Gee 98News

ਖ਼ਬਰਦਾਰ ! ਜਿਹੜੇ ਅਕਾਲੀ ਦਲ ਤੇ ਕਾਂਗਰਸ ਦਾ ਪੋਲਿੰਗ ਬੂਥ ਲਗਾਉਣਗੇ ਉਹ ਨਤੀਜੇ ਭੁਗਤਣ ਲਈ ਤਿਆਰ ਰਹਿਣ…’ਆਪ’ ਆਗੂ ਦੀ ਧਮਕੀ

ਚੰਡੀਗੜ੍ਹ,29 ਅਪ੍ਰੈਲ, Gee98 news service
-ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੰਤਰੀਆਂ/ਵਿਧਾਇਕਾਂ/ ਹੋਰ ਆਗੂਆਂ ਦੀਆਂ ਵੀਡੀਓ ਕਲਿੱਪਾਂ ਸਾਹਮਣੇ ਆ ਰਹੀਆਂ ਹਨ ਜੋ ਪਾਰਟੀ ਉਮੀਦਵਾਰ ਅਤੇ ਪਾਰਟੀ ਦਾ ਅਕਸ ਖਰਾਬ ਕਰ ਰਹੀਆਂ ਹਨ ਪਰੰਤੂ ਇਸ ਦੇ ਬਾਵਜੂਦ ਵੀ ਪੰਜਾਬ ਦੇ ਮੁੱਖ ਮੰਤਰੀ ਅਤੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਵੱਲੋਂ ਇਹਨਾਂ ਦਾ ਨੋਟਿਸ ਨਹੀਂ ਲਿਆ ਜਾ ਰਿਹਾ ਅਤੇ ਨਾ ਹੀ ਇਹਨਾਂ ਆਗੂਆਂ ਦੇ ਖ਼ਿਲਾਫ਼ ਢੁਕਵੀਂ ਕਾਰਵਾਈ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ‘ਤੇ ਇੱਕ ਤਾਜ਼ਾ ਵੀਡੀਓ ਕਲਿੱਪ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਹਲਕੇ ਦੇ ਆਮ ਆਦਮੀ ਪਾਰਟੀ ਦੇ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਅਕਾਲੀ ਅਤੇ ਕਾਂਗਰਸੀਆਂ ਦੇ ਪੋਲਿੰਗ ਬੂਥ ਲਾਉਣ ਵਾਲੇ ਵਰਕਰਾਂ ਨੂੰ ਸੁਚੇਤ ਕਰਦੇ ਹੋਏ ਨਤੀਜੇ ਭੁਗਤਣ ਦੀ ਸਿੱਧੀ ਧਮਕੀ ਦੇ ਰਹੇ ਹਨ। ਗੁਰਦਾਸਪੁਰ ਤੋਂ ਆਪ ਉਮੀਦਵਾਰ ਸ਼ੈਰੀ ਕਲਸੀ ਦੇ ਹੱਕ ‘ਚ ਕਸਬਾ ਕਲਾਨੌਰ ਵਿਖੇ ਇੱਕ ਚੋਣ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਆਪ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਕਿਹਾ ਕਿ ” ਦੋ ਸਾਲ ਤਾਂ ਉਨ੍ਹਾਂ ਨੇ ਕਿਸੇ ਨੂੰ ਕੁਝ ਨਹੀਂ ਕਿਹਾ ਪਰ ਹੁਣ ਵੇਖਣਗੇ ਕਿ ‌ ਡੇਰਾ ਬਾਬਾ ਨਾਨਕ ਹਲਕੇ ਵਿੱਚ ਕਿਹੜਾ ਕਾਂਗਰਸ ਪਾਰਟੀ ਜਾਂ ਫਿਰ ਅਕਾਲੀਆਂ ਦੇ ਬਸਤੇ ਚੁੱਕਦਾ ਹੈ। ਇੱਥੇ ਹੀ ਬੱਸ ਨਹੀਂ ਆਪਣੀ ਗੱਲ ਨੂੰ ਅੱਗੇ ਵਧਾਉਂਦੇ ਹੋਏ ਇਹ ਕਹਿੰਦੇ ਵੀ ਸੁਣਿਆ ਜਾ ਸਕਦਾ ਹੈ ਕਿ ਭਾਵੇਂ ਬਾਅਦ ਵਿੱਚ ਉਨ੍ਹਾਂ ਨੂੰ ਕੋਈ ਜਿੰਨਾ ਮਰਜ਼ੀ ਮਾੜਾ ਕਹਿੰਦਾ ਰਹੇ ਕਿ ਉਨ੍ਹਾਂ ਨੇ ਬੜਾ ਧੱਕਾ ਕਰਾਇਆ ਪਰ ਉਹ ਉਸ ਨੂੰ ਅਜਿਹਾ ਸਮਾਂ ਵੀ ਦਿਖਾਉਣਗੇ, ਜਿਹੜਾ ਸਮਾਂ ਉਸਨੇ ਕਦੇ ਨਹੀਂ ਵੇਖਿਆ ਹੋਵੇਗਾ”। ਆਪ ਦੇ ਹਲਕਾ ਇੰਚਾਰਜ ਰੰਧਾਵਾ ਨੇ ਇਹ ਵੀ ਕਿਹਾ ਕਿ ਘਰ ਬੈਠੇ ਲੋਕਾਂ ਨੂੰ ਸੁਣਾਉਣ ਲਈ ਉਹ ਇਹ ਗੱਲ ਜਨਤਕ ਤੌਰ ਤੇ ਆਖ ਰਹੇ ਹਨ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਲਾਈਵ ਚੱਲ ਰਿਹਾ ਹੈ। ‌ ਰੰਧਾਵਾ ਨੇ ਕਿਹਾ ਕਿ ਜਿਹੜੀ ਭਾਜੀ ਉਹਨਾਂ ਸਿਰ 2022 ‘ਚ ਵਿਰੋਧੀਆਂ ਨੇ ਪਾਈ ਸੀ ਉਹ ਮੋੜਨ ਦਾ ਵੇਲਾ ਆ ਗਿਆ ਹੈ।

error: Content is protected !!