ਚੰਡੀਗੜ੍ਹ,6 ਅਪ੍ਰੈਲ , Gee98 news service
-ਲੋਕ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਕੈਥਲ ਵਿੱਚ ਦੋ ਰੈਲੀਆਂ ਦੀ ਆਗਿਆ ਲੈਣ ਲਈ ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ ਅਪਲਾਈ ਕੀਤਾ ਪਰੰਤੂ ਹੈਰਾਨੀ ਦੀ ਗੱਲ ਹੈ ਕਿ ਸਹਾਇਕ ਰਿਟਰਨਿੰਗ ਅਫਸਰ ਦੀ ਆਈਡੀ ਤੋਂ ਨਾ ਸਿਰਫ਼ ਆਮ ਆਦਮੀ ਪਾਰਟੀ ਨੂੰ ਰੈਲੀ ਦੀ ਮਨਜ਼ੂਰੀ ਦੇਣ ਤੋਂ ਨਾਂਹ ਕਰ ਦਿੱਤੀ ਗਈ ਸਗੋਂ ਮਾੜੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ, ਇਥੋਂ ਤੱਕ ਕਿ ਰੀਮਾਰਕ ਆਪਸ਼ਨ ਵਿੱਚ ਰਿਜੈਕਟ ਲਿਖਣ ਦੀ ਬਜਾਏ ਪੋਰਨ ਸਟਾਰ ਮੀਆਂ ਖ਼ਲੀਫ਼ਾ ਦੀ ਫੋਟੋ ਅਪਲੋਡ ਕਰ ਦਿੱਤੀ ਗਈ। ਇਹ ਮਾਮਲਾ ਰੌਸ਼ਨੀ ਵਿੱਚ ਆਉਣ ਤੋਂ ਬਾਅਦ ਸਹਾਇਕ ਰਿਟਰਨਿੰਗ ਅਫ਼ਸਰ ਸਰ ਕੰਮ ਐਸਡੀਐਮ ਬ੍ਰਹਮ ਪ੍ਰਕਾਸ਼ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਪੋਰਟਲ ਦਾ ਕੰਮ ਦੇਖ ਰਹੇ ਚਾਰ ਕੰਪਿਊਟਰ ਆਪਰੇਟਰ ਸੁਭਾਸ਼ ਕਮਾਰ, ਰਾਮ ਨਿਵਾਸ, ਲਲਿਤ ਕੁਮਾਰ ,ਪ੍ਰਕਾਸ਼ ਸਿੰਘ ਅਤੇ ਇੱਕ ਜੂਨੀਅਰ ਪ੍ਰੋਗਰਾਮਰ ਪ੍ਰਦੀਪ ਕੁਮਾਰ ਨੂੰ ਤੁਰੰਤ ਸਸਪੈਂਡ ਕਰ ਦਿੱਤਾ। ਸਹਾਇਕ ਰਿਟਰਨਿੰਗ ਅਫਸਰ ਨੇ ਇਸ ਮਾਮਲੇ ਦੀ ਹੋਰ ਜਾਂਚ ਕਰਨ ਲਈ ਪੁਲਿਸ ਨੂੰ ਪੱਤਰ ਵੀ ਲਿਖਿਆ ਹੈ ਜਿਸ ਤੋਂ ਬਾਅਦ ਕੈਥਲ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਅਣਪਛਾਤੇ ਦੋਸ਼ੀਆਂ ‘ਤੇ ਐਫਆਈਆਰ ਦਰਜ ਕੀਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਚੋਣ ਰੈਲੀਆਂ ਦੀ ਮਨਜ਼ੂਰੀ ਦੇਣ ਲਈ ਸਬੰਧਿਤ ਬਰਾਂਚ ਵਿੱਚ ਕਿਸੇ ਕਰਮਚਾਰੀ ਨੇ ਇਹ ਹਰਕਤ ਕੀਤੀ ਹੈ ਜਾਂ ਫਿਰ ਉਸ ਨੇ ਪਾਸਵਰਡ ਲੀਕ ਕਰਕੇ ਬਾਹਰ ਕਿਸੇ ਹੋਰ ਤੋਂ ਇਹ ਹਰਕਤ ਕਰਵਾਈ ਹੈ। ਸਹਾਇਕ ਰਿਟਰਨਿੰਗ ਅਫ਼ਸਰ ਬ੍ਰਹਮ ਪ੍ਰਕਾਸ਼ ਨੇ ਦੱਸਿਆ ਕਿ ਜਦੋਂ ਦਿਨ ਭਰ ਦਾ ਕੰਮ ਪੋਰਟਲ ‘ਤੇ ਚੈੱਕ ਕੀਤਾ ਤਾਂ ਇਹ ਮਾਮਲਾ ਸਾਹਮਣੇ ਆਇਆ ਇਸ ਤੋਂ ਤੁਰੰਤ ਬਾਅਦ ਸਾਰੇ ਆਪਰੇਟਰਾਂ ਨੂੰ ਬੁਲਾ ਕੇ ਪੁੱਛਿਆ ਗਿਆ ਅਤੇ ਤੁਰੰਤ ਕਾਰਵਾਈ ਕਰਦੇ ਹੋਏ ਸਾਰਿਆਂ ਨੂੰ ਸਸਪੈਂਡ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਸ ਦੀ ਜਾਂਚ ਲਈ ਐਸਪੀ ਨੂੰ ਪੱਤਰ ਵੀ ਲਿਖਿਆ ਗਿਆ ਹੈ। ਉਹਨਾਂ ਕਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਪਾਸਵਰਡ ਲੀਕ ਹੋਇਆ ਹੈ ਜਾਂ ਹੈਕ ਹੋਇਆ ਹੈ, ਇਹ ਕਿਸ ਨੇ ਕੀਤਾ ਹੈ ਜਾਂ ਕਿਉਂ ਕੀਤਾ ਹੈ। ਇਸ ਮਾਮਲੇ ‘ਤੇ ਟਿੱਪਣੀ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਹਰਿਆਣਾ ਦੇ ਸੀਨੀਅਰ ਆਗੂ ਅਨੁਰਾਗ ਢਾਂਡਾ ਨੇ ਕਿਹਾ ਕਿ ਇਹ ਦੇਸ਼ ਦੇ ਲੋਕਤੰਤਰਿਕ ਇਤਿਹਾਸ ਵਿੱਚ ਕਾਲਾ ਧੱਬਾ ਹੈ। ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਸੁਸ਼ੀਲ ਗੁਪਤਾ ਦੀਆਂ ਚੋਣ ਰੈਲੀਆਂ ਦੀ ਮਨਜ਼ੂਰੀ ਲਈ ਚੋਣ ਕਮਿਸ਼ਨ ਦੀ ਵੈਬਸਾਈਟ ‘ਤੇ ਅਪਲਾਈ ਕੀਤਾ ਗਿਆ ਸੀ ਜਿੱਥੇ ਮਨਜ਼ੂਰੀ ਵੀ ਰੱਦ ਕਰ ਦਿੱਤੀ ਗਈ ਅਤੇ ਗੰਦੀਆਂ ਗਾਲਾਂ ਵੀ ਲਿਖੀਆਂ ਗਈਆਂ। ਉਹਨਾਂ ਕਿਹਾ ਕਿ ਸਾਰੇ ਘਟਨਾਕ੍ਰਮ ਤੋਂ ਇੱਕ ਗੱਲ ਸਿੱਧ ਹੁੰਦੀ ਹੈ ਕਿ ਕੈਥਲ ਵਿਖੇ ਚੋਣ ਕਮਿਸ਼ਨ ਦੇ ਦਫਤਰ ਵਿੱਚ ਸਰਕਾਰੀ ਅਧਿਕਾਰੀ ਨਹੀਂ ਸਗੋਂ ਭਾਜਪਾ ਦੇ ਏਜੰਟ ਬੈਠੇ ਹਨ। ਆਮ ਆਦਮੀ ਪਾਰਟੀ ਦੀ ਹਰਿਆਣਾ ਯੂਨਿਟ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ ਕਿ ਦੋਸ਼ੀ ਅਫਸਰਾਂ/ਕਰਮਚਾਰੀਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਫੋਟੋ ਕੈਪਸ਼ਨ-ਗੱਲਬਾਤ ਕਰਦੇ ਹੋਏ ਆਪ ਹਰਿਆਣਾ ਦੇ ਸੀਨੀਅਰ ਆਗੂ ਅਨੁਰਾਗ ਢਾਂਡਾ ਅਤੇ ਹੋਰ