ਬਰਨਾਲਾ, 21 ਨਵੰਬਰ (ਸੋਨੀ ਧਨੌਲਾ) :
ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਜ਼ਿਲਾ ਬਰਨਾਲਾ ’ਚ 21 ਨਵੰਬਰ ਤੋਂ 4 ਦਸੰਬਰ ਤੱਕ ਪੁਰਸ਼ ਨਸਬੰਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਾਣਕਾਰੀ ਦਿੰਦਿਆ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਇਸ ਪੰਦਰਵਾੜੇ ਦਾ ਵਿਸ਼ਾ ‘ਹੁਣ ਪੁਰਸ਼ ਨਿਭਾਉਣਗੇ ਜ਼ਿੰਮੇਵਾਰੀ, ਪਰਿਵਾਰ ਨਿਯੋਜਨ ਅਪਣਾ ਕੇ ਦਿਖਾਉਣਗੇ ਆਪਣੀ ਭਾਗੀਦਾਰੀ’ ਤਹਿਤ ਪੁਰਸ਼ਾਂ ਦੀ ਭਾਗੀਦਾਰੀ ਬਹੁਤ ਜ਼ਰੂਰੀ ਹੈ। ਪੁਰਸ਼ ਨਸਬੰਦੀ ’ਚ ਕੋਈ ਚੀਰਾ ਜਾਂ ਟਾਂਕਾ ਨਹੀਂ ਲਗਾਇਆ ਜਾਂਦਾ, ਇੱਕ ਘੰਟੇ ਬਾਅਦ ਉਹ ਘਰ ਜਾ ਸਕਦਾ ਹੈ ਅਤੇ 72 ਘੰਟੇ ਬਾਅਦ ਉਹ ਆਮ ਵਾਂਗ ਛੋਟੇ ਕੰਮ ਕਰ ਸਕਦਾ ਹੈ। ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਪ੍ਰਵੇਸ਼ ਕੁਮਾਰ ਨੇ ਦੱਸਿਆ ਕਿ 21 ਨਵੰਬਰ ਤੋਂ 27 ਨਵੰਬਰ ਤੱਕ ਸਿਹਤ ਵਿਭਾਗ ਬਰਨਾਲਾ ਵੱਲੋਂ ਪੁਰਸ਼ ਨਸਬੰਦੀ ਕਰਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ 28 ਨਵੰਬਰ ਤੋਂ 4 ਦਸੰਬਰ ਤੱਕ ਅਪ੍ਰੇਸ਼ਨ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੁਰਸ਼ ਨਸਬੰਦੀ ਕਰਾਉਣ ਨਾਲ ਕਿਸੇ ਵੀ ਕਿਸਮ ਦੀ ਕਮਜ਼ੋਰੀ ਨਹੀਂ ਹੁੰਦੀ। ਜ਼ਿਲਾ ਮਾਸ ਮੀਡੀਆ ਤੇ ਸੂਚਨਾ ਅਫ਼ਸਰ ਕੁਲਦੀਪ ਸਿੰਘ ਮਾਨ ਅਤੇ ਹਰਜੀਤ ਸਿੰਘ ਬਾਗੀ ਜ਼ਿਲਾ ਬੀਸੀਸੀ ਨੇ ਦੱਸਿਆ ਕਿ ਨਸਬੰਦੀ ਕਰਾਉਣ ਵਾਲੇ ਨੂੰ 1100 ਰੁਪਏ ਅਤੇ ਪ੍ਰੇਰਿਤ ਕਰਨ ਵਾਲੇ ਨੂੰ 200 ਰੁਪਏ ਦਿੱਤਾ ਜਾਵੇਗਾ।