Gee 98News

ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਨਮੂਨੀਏ ਦਾ ਖਤਰਾ ਵੱਧ: ਜ਼ਿਲ੍ਹਾ ਟੀਕਾਕਰਨ ਅਫਸਰ

ਬਰਨਾਲਾ 12 ਜਨਵਰੀ (ਸੋਨੀ ਧਨੌਲਾ)-

ਸਿਹਤ ਵਿਭਾਗ ਦੀ ਮੁਹਿੰਮ ਤਹਿਤ ਇੰਚਾਰਜ ਸਿਵਲ ਸਰਜਨ ਬਰਨਾਲਾ ਡਾ. ਪਰਵੇਸ਼ ਕੁਮਾਰ ਦੀ ਅਗਵਾਈ ਹੇਠ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਨਮੂਨੀਆ ਬਿਮਾਰੀ ਤੋਂ ਬਚਾਅ ਲਈ ਸਟਾਫ ਨਰਸਾਂ, ਸੀਐਚਓਜ਼, ਏਐਨਐਮਜ਼ ਤੇ ਆਸ਼ਾ ਵਰਕਰਾਂ ਨੂੰ ਟਰੇਨਿੰਗ ਦਿੱਤੀ ਗਈ ਹੈ,ਇਹ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਟੀਕਾਕਰਨ ਅਫਸਰ ਬਰਨਾਲਾ ਡਾ. ਗੁਰਬਿੰਦਰ ਕੌਰ ਨੇ ਦੱਸਿਆ ਕਿ ਪੰਜ ਸਾਲ ਤੋਂ ਛੋਟੀ ਉਮਰ ਦੇ ਬੱਚਿਆਂ ਲਈ ਨਮੂਨੀਆ ਇੱਕ ਗੰਭੀਰ ਬਿਮਾਰੀ ਹੈ, ਜਿਸ ਦਾ ਸਮੇਂ ਸਿਰ ਇਲਾਜ ਨਾ ਕਰਾਉਣਾ ਜਾਨਲੇਵਾ ਸਾਬਿਤ ਹੋ ਸਕਦਾ ਹੈ। ਡਾ. ਗੁਰਬਿੰਦਰ ਕੌਰ ਨੇ ਦੱਸਿਆ ਕਿ ਨਮੂਨੀਆ ਫੇਫੜਿਆਂ ’ਚ ਰੋਗਾਣੂਆਂ ਦੀ ਲਾਗ ਨਾਲ ਹੁੰਦਾ ਹੈ। ਦੇਸ਼ ’ਚ ਪੰਜ ਸਾਲ ਤੋਂ ਘੱਟ ਉਮਰ ’ਚ ਬੱਚਿਆਂ ਦੀ ਮੌਤ ਦਾ ਸਭ ਤੋਂ ਵੱਡਾ ਕਾਰਨ ਹੈ। ਟਰੇਨਿੰਗ ਦੌਰਾਨ ਡਾ. ਅੰਕੁਸ਼ ਜਿੰਦਲ ਤੇ ਡਾ. ਰਵਿੰਦਰ ਮਹਿਤਾ (ਬੱਚਿਆਂ ਦੇ ਮਾਹਿਰ) ਨੇ ਦੱਸਿਆ ਕਿ ਜੇਕਰ ਕਿਸੇ ਬੱਚੇ ’ਚ ਤੇਜ਼ੀ ਨਾਲ ਖਾਂਸੀ-ਜੁਕਾਮ ਵਧਣਾ, ਤੇਜ਼ੀ ਨਾਲ ਸਾਹ ਲੈਣਾ, ਪਸਲੀ ਚੱਲਣਾ ਜਾਂ ਛਾਤੀ ਦਾ ਥੱਲੇ ਧੱਸਣਾ, ਤੇਜ਼ ਬੁਖਾਰ ਨਾਲ ਖਾਣ-ਪੀਣ ’ਚ ਦਿੱਕਤ, ਸੁਸਤੀ ਤੇ ਕਾਂਬਾ ਲੱਗਣਾ ਆਦਿ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਨਾਲ ਇਲਾਜ ਕਰਾਉਣਾ ਚਾਹੀਦਾ ਹੈ।ਇਸ ਤੋਂ ਬਚਾਅ ਲਈ ਸੰਪੂਰਨ ਟੀਕਾਕਰਨ, ਛੇ ਮਹੀਨੇ ਤੱਕ ਮਾਂ ਦਾ ਦੁੱਧ, ਛੇ ਮਹੀਨੇ ਬਾਅਦ ਮਾਂ ਦੇ ਦੁੱਧ ਨਾਲ ਓਪਰੀ ਖੁਰਾਕ, ਖਾਣਾ ਖੁਆਉਣ ਤੇ ਪਖਾਨਾ ਜਾਣ ਤੋਂ ਬਾਅਦ ਹੱਥ ਚੰਗੀ ਤਰਾਂ ਸਾਬਣ ਪਾਣੀ ਨਾਲ ਧੋਣੇ ਚਾਹੀਦੇ ਹਨ। ਬੱਚੇ ਨੂੰ ਮੋਟੇ ਕੱਪੜੇ ਪਹਿਨਾਉਣੇ ਚਾਹੀਦੇ ਹਨ। ਬੱਚਿਆਂ ਨੂੰ ਨੰਗੇ ਪੈਰ, ਨੰਗੇ ਸਿਰ ਨਹੀਂ ਬਾਹਰ ਜਾਣ ਦੇਣਾ ਚਾਹੀਦਾ। ਉਨ੍ਹਾਂ ਦੱਸਿਆ ਕਿ ‘ਸਾਂਸ’ ਪ੍ਰੋਗਰਾਮ ਤਹਿਤ ਸਿਹਤ ਸੰਸਥਾਵਾਂ ’ਚ ਨਮੂਨੀਆ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ ਕੁਲਦੀਪ ਸਿੰਘ ਮਾਨ ਤੇ ਟੀਕਾਕਰਨ ਸਹਾਇਕ ਗੁਰਦੀਪ ਸਿੰਘ ਹਾਜ਼ਰ ਸਨ।

error: Content is protected !!