–ਬਿਜਲੀ ਸਬੰਧੀ ਪੰਜਾਬ ਵਾਸੀਆਂ ਨੂੰ ਕੇਜਰੀਵਾਲ ਨੇ ਦਿੱਤੀ ਗਰੰਟੀ
–ਪੰਜਾਬ ਦੀ ਰਾਜਨੀਤੀ ਨੂੰ ਲਾਇਆ ਕਰੰਟ
ਚੰਡੀਗੜ੍ਹ 29 ਜੁੂਨ (ਨਿਰਮਲ ਸਿੰਘ ਪੰਡੋਰੀ) 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ “ਪਾਵਰ” ਵਿੱਚ ਆਉਣ ਲਈ ਆਪਣਾ ਪਹਿਲਾ “ਪਾਵਰ ਪੰਚ” ਠੋਕ ਦਿੱਤਾ ਹੈ। ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਅੱਜ ਆਪਣੀ ਚੰਡੀਗੜ੍ਹ ਫੇਰੀ ਦੌਰਾਨ ਪੰਜਾਬ ਦੀ ਪਾਵਰ ਆਪਣੇ ਹੱਥ ਵਿੱਚ ਕਰਨ ਲਈ ਪੰਜਾਬ ਦੇ ਲੋਕਾਂ ਨੂੰ 24 ਘੰਟੇ ਪਾਵਰ (ਬਿਜਲੀ) ਦੇਣ ਦਾ ਐਲਾਨ ਕੀਤਾ ਅਤੇ ਨਾਲ ਹੀ 300 ਯੂਨਿਟ ਤਕ ਮੁਫ਼ਤ ਬਿਜਲੀ ਸਾਰੇ ਵਰਗਾਂ ਨੂੰ ਦੇਣ ਦਾ ਐਲਾਨ ਵੀ ਕੀਤਾ। ਅਰਵਿੰਦ ਕੇਜਰੀਵਾਲ ਨੇ ਬਿਜਲੀ ਦੇ ਸਾਰੇ ਬਕਾਇਆ ਬਿੱਲ ਮੁਆਫ਼ ਕਰਨ ਦਾ ਐਲਾਨ ਵੀ ਕੀਤਾ। ਚੰਡੀਗੜ੍ਹ ਦੇ ਪ੍ਰੈੱਸ ਕਲੱਬ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਪਹਿਲਾ ਐਲਾਨ 300 ਯੂਨਿਟ ਤੱਕ ਸਾਰੇ ਵਰਗਾਂ ਲਈ ਮੁਫਤ ਬਿਜਲੀ ਦੇਣ ਦਾ ਕੀਤਾ ਪਰ ਨਾਲ ਹੀ ਇਹ ਵੀ ਦੱਸ ਦਿੱਤਾ ਕਿ ਜੇਕਰ 300 ਤੋਂ ਵਧ ਕੇ 301 ਯੂਨਿਟ ਹੋ ਜਾਂਦੀ ਹੈ ਤਾਂ ਸਾਰਾ ਬਿੱਲ ਭਰਨਾ ਪਵੇਗਾ। ਦੂਜਾ ਐਲਾਨ ਸਾਰੇ ਲੋਕਾਂ ਦੇ ਪਿਛਲੇ ਸਾਰੇ ਬਕਾਇਆ ਬਿੱਲ ਮੁਆਫ਼ ਕਰਨ ਦਾ ਕੀਤਾ ਅਤੇ ਤੀਜਾ ਐਲਾਨ 24 ਘੰਟੇ ਬਿਜਲੀ ਸਪਲਾਈ ਦੇਣ ਦਾ ਕੀਤਾ। ਇਨ੍ਹਾਂ ਐਲਾਨਾਂ ਸਬੰਧੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਇਹ “ਕੇਜਰੀਵਾਲ ਦੀ ਗਰੰਟੀ ਹੈ ਕੈਪਟਨ ਦੇ ਵਾਅਦੇ ਨਹੀਂ ਹਨ”। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਸਾਰੀ ਬਿਜਲੀ ਬਾਹਰੋਂ ਖ਼ਰੀਦਦੀ ਹੈ ਇਸ ਦੇ ਬਾਵਜੂਦ ਵੀ ਦਿੱਲੀ ਵਿੱਚ ਲੋਕਾਂ ਨੂੰ ਮੁਫ਼ਤ ਅਤੇ ਪੂਰੀ ਬਿਜਲੀ ਸਪਲਾਈ ਦਿੱਤੀ ਜਾਂਦੀ ਹੈ ਪਰ ਪੰਜਾਬ ਖ਼ੁਦ ਬਿਜਲੀ ਉਤਪਾਦਨ ਕਰਦਾ ਹੈ ਇਸ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੂੰ ਪੂਰੀ ਬਿਜਲੀ ਸਪਲਾਈ ਨਹੀਂ ਮਿਲਦੀ ਅਤੇ ਮਹਿੰਗੀ ਬਿਜਲੀ ਦਿੱਤੀ ਜਾਂਦੀ ਹੈ। ਕੇਜਰੀਵਾਲ ਨੇ ਪੰਜਾਬ ‘ਚ ਮਹਿੰਗੀ ਬਿਜਲੀ ਸਪਲਾਈ ਦਾ ਮੁੱਖ ਕਾਰਨ ਬਿਜਲੀ ਕੰਪਨੀਆਂ ਅਤੇ ਸੱਤਾਧਾਰੀਆਂ ਵਿਚਕਾਰ ਗੰਢਤੁਪ ਨੂੰ ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ‘ਤੇ ਬਿਜਲੀ ਕੰਪਨੀਆਂ ਨਾਲ ਹੋਈ ਗੰਢਤੁੱਪ ਤੋੜ ਦਿੱਤੀ ਜਾਵੇਗੀ ਪਰ ਕੇਜਰੀਵਾਲ ਨੇ ਇਹ ਅੈਲਾਨ ਖੁੱਲ੍ਹ ਕੇ ਨਹੀਂ ਕੀਤਾ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਬਿਜਲੀ ਕੰਪਨੀਆਂ ਨਾਲ ਕੀਤੇ ਵਾਅਦੇ ਤੋੜੇ ਜਾਣਗੇ ਜਾਂ ਨਹੀਂ। ਕੇਜਰੀਵਾਲ ਨੇ ਕਿਹਾ ਕਿ ਬਿਜਲੀ ਪੰਜਾਬ ਦਾ ਵੱਡਾ ਮੁੱਦਾ ਹੈ ਜਿਸ ਲਈ ਆਮ ਆਦਮੀ ਪਾਰਟੀ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਧਰਨੇ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਦੇ ਮਹੀਨੇ ਦੇ ਖਰਚੇ ਦਾ ਅੱਧਾ ਹਿੱਸਾ ਬਿਜਲੀ ਦੇ ਬਿੱਲਾਂ ਵਿੱਚ ਹੀ ਚਲਿਆ ਜਾਂਦਾ ਹੈ।ਆਪਣੀਆਂ ਗਿਣਤੀਆਂ-ਮਿਣਤੀਆਂ ਦੇ ਆਧਾਰ ‘ਤੇ ਕੇਜਰੀਵਾਲ ਨੇ ਦਾਅਵਾ ਕੀਤਾ ਕਿ 300 ਯੂਨਿਟ ਤੱਕ ਮੁਫਤ ਬਿਜਲੀ ਦੇਣ ਨਾਲ ਪੰਜਾਬ ‘ਚ 77 ਤੋਂ 80 ਫ਼ੀਸਦੀ ਲੋਕਾਂ ਦੀ ਬਿਜਲੀ ਦਾ ਬਿੱਲ ਜ਼ੀਰੋ ਹੋ ਜਾਵੇਗਾ। ਬਿਜਲੀ ਦਾ ਬਿੱਲ ਨਾ ਭਰਨ ਕਰਕੇ ਜਿਨ੍ਹਾਂ ਲੋਕਾਂ ਵੱਲ ਬਿਜਲੀ ਬੋਰਡ ਦਾ ਹਜ਼ਾਰਾਂ ਰੁਪਏ ਦਾ ਬਕਾਇਆ ਖੜ੍ਹਾ ਹੈ ਉਹ ਸਾਰਾ ਬਕਾਇਆ ਮੁਆਫ਼ ਕਰਨ ਦਾ ਐਲਾਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਬਿੱਲ ਨਾ ਭਰਨ ਕਰਕੇ ਕੱਟੇ ਹੋਏ ਕੁਨੈਕਸ਼ਨ ਵੀ ਬਹਾਲ ਕੀਤੇ ਜਾਣਗੇ। ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਪਹਿਲੀ ਕਲਮ ਨਾਲ ਪਹਿਲੇ ਦੋ ਵਾਅਦੇ ਪੂਰੇ ਕੀਤੇ ਜਾਣਗੇ ਪਰ 24 ਘੰਟੇ ਬਿਜਲੀ ਸਪਲਾਈ ਦੇਣ ਲਈ ਤਿੰਨ ਤੋਂ ਚਾਰ ਸਾਲ ਦਾ ਸਮਾਂ ਲੱਗੇਗਾ। ਬਿਜਲੀ ਸਬੰਧੀ ਉਕਤ ਐਲਾਨ ਕਰਦੇ ਸਮੇਂ ਕੇਜਰੀਵਾਲ ਨੇ ਪੰਜਾਬ ਦੀਆਂ ਮਹਿਲਾਵਾਂ ਨੂੰ ਵਿਸ਼ੇਸ਼ ਵਧਾਈ ਦਿੱਤੀ ਜਿਸ ਤੋਂ ਲੱਗਦਾ ਹੈ ਕਿ ਅਗਲੀਆਂ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਦਾ ਧਿਆਨ ਪੰਜਾਬ ਦੇ ਮਹਿਲਾ ਵੋਟਰ ਵਰਗ ‘ਤੇ ਜ਼ਿਆਦਾ ਕੇਂਦਰਤ ਹੋਵੇਗਾ। ਕੇਜਰੀਵਾਲ ਨੇ ਕਿਹਾ ਕਿ ਪੰਜਾਬ ‘ਚ ਪੈਸੇ ਦੀ ਕਮੀ ਨਹੀਂ ਪਰ ਸਿਆਸੀ ਗੰਢਤੁੱਪ ਕਾਰਨ ਪੰਜਾਬ ਦਾ ਪੈਸਾ ਮਾਫ਼ੀਆ ਕੋਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਬਣਨ ਤੋਂ ਬਾਅਦ ਪੰਜਾਬ ਦਾ ਰੈਵੇਨਿਊ ਦੁੱਗਣਾ ਕੀਤਾ ਜਾਵੇਗਾ। ਬੇਅਦਬੀ ਘਟਨਾਵਾਂ ਸਬੰਧੀ ਸਵਾਲ ਦੇ ਜਵਾਬ ‘ਚ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਅਕਾਲੀ ਦਲ ਦੀ ਮਿਲੀਭੁਗਤ ਹੈ ਪ੍ਰੰਤੂ ਆਮ ਆਦਮੀ ਪਾਰਟੀ ਬੇਅਦਬੀ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਵੇਗੀ। ਪੰਜਾਬ ‘ਚ ਬੇਰੁਜ਼ਗਾਰੀ ਦੀ ਸਮੱਸਿਆ ਸਬੰਧੀ ਪੱਤਰਕਾਰਾਂ ਵੱਲੋਂ ਕੀਤੇ ਸਵਾਲ ਦੇ ਜਵਾਬ ‘ਚ ਕੇਜਰੀਵਾਲ ਨੇ ਕਿਹਾ ਕਿ ਦੋ ਮਹੀਨੇ ਬਾਅਦ ਪੰਜਾਬ ‘ਚ ਰੁਜ਼ਗਾਰ ਦੀ ਗਰੰਟੀ ਲੈ ਕੇ ਫਿਰ ਆਵਾਂਗਾ। ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਬਿਜਲੀ ਸਬੰਧੀ ਕੀਤੇ ਅਹਿਮ ਐਲਾਨਾਂ ਨੇ ਪੰਜਾਬ ਦੀ ਰਾਜਨੀਤੀ ਵਿੱਚ ਗਰਮਾਹਟ ਪੈਦਾ ਕਰ ਦਿੱਤੀ ਅਤੇ ਆਉਣ ਵਾਲੇ ਦਿਨਾਂ ‘ਚ ਇਨ੍ਹਾਂ ਐਲਾਨਾਂ ‘ਤੇ ਚਰਚਾ ਪੂਰੇ ਜ਼ੋਰਾਂ ਸ਼ੋਰਾਂ ਨਾਲ ਹੋਵੇਗੀ। ਅਰਵਿੰਦ ਕੇਜਰੀਵਾਲ ਇਹ ਅੈਲਾਨ ਕਰਕੇ ਚੰਡੀਗੜ੍ਹ ਤੋਂ ਦਿੱਲੀ ਲਈ ਉਡਾਰੀ ਮਾਰ ਗਏ ਹਨ ਪ੍ਰੰਤੂ ਪੰਜਾਬ ‘ਚ ਆਪ ਆਗੂਆਂ ਨੂੰ ਆਉਣ ਵਾਲੇ ਦਿਨਾਂ ‘ਚ ਇਨ੍ਹਾਂ ਸਵਾਲਾਂ ਦਾ ਸਾਹਮਣਾ ਕਰਨਾ ਪਵੇਗਾ ਕਿ… ਆਖ਼ਰ…ਊਠ ਪਹਾੜ ਉੱਤੇ ਕਿਵੇਂ ਚੜ੍ਹੇਗਾ…!
