਪੱਤਰਕਾਰ ਦਾ ਮੋਟਰਸਾਈਕਲ ਵੀ ਪੁਲਿਸ ਚੌਂਕੀ ‘ਚੋਂ ਹੀ ਚੋਰੀ ਹੋਇਆ ਸੀ, ਉਸ ਵੇਲੇ ਵੀ ਇਹ ਮੁੱਦਾ ਸਾਹਮਣੇ ਆਇਆ ਸੀ ਕਿ ਪੁਲਿਸ ਚੌਂਕੀ ਵਿੱਚ ਪਿਛਲੇ ਪਾਸੇ ਕੈਮਰੇ ਨਹੀਂ ਚੱਲ ਰਹੇ। ਉਹ ਮਾਮਲਾ ਪੱਤਰਕਾਰਾਂ ਨੇ ਐਸਐਸਪੀ ਨੂੰ ਮਿਲ ਕੇ ਧਿਆਨ ਵਿੱਚ ਵੀ ਲਿਆਂਦਾ ਸੀ ਅਤੇ ਉਸ ਵੇਲੇ ਵੀ ਐਸਐਸਪੀ ਨਾਲ ਬੰਦ ਪਏ ਕੈਮਰਿਆਂ ਦੀ ਗੱਲ ਹੋਈ ਪ੍ਰੰਤੂ ਇੰਨੇ ਮਹੀਨੇ ਬੀਤਣ ਦੇ ਬਾਵਜੂਦ ਵੀ ਪੁਲਿਸ ਚੌਂਕੀ ਬੱਸ ਸਟੈਂਡ ਬਰਨਾਲਾ ਦੇ ਸੀਸੀਟੀਵੀ ਕੈਮਰੇ ਬੰਦ ਪਏ ਹਨ। ਕੀ ਪੁਲਿਸ ਚੌਂਕੀ ਦੇ ਇੰਚਾਰਜ ਜਾਂ ਹੋਰ ਪੁਲਿਸ ਅਧਿਕਾਰੀਆਂ ਕੋਲੇ ਇਸ ਸਵਾਲ ਦਾ ਕੋਈ ਜਵਾਬ ਹੈ ਕਿ ਜੇਕਰ ਪੁਲਿਸ ਚੌਂਕੀ ਦੇ ਪਿੱਛੇ ਲੱਗੇ ਕੈਮਰੇ ਹੀ ਬੰਦ ਹਨ ਤਾਂ ਇਸ ਲਈ ਜ਼ਿੰਮੇਵਾਰ ਕੌਣ ਹੈ ? ਕੀ ਪੁਲਿਸ ਚੌਂਕੀ ਦੇ ਪਿਛਲੇ ਪਾਸੇ ਚੌਂਕੀ ‘ਚ ਕੰਮ ਧੰਦੇ ਆਉਣ ਵਾਲੇ ਲੋਕਾਂ ਦੇ ਵਾਹਨ ਚੋਰੀ ਕਰਨ ਲਈ ਇਹ ਚੋਰਾਂ ਨੂੰ ਸਿੱਧਾ ਅਤੇ ਸਪੱਸ਼ਟ ਸੱਦਾ ਹੈ ਕਿ “ਆਓ…ਆਰਾਮ ਨਾਲ ਮੋਟਰਸਾਈਕਲ ਲੈ ਕੇ ਜਾਓ” ? ਜੇਕਰ ਪੁਲਿਸ ਚੌਂਕੀ ਦੇ ਆਲੇ ਦੁਆਲੇ ਚੋਰ ਸਰਗਰਮ ਹਨ ਅਤੇ ਆਰਾਮ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਤਾਂ ਸ਼ਹਿਰ ਦਾ ਕਿਹੜਾ ਕੋਨਾ ਸੁਰੱਖਿਅਤ ਹੈ ? ਇੱਥੇ ਇਹ ਵੀ ਦੱਸ ਦੇਈਏ ਕਿ ਪੁਲਿਸ ਚੌਂਕੀ ਦੇ ਪਿਛਲੇ ਪਾਸੇ ਇੱਕ ਅਜਿਹੀ ਬਸਤੀ ਵੀ ਹੈ ਜਿਸ ਨੂੰ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ “ਹਾੱਟ ਸਪਾੱਟ” ਐਲਾਨ ਕੀਤਾ ਹੋਇਆ ਹੈ, ਇਸ ਦੇ ਬਾਵਜੂਦ ਵੀ ਚੌਂਕੀ ਦੇ ਪਿਛਲੇ ਪਾਸੇ ਸੀਸੀਟੀਵੀ ਕੈਮਰੇ ਨਹੀਂ ਹਨ ਜਾਂ ਬੰਦ ਹਨ। ਚਾਹੀਦਾ ਤਾਂ ਇਹ ਹੈ ਕਿ “ਹਾੱਟ ਸਪਾੱਟ” ਵਾਲੇ ਪਾਸੇ ਹਾਈ ਰੈਜੋਲਿਊਸ਼ਨ ਵਾਲੇ ਸੀਸੀਟੀਵੀ ਕੈਮਰੇ ਲੱਗਣੇ ਚਾਹੀਦੇ ਹਨ ਤਾਂ ਜੋ ਪੁਲਿਸ ਚੌਂਕੀ ਤੋਂ ਸਿੱਧੀ ਬਸਤੀ ਵਿੱਚ ਐਂਟਰੀ ਵਾਲੇ ਰਸਤੇ ‘ਤੇ ਨਜ਼ਰ ਰਹੇ ਪ੍ਰੰਤੂ ਕੌਣ ਕਹੇ ਕਿ ਰਾਣੀਏ ਅੱਗਾ ਢੱਕ…!










