ਚੰਡੀਗੜ੍ :- ਬੱਚਿਆਂ ਦੇ ਦਾਦਾ-ਦਾਦੀ ਦੀ ਐਂਟਰੀ ਸਕੂਲ ਦੇ ਸਮਾਗਮ ’ਚ ਬੈਨ ਕਰਨ ਵਾਲੇ ਇੱਕ ਪ੍ਰਾਈਵੇਟ ਸਕੂਲ ਦੇ ਖਿਲਾਫ਼ ਸੂਬੇ ਦੇ ਸਿੱਖਿਆ ਮੰਤਰੀ ਨੇ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ 20 ਨਵੰਬਰ ਨੂੰ ਖੰਨਾ ਦੇ ਗਰੀਨ ਗਰੋਵ ਪਬਲਿਕ ਸਕੂਲ ਵੱਲੋਂ ਆਪਣੇ ਸਮਾਗਮ ਵਿੱਚ ਸਿਰਫ਼ ਬੱਚਿਆਂ ਦੇ ਮਾਤਾ-ਪਿਤਾ ਨੂੰ ਹੀ ਆਉਣ ਲਈ ਲਿਖਤੀ ਹਦਾਇਤਾਂ ਦਿੱਤੀਆਂ ਗਈਆਂ ਸਨ ਜਦ ਕਿ ਬੱਚਿਆਂ ਦੇ ਦਾਦਾ-ਦਾਦੀ ਨੂੰ ਸਮਾਗਮ ਵਿੱਚ ਆਉਣ ਤੋਂ ਮਨਾਂ ਕੀਤਾ ਗਿਆ ਸੀ। ਇਹ ਮਾਮਲਾ ਜਦ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿੱਚ ਆਇਆ ਤਾਂ ਉਨਾਂ ਨੇ ਸਕੂਲ ਦੀ ਇਸ ਕਾਰਵਾਈ ਨੂੰ ਬਜ਼ੁਰਗਾਂ ਦਾ ਅਨਾਦਰ ਕਰਾਰ ਦਿੰਦੇ ਹੋਏ ਵਿਭਾਗ ਦੇ ਅਧਿਕਾਰੀਆਂ ਨੂੰ ਸਕੂਲ ਖਿਲਾਫ਼ ਬਣਦੀ ਕਾਰਵਾਈ ਦੇ ਹੁਕਮ ਦਿੱਤੇ।