Skip to main content

Gee 98News

ਵੱਡੀ ਖ਼ਬਰ…ਪੰਜਾਬ ਦੀ ਤੀਰਥ ਯਾਤਰਾ ਯੋਜਨਾ ‘ਚ ਬਿਨਾਂ ਪਰਮਿਟ ਤੋਂ ਚੱਲ ਰਹੀਆਂ ਬੱਸਾਂ ਨੂੰ ਉੱਤਰਾਖੰਡ ਸਰਕਾਰ ਨੇ ਕੀਤਾ ਭਾਰੀ ਜੁਰਮਾਨਾ

– ਪੰਜਾਬ ਦੀ ਤੀਰਥ ਯਾਤਰਾ ਯੋਜਨਾ ‘ਚ ਲੱਗੀਆਂ ਬੱਸਾਂ ਗ਼ੈਰ ਕਾਨੂੰਨੀ- ARTO ਹਰਿਦੁਆਰ
ਚੰਡੀਗੜ੍ਹ, 29 ਅਕਤੂਬਰ, Gee98 news service
-ਪੰਜਾਬ ਸਰਕਾਰ ਨੂੰ ਤੀਰਥ ਯਾਤਰਾ ਯੋਜਨਾ ਸੰਬੰਧੀ ਉਸ ਵੇਲੇ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਜਦੋਂ ਸਰਕਾਰ ਵੱਲੋਂ ਤੀਰਥ ਯਾਤਰਾ ਯੋਜਨਾ ਲਈ ਲੱਗੀਆਂ ਬੱਸਾਂ ਦੇ ਚਾਲਾਨ ਕੱਟੇ ਗਏ। ਪੰਜਾਬ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਦੇ ਦੌਰਾਨ ਉੱਤਰਾਖੰਡ ਦੇ ਹਰਿਦੁਆਰ ਵਿੱਚ ਕਈ ਬੱਸਾਂ ਵਿੱਚ ਚੈਕਿੰਗ ਦੌਰਾਨ ਵੱਡੀਆਂ ਕਮੀਆਂ ਸਾਹਮਣੇ ਆਈਆਂ ਹਨ। ਇਹਨਾਂ ਵਿੱਚੋਂ ਕਈ ਬੱਸਾਂ ਦੇ ਕੋਲ ਨਾ ਤਾਂ ਪਰਮਿਟ ਸੀ ਅਤੇ ਨਾ ਹੀ ਇਹਨਾਂ ਨੇ ਟੈਕਸ ਜਮ੍ਹਾਂ ਕਰਵਾਇਆ ਸੀ, ਇਥੋਂ ਤੱਕ ਕਿ ਇਹ ਬੱਸਾਂ ਯਾਤਰੀਆਂ ਦੀ ਸੁਰੱਖਿਆ ਤੇ ਨਜ਼ਰੀਏ ਤੋਂ ਵੀ ਅਣਫਿੱਟ ਨਿਕਲੀਆਂ। ਪ੍ਰਾਪਤ ਜਾਣਕਾਰੀ ਅਨੁਸਾਰ ਹਰਿਦੁਆਰ ਟਰਾਂਸਪੋਰਟ ਵਿਭਾਗ ਵੱਲੋਂ ਪੰਜਾਬ ਤੋਂ ਹਰਿਦੁਆਰ ਤੀਰਥ ਯਾਤਰਾ ਯੋਜਨਾ ਤਹਿਤ ਗਈਆਂ ਇਨਾਂ ਬੱਸਾਂ ਨੂੰ ਤਾਂ ਕਾਗਜ਼ ਅਧੂਰੇ ਹੋਣ ਕਰਕੇ ਅਤੇ ਯਾਤਰੀਆਂ ਦੀ ਸੁਰੱਖਿਆ ਮਾਪਦੰਡਾਂ ‘ਤੇ ਪੂਰੇ ਨਾ ਉਤਰਨ ਕਰਕੇ ਬੰਦ ਵੀ ਕਰ ਦਿੱਤਾ ਗਿਆ ਹੈ। ਹਰਿਦੁਆਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਬੱਸਾਂ ਜਿੱਥੇ ਰਾਜ ਦੇ ਟੈਕਸ ਨੂੰ ਚੂਨਾ ਲਗਾ ਰਹੀਆਂ ਹਨ ਉੱਥੇ ਯਾਤਰੀਆਂ ਦੀ ਜ਼ਿੰਦਗੀ ਨਾਲ ਵੀ ਖਿਲਵਾੜ ਕਰ ਰਹੀਆਂ ਹਨ।

   -ਕੀ ਕਹਿਣਾ ਹੈ ਹਰਿਦੁਆਰ ਦੇ ARTO ਦਾ
     ਹਰਿਦੁਆਰ ਟਰਾਂਸਪੋਰਟ ਵਿਭਾਗ ਦੀ ARTO ਵਰੁਣ ਸੈਨੀ ਨੇ ਕਿਹਾ ਕਿ ਪੰਜਾਬ ਤੋਂ ਤੀਰਥ ਯਾਤਰਾ ਯੋਜਨਾ ਤਹਿਤ ਰੋਜ਼ਾਨਾ 10 ਬੱਸਾਂ ਆਉਂਦੀਆਂ ਹਨ ਇਹਨਾਂ ਵਿੱਚੋਂ 5 ਬੱਸਾਂ ਵਾਪਸ ਚਲੀਆਂ ਜਾਂਦੀਆਂ ਹਨ ਅਤੇ ਪੰਜ ਬੱਸਾਂ ਆਉਂਦੀਆਂ ਹਨ। ਉਹਨਾਂ ਕਿਹਾ ਕਿ ਇਹ ਬੱਸਾਂ ਪੰਜਾਬ ਵਿੱਚ ਰਜਿਸਟਰਡ ਹੀ ਨਹੀਂ ਹਨ। ਇਹਨਾਂ ਵਿੱਚੋਂ ਬਹੁਤੀਆਂ ਬੱਸਾਂ ਮੱਧ ਪ੍ਰਦੇਸ਼, ਨਾਗਾਲੈਂਡ, ਅਰੁਣਾਚਲ ਪ੍ਰਦੇਸ਼ ਅਤੇ ਉੱਤਰ ਪ੍ਰਦੇਸ਼ ਵਿੱਚ ਰਜਿਸਟਰਡ ਹਨ। ਉਹਨਾਂ ਦੱਸਿਆ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਬੱਸਾਂ ਕੋਲ ਪਰਮਿਟ ਹੀ ਨਹੀਂ ਹੈ ਅਤੇ ਇਹਨਾਂ ਬੱਸਾਂ ਨੇ ਟੈਕਸੀ ਵੀ ਜਮਾਂ ਨਹੀਂ ਕਰਵਾਇਆ ਹੋਇਆ।
    -ਬੱਸਾਂ ਦੀ ਬਾਡੀ ਨਾਲ ਵੀ ਕੀਤੀ ਗਈ ਹੈ ਛੇੜਛਾੜ
ਹਰਿਦੁਆਰ ਟਰਾਂਸਪੋਰਟ ਵਿਭਾਗ ਦੇ ਮੋਟਰ ਵਹੀਕਲ ਇੰਸਪੈਕਟਰ ਆਨੰਦ ਵਰਧਨ ਨੇ ਕਿਹਾ ਕਿ ਇਹਨਾਂ ਬੱਸਾਂ ਦੀ ਬਾਡੀ ਨਾਲ ਵੀ ਛੇੜਛਾੜ ਕਰਕੇ ਇਹਨਾਂ ਦੀ ਬਾਡੀ ਗ਼ੈਰ ਕਾਨੂੰਨੀ ਤਰੀਕੇ ਨਾਲ ਵਧਾ ਦਿੱਤੀ ਗਈ ਹੈ ਤਾਂ ਜੋ ਵੱਧ ਸੀਟਾਂ ਲਗਾਈਆਂ ਜਾ ਸਕਣ, ਉਹਨਾਂ ਕਿਹਾ ਕਿ ਬੱਸ ਦੇ ਪਿਛਲੇ ਟਾਇਰ ਤੋਂ ਪਿਛਲਾ ਹਿੱਸਾ ਨਿਯਮਾਂ ਅਨੁਸਾਰ 60 ਪ੍ਰਤੀਸ਼ਤ ਹੋਣਾ ਚਾਹੀਦਾ ਹੈ ਜਦਕਿ ਪੰਜਾਬ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਵਿੱਚ ਲਗਾਈਆਂ ਇਹਨਾਂ ਬੱਸਾਂ ਵਿੱਚ ਪਿਛਲੇ ਟਾਇਰ ਤੋਂ ਪਿਛਲਾ ਹਿੱਸਾ 70 ਤੋਂ 77% ਤੱਕ ਹੈ। ਹਰਿਦੁਆਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਇਹਨਾਂ ਬੱਸਾਂ ਵਿੱਚ ਐਮਰਜੈਂਸੀ ਖਿੜਕੀ ਵੀ ਨਹੀਂ ਹੈ ਅਤੇ ਇਹ ਵੀ ਹੈਰਾਨੀ ਦੀ ਗੱਲ ਹੈ ਕਿ ਤੀਰਥ ਯਾਤਰਾ ਯੋਜਨਾ ਦੀਆਂ ਇਹਨਾਂ ਬੱਸਾਂ ਵਿੱਚ ਐਂਟੀ ਫਾਇਰ ਸਿਸਟਮ ਵੀ ਨਹੀਂ ਹੈ ਜਿਹੜਾ ਕਿ ਨਿਯਮਾਂ ਅਨੁਸਾਰ ਅਜਿਹੀਆਂ ਬੱਸਾਂ ਵਿੱਚ ਹੋਣਾ ਬਹੁਤ ਜ਼ਰੂਰੀ ਹੈ। ਮੋਟਰ ਵਹੀਕਲ ਇੰਸਪੈਕਟਰ ਨੇ ਕਿਹਾ ਕਿ ਬੱਸਾਂ ਦੀ ਲੰਬਾਈ ਵਧਾ ਕੇ ਉਹਨਾਂ ਨੂੰ ਓਵਰਲੋਡ ਕੀਤਾ ਗਿਆ ਹੈ ਅਤੇ ਅਜਿਹਾ ਕਰਕੇ ਯਾਤਰੀਆਂ ਦੀ ਜਾਨ ਨਾਲ ਸਿੱਧੇ ਤੌਰ ‘ਤੇ ਖਿਲਵਾੜ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬੱਸਾਂ ਵਿੱਚ ਐਮਰਜੈਂਸੀ ਖਿੜਕੀ ਅਤੇ ਐਂਟੀਫਾਇਰ ਸਿਸਟਮ ਨਾ ਹੋਣ ਦੇ ਕਾਰਨ ਵੀ ਯਾਤਰੀਆਂ ਦੀ ਜਾਨ ਨੂੰ ਸਿੱਧਾ ਖਤਰਾ ਹੈ। ਏਆਰਟੀਓ ਨੇ ਕਿਹਾ ਕਿ ਇਹਨਾਂ ਬੱਸਾਂ ਦੇ ਮਾਲਕਾਂ ਨੂੰ ਚੇਤਾਵਨੀ ਦਿੱਤੀ ਗਈ ਹੈ ਅਤੇ ਇਹਨਾਂ ਨੂੰ ਜੁਰਮਾਨਾ ਲਗਾ ਕੇ ਛੱਡ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਮਾਲਕਾਂ ਨੇ ਭਰੋਸਾ ਦਿੱਤਾ ਕਿ ਉਹ ਸਾਰੀਆਂ ਕਮੀਆਂ ਦੂਰ ਕਰਨਗੇ। ARTO ਨੇ ਇਹ ਵੀ ਚੇਤਾਵਨੀ ਦਿੱਤੀ ਕਿ ਜੇਕਰ ਇਹ ਬੱਸਾਂ ਬਿਨਾਂ ਕਮੀਆਂ ਦੂਰ ਕੀਤੇ ਦੁਬਾਰਾ ਹਰਿਦੁਆਰ ਆਉਣਗੀਆਂ ਤਾਂ ਇਹਨਾਂ ਨੂੰ ਪੱਕੇ ਤੌਰ ‘ਤੇ ਬੰਦ ਕਰ ਦਿੱਤਾ ਜਾਵੇਗਾ। ਮੋਟਰ ਵਹੀਕਲ ਇੰਸਪੈਕਟਰ ਆਨੰਦ ਵਰਧਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਤੀਰਥ ਯਾਤਰਾ ਯੋਜਨਾ ਦਾ ਜਿਸ ਕੰਪਨੀ ਨੂੰ ਠੇਕਾ ਦਿੱਤਾ ਹੈ ਉਸ ਨੂੰ ਯਾਤਰੀਆਂ ਦੀ ਜਾਨ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ। ‌ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਜਿਹੜੀਆਂ ਬੱਸਾਂ ਇਸ ਯੋਜਨਾ ਵਿੱਚ ਲਗਾਈਆਂ ਗਈਆਂ ਹਨ ਉਹ ਸਾਰੀਆਂ ਨਿਯਮਾਂ ਦੇ ਅਨੁਸਾਰ ਹੀ ਸੜਕ ‘ਤੇ ਚੱਲ ਰਹੀਆਂ ਹੋਣ। ‌ ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਵਿਰੋਧੀ ਪਾਰਟੀਆਂ ਪਹਿਲਾਂ ਹੀ ਪੰਜਾਬ ਸਰਕਾਰ ਦੀ ਤੀਰਥ ਯਾਤਰਾ ਯੋਜਨਾ ‘ਤੇ ਸਵਾਲ ਚੁੱਕ ਰਹੀਆਂ ਹਨ ਕਿ ਇਸ ਯੋਜਨਾ ਤਹਿਤ ਗ਼ੈਰ ਕਾਨੂੰਨੀ ਤੌਰ ‘ਤੇ ਬੱਸਾਂ ਚਲਾਈਆਂ ਜਾ ਰਹੀਆਂ ਹਨ ਅਤੇ ਪੰਜਾਬ ਦੀ “ਆਪ” ਸਰਕਾਰ ਨੇ ਆਪਣੀ ਸ਼ਹੀਦੀ ਨੂੰ ਇਸ ਯੋਜਨਾ ਲਈ ਟਰਾਂਸਪੋਰਟ ਦਾ ਪ੍ਰਬੰਧ ਕਰਨ ਵਾਸਤੇ ਠੇਕਾ ਦਿੱਤਾ ਹੋਇਆ ਹੈ ਅਤੇ ਠੇਕੇਦਾਰ ਵੱਲੋਂ ਪੰਜਾਬ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਚੂਨਾ ਲਗਾਇਆ ਜਾ ਰਿਹਾ ਹੈ ਪ੍ਰੰਤੂ ਪੰਜਾਬ ਦੀ ਸੱਤਾਧਾਰੀ ਪਾਰਟੀ ਵੱਲੋਂ ਵਿਰੋਧੀਆਂ ਦੇ ਕਿਸੇ ਵੀ ਅਜਿਹੇ ਦੋਸ਼ ਦਾ ਕਦੇ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਹੁਣ ਉਤਰਾਖੰਡ ਦੀ ਸਰਕਾਰ ਵੱਲੋਂ ਪੰਜਾਬ ਸਰਕਾਰ ਦੀ ਤੀਰਥ ਯਾਤਰਾ ਯੋਜਨਾ ਵਿੱਚ ਲਗਾਈਆਂ ਬੱਸਾਂ ਦੇ ਖ਼ਿਲਾਫ਼ ਕੀਤੀ ਗਈ ਕਾਰਵਾਈ ਨੂੰ ਪੰਜਾਬ ਸਰਕਾਰ ਲਈ ਨਮੋਸ਼ੀ ਭਰੀ ਮੰਨਿਆ ਜਾ ਰਿਹਾ ਹੈ।
ਫੋਟੋ ਕੈਪਸ਼ਨ-ਹਰਿਦੁਆਰ ‘ਚ ਪੰਜਾਬ ਦੀ ਤੀਰਥ ਯਾਤਰਾ ਯੋਜਨਾ ਦੀਆਂ ਬੱਸਾਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਹਰਿਦੁਆਰ ਟਰਾਂਸਪੋਰਟ ਵਿਭਾਗ ਦੇ ਅਧਿਕਾਰੀ ‌

error: Content is protected !!