Skip to main content

Gee 98News

ਖ਼ਾਕੀ ‘ਤੇ ਦਾਗ਼ : ਰਾਏਕੋਟ ਥਾਣੇ ਦਾ ਮੁਨਸ਼ੀ ਅਫ਼ੀਮ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ

ਚੰਡੀਗੜ੍ਹ,21 ਅਪ੍ਰੈਲ, Gee98 news service
-ਪੰਜਾਬ ‘ਚ ਨਸ਼ਾ ਤਸਕਰੀ ਦੇ ਮਾਮਲੇ ਵਿੱਚ ਅਕਸਰ ਪੰਜਾਬ ਪੁਲਿਸ ‘ਤੇ ਸਵਾਲ ਉੱਠਦੇ ਰਹਿੰਦੇ ਹਨ ਕਿਉਂਕਿ ਥੋੜ੍ਹੇ ਦਿਨਾਂ ਬਾਅਦ ਪੰਜਾਬ ਪੁਲਿਸ ਦਾ ਕੋਈ ਅਫ਼ਸਰ/ਮੁਲਾਜ਼ਮ ਨਸ਼ਾ ਤਸਕਰੀ ਦੇ ਦੋਸ਼ ਵਿੱਚ ਫਸ ਜਾਂਦਾ ਹੈ। ਹੁਣ ਇੱਕ ਤਾਜ਼ਾ ਮਾਮਲੇ ਵਿੱਚ NIA ਦੀ ਟੀਮ ਨੇ ਰਾਏਕੋਟ ਸਿਟੀ ਥਾਣੇ ਦੇ ਮੁੱਖ ਮੁਨਸ਼ੀ ਗੋਬਿੰਦ ਸਿੰਘ ਨੂੰ ਅਫੀਮ ਤਸਕਰੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ। ਪ੍ਰਾਪਤ ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਥਾਣਾ ਸਿਟੀ ਦੇ ਨੇੜੇ ਇੱਕ ਕੋਰੀਅਰ ਕੰਪਨੀ ਤੋਂ ਮੁਨਸ਼ੀ ਗੋਬਿੰਦ ਸਿੰਘ ਨੇ ਆਪਣੇ ਦੋ ਦੋਸਤਾਂ ਨਾਲ ਵਿਦੇਸ਼ ਵਿੱਚ ਹਾਕੀ ਟੂਰਨਾਮੈਂਟ ਲਈ ਹਾਕੀਆਂ ਕੋਰੀਅਰ ਕਰਵਾਈਆਂ, ਜਦ ਏਅਰਪੋਰਟ ‘ਤੇ ਹਾਕੀਆਂ ਨੂੰ ਸਕੈਨ ਕੀਤਾ ਗਿਆ ਤਾਂ ਅਧਿਕਾਰੀਆਂ ਨੂੰ ਸ਼ੱਕ ਹੋਇਆ ਜਿਸ ਤੋਂ ਬਾਅਦ ਪੜਤਾਲ ਦੌਰਾਨ ਹਾਕੀ ਵਿੱਚੋਂ 400 ਗ੍ਰਾਮ ਅਫ਼ੀਮ ਨਿਕਲੀ। ਜਿਸ ਤੋਂ ਬਾਅਦ ਏਅਰਪੋਰਟ ਅਧਿਕਾਰੀਆਂ ਨੇ NIA ਨੂੰ ਸੂਚਨਾ ਦਿੱਤੀ ਤਾਂ ਕੜੀ ਨਾਲ ਕੜੀ ਜੋੜਦੇ ਹੋਏ NIA ਦੇ ਅਧਿਕਾਰੀਆਂ ਨੇ ਕੋਰੀਅਰ ਕੰਪਨੀ ਦੇ ਸੀਸੀਟੀਵੀ ਕੈਮਰਿਆਂ ਦੀ ਪੜ੍ਹਤਾਲ ਕੀਤੀ ਜਿਸ ਤੋਂ ਖੁਲਾਸਾ ਹੋਇਆ ਕਿ ਹਾਕੀਆਂ ਕੋਰੀਅਰ ਕਰਵਾਉਣ ਥਾਣੇ ਦਾ ਮੁਨਸ਼ੀ ਵੀ ਦੋ ਵਿਅਕਤੀਆਂ ਦੇ ਨਾਲ ਆਇਆ ਸੀ, ਜਿਸ ਤੋਂ ਬਾਅਦ NIA ਦੀ ਟੀਮ ਨੇ ਮੁੱਖ ਮੁਨਸ਼ੀ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਆਪਣੇ ਨਾਲ ਚੰਡੀਗੜ੍ਹ ਲੈ ਗਈ। ਚਰਚਾ ਹੈ ਕਿ ਮੁਨਸ਼ੀ ਗੋਬਿੰਦ ਸਿੰਘ ਦੇ ਤਾਰ ਅੰਤਰਰਾਸ਼ਟਰੀ ਡਰੱਗ ਰੈਕੇਟ ਨਾੜ ਜੁੜੇ ਹੋਏ ਹਨ। ਫਿਲਹਾਲ ਮੁਨਸ਼ੀ ਗੋਬਿੰਦ ਸਿੰਘ NIA ਦੀ ਹਿਰਾਸਤ ਵਿੱਚ ਹੈ। ਇਸ ਮਾਮਲੇ ਸਬੰਧੀ ਲੁਧਿਆਣਾ ਦਿਹਾਤੀ ਪੁਲਿਸ ਦਾ ਕੋਈ ਵੀ ਅਫ਼ਸਰ ਕੁਝ ਵੀ ਦੱਸਣ ਲਈ ਤਿਆਰ ਨਹੀਂ ਹੈ।

error: Content is protected !!