ਚੰਡੀਗੜ੍ਹ,13 ਜਨਵਰੀ, Gee98 news service-
-ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 328 ਗਾਇਬ ਸਰੂਪਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਮਾਮਲੇ ‘ਚ ਮੁਕੱਦਮਾ ਦਰਜ ਕਰਨ ਤੇ ਕੁਝ ਗ੍ਰਿਫ਼ਤਾਰੀਆਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਗਠਿਤ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸਆਈਟੀ) ਨੇ 50 ਤੋਂ 60 ਸਰੂਪਾਂ ਦਾ ਪਤਾ ਲਗਾ ਲਿਆ ਹੈ। ਸੂਤਰਾਂ ਅਨੁਸਾਰ SIT ਦੇ ਮੈਂਬਰ ਹੁਣ ਉਹਨਾਂ ਥਾਵਾਂ ‘ਤੇ ਜਾਣਗੇ ਜਿੱਥੇ ਇਹ ਸਰੂਪ ਪਏ ਹਨ ਅਤੇ ਇਹਨਾਂ ਸਰੂਪਾਂ ਨੂੰ ਅਦਬ ਅਤੇ ਸਤਿਕਾਰ ਸਮੇਤ ਲਿਆਂਦਾ ਜਾਵੇਗਾ। ਇਹ ਵੀ ਜਾਣਕਾਰੀ ਮਿਲੀ ਹੈ ਕਿ SIT ਇਸ ਮਾਮਲੇ ‘ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਪਰਕ ਕਰ ਰਹੀ ਹੈ ਤਾਂ ਕਿ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੂੰ ਨਾਲ ਲੈ ਕੇ ਗੁਰਮਤਿ ਮਰਿਆਦਾ ਤਹਿਤ ਹੀ ਗੁਰੂ ਗ੍ਰੰਥ ਸਾਹਿਬ ਦੇ ਇਹਨਾਂ ਸਰੂਪਾਂ ਨੂੰ ਲਿਆਂਦਾ ਜਾਵੇ। ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਸਰੂਪ ਡੇਰਿਆਂ ਅਤੇ ਘਰਾਂ ‘ਚ ਰੱਖੇ ਹੋਏ ਹਨ ਤੇ ਇਨ੍ਹਾਂ ਨੂੰ ਜਿਨ੍ਹਾਂ ਹਾਲਾਤ ‘ਚ ਰੱਖਿਆ ਹੋਇਆ ਹੈ ਉਹ ਮਰਿਆਦਾ ਦੇ ਖਿਲਾਫ਼ ਹੈ। ਇਸ ਲਈ ਇਨ੍ਹਾਂ ਨੂੰ ਲਿਆਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮਾਂ ਨੂੰ ਲੈ ਕੇ ਜਾਇਆ ਜਾਏਗਾ ਤਾਂ ਜੋ ਇਸਨੂੰ ਰਸਮੀ ਤਰੀਕੇ ਨਾਲ ਲਿਆਂਦਾ ਜਾ ਸਕੇ। ਇਸ ਬਾਰੇ ਐੱਸਆਈਟੀ ਦੀ ਟੀਮ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਵੀ ਸੂਚਿਤ ਕਰ ਦਿੱਤਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ ਇਨਾਂ ਸਰੂਪਾਂ ਵਿੱਚੋਂ ਕੁਝ ਸਰੂਪਾਂ ਦੀ ਜਾਣਕਾਰੀ ਮਿਲਣ ਸੰਬੰਧੀ ਭਾਵੇਂ ਚਰਚਾ ਹੋ ਰਹੀ ਹੈ ਪ੍ਰੰਤੂ ਇਸ ਮਾਮਲੇ ‘ਚ ਸ਼੍ਰੋਮਣੀ ਕਮੇਟੀ ਅਜੇ ਚੁੱਪ ਹੈ।










