Skip to main content

Gee 98News

ਪੰਜਾਬ ਦੇ ਤਿੰਨ IAS ਅਫ਼ਸਰਾਂ ਨੇ ਪੈਰਿਸ ਵਿੱਚ ਸਰਕਾਰੀ ਖਜ਼ਾਨੇ ‘ਤੇ ਕੀਤੀ ਐਸ਼ਪ੍ਰਸਤੀ,ਆਡਿਟ ਰਿਪੋਰਟ ਨੇ ਕੀਤਾ ਹੈਰਾਨੀਜਨਕ ਖੁਲਾਸਾ

ਚੰਡੀਗੜ੍ਹ, 15 ਅਪ੍ਰੈਲ, Gee98 news service
-ਪੰਜਾਬ ਦੇ ਤਿੰਨ ਸੀਨੀਅਰ ਆਈਏਐਸ ਅਫ਼ਸਰਾਂ ‘ਤੇ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਕਰਦੇ ਹੋਏ ਮੌਜ ਮਸਤੀ ਦੇ ਦੋਸ਼ ਲੱਗੇ ਹਨ। ਇਹਨਾਂ ਸੀਨੀਅਰ ਆਈਏਐਸ ਅਫ਼ਸਰਾਂ ਨੇ ਇਹ ਐਸ਼ਪ੍ਰਸਤੀ ਵੀ ਪੈਰਿਸ ਵਿੱਚ ਜਾ ਕੇ ਕੀਤੀ, ਜਿੱਥੇ ਉਹ ਸਰਕਾਰੀ ਦੌਰੇ ‘ਤੇ ਗਏ ਹੋਏ ਸਨ। ਡਾਇਰੈਕਟਰ ਜਨਰਲ ਆਫ ਆਡਿਟ (ਕੇਂਦਰੀ) ਦੀ ਰਿਪੋਰਟ ਵਿੱਚ ਤਿੰਨ ਅਧਿਕਾਰੀਆਂ ਵੱਲੋਂ ਨਿਰਧਾਰਤ ਰਕਮ ਤੋਂ ਵੱਧ ਖਰਚ ਕੀਤੇ ਜਾਣ ਦਾ ਖੁਲਾਸਾ ਹੋਇਆ ਹੈ। ਇਹ ਮਾਮਲਾ ਜੂਨ 2015 ਦਾ ਹੈ ਜਦੋਂ ਪੰਜਾਬ ਦੇ ਤਿੰਨ ਆਈਏਐਸ ਅਧਿਕਾਰੀ ਵਿਜੇ ਕੁਮਾਰ ਦੱਤ (ਉਸ ਵੇਲੇ ਚੰਡੀਗੜ੍ਹ ਦੇ ਪ੍ਰਸ਼ਾਸਕ ਦੇ ਸਲਾਹਕਾਰ), ਅਨੁਰਾਗ ਅਗਰਵਾਲ (ਉਸ ਵੇਲੇ ਚੰਡੀਗੜ੍ਹ ਦੇ ਗ੍ਰਹਿ ਸਕੱਤਰ) ਅਤੇ ਵਿਕਰਮ ਦੇਵ ਦੱਤ ਸਰਕਾਰੀ ਦੌਰੇ ‘ਤੇ ਪੈਰਿਸ ਗਏ ਸਨ।
ਦਰਅਸਲ, ਸਾਲ 2015 ਵਿੱਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਪੈਰਿਸ ਤੋਂ ਇੱਕ ਮੀਟਿੰਗ ਲਈ ਸੱਦਾ ਮਿਲਿਆ ਸੀ, ਜੋ ਆਰਕੀਟੈਕਟ ਲੇ ਕੋਰਬੁਜ਼ੀਅਰ ਦੀ 50ਵੀਂ ਬਰਸੀ ਮੌਕੇ ਆਯੋਜਿਤ ਕੀਤੀ ਗਈ ਸੀ। ਇਸ ‘ਤੇ ਪ੍ਰਸ਼ਾਸਨ ਨੇ ਚਾਰ ਜਣਿਆਂ ਨੂੰ ਭੇਜਣ ਦਾ ਫੈਸਲਾ ਕੀਤਾ। ਗ੍ਰਹਿ ਮੰਤਰਾਲੇ ਨੇ ਵਿਜੇ ਦੇਵ, ਵਿਕਰਮ ਦੇਵ ਦੱਤ ਅਤੇ ਅਨੁਰਾਗ ਅਗਰਵਾਲ ਦੇ ਸਰਟੀਫਿਕੇਟ ਮੰਗੇ ਸਨ। ਪੈਰਿਸ ਦੀ ਯਾਤਰਾ ਸਬੰਧੀ ਕਾਗਜ਼ੀ ਕਾਰਵਾਈ ਪੂਰੀ ਕਰਦੇ ਹੋਏ ਇਹਨਾਂ ਅਧਿਕਾਰੀਆਂ ਨੇ ਨਿਯਮਾਂ ਦੀ ਸ਼ਰੇਆਮ ਉਲੰਘਣਾ ‌ਕੀਤੀ ਅਤੇ ਇੱਕ ਦੂਜੇ ਨੇ ਇੱਕ ਦੂਜੇ ਦੀ ਸਿਫਾਰਿਸ਼ ਕੀਤੀ। ‌ਰਿਪੋਰਟਾਂ ਮੁਤਾਬਕ ਵਿਜੇ ਦੇਵ ਨੇ ਵਿਕਰਮ ਦੱਤ ਦੀ ਯਾਤਰਾ ਨੂੰ ਮਨਜ਼ੂਰੀ ਦਿੱਤੀ ਹੈ। ਇਸ ਦੇ ਨਾਲ ਹੀ ਦੱਤ ਨੇ ਦੇਵ ਦੀ ਯਾਤਰਾ ਨੂੰ ਮਨਜ਼ੂਰੀ ਦਿੱਤੀ। ਵਿਜੇ ਦੇਵ ਨੇ ਅਨੁਰਾਗ ਅਗਰਵਾਲ ਦੀ ਯਾਤਰਾ ਨੂੰ ਮਨਜ਼ੂਰੀ ਦਿੱਤੀ ਸੀ। ਆਡਿਟ ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਯਾਤਰਾ ਦਾ ਸ਼ੁਰੂਆਤੀ ਬਜਟ 18 ਲੱਖ ਰੁਪਏ ਸੀ, ਜੋ ਵਧ ਕੇ 25 ਲੱਖ ਰੁਪਏ ਹੋ ਗਿਆ। ਇਸ ‘ਚ ਬਿਜ਼ਨੈੱਸ ਕਲਾਸ ਦੀਆਂ ਟਿਕਟਾਂ 1.77 ਲੱਖ ਰੁਪਏ‌ (ਪ੍ਰਤੀ ਟਿਕਟ) ਸ਼ਾਮਲ ਸਨ।ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਸ਼ੁਰੂ ਵਿੱਚ ਇਹ ਯਾਤਰਾ ਸਿਰਫ਼ ਇੱਕ ਦਿਨ ਲਈ ਸੀ, ਪਰ ਬਾਅਦ ਵਿੱਚ ਇਸ ਨੂੰ ਵਧਾ ਕੇ 7 ਦਿਨ ਕਰ ਦਿੱਤਾ ਗਿਆ, ਜਿਸ ਲਈ ਉਚਿਤ ਇਜਾਜ਼ਤ ਵੀ ਨਹੀਂ ਲਈ ਗਈ। ਅਧਿਕਾਰੀਆਂ ਨੇ ਨਿਯਮਾਂ ਦੀ ਵੀ ਉਲੰਘਣਾ ਕੀਤੀ ਸੀ। ਆਡਿਟ ਰਿਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਸੱਦਾ ਚੰਡੀਗੜ੍ਹ ਦੇ ਚੀਫ ਆਰਕੀਟੈਕਟ ਲਈ ਸੀ। ਇਸ ਦੀ ਬਜਾਏ, ਤਿੰਨ ਸਕੱਤਰ ਪੱਧਰ ਦੇ ਅਧਿਕਾਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਏ।ਫਿਲਹਾਲ, ਇਨ੍ਹਾਂ ਤਿੰਨਾਂ ਵਿੱਚੋਂ ਇੱਕ ਅਧਿਕਾਰੀ ਸੇਵਾਮੁਕਤ ਹੋ ਚੁੱਕਾ ਹੈ। ਜਦਕਿ ਦੋ ਵੱਖ-ਵੱਖ ਅਸਾਮੀਆਂ ‘ਤੇ ਹਨ।

error: Content is protected !!