Gee 98News

ਚੰਡੀਗੜ੍ਹ,30 ਅਪ੍ਰੈਲ, Gee98 news service
-ਸਮਾਜ ਵਿੱਚ ਪ੍ਰੇਮ ਵਿਆਹ (ਲਵ ਮੈਰਿਜ) ਨਾਲ ਸਬੰਧਿਤ ਅਜੀਬ ਕਹਾਣੀਆਂ ਅਕਸਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹਰਿਆਣਾ ‘ਚ ਪ੍ਰੇਮ ਵਿਆਹ ਦੀ ਇੱਕ ਅਜਿਹੀ ਕਹਾਣੀ ਸਾਹਮਣੇ ਆਈ ਜਿੱਥੇ 7 ਬੱਚਿਆਂ ਦੀ ਮਾਂ ਨੇ ਇੱਕ ਅਜਿਹੇ ਵਿਅਕਤੀ ਨਾਲ ਵਿਆਹ ਕਰਵਾਇਆ ਜਿਸ ਦੇ ਪਹਿਲਾਂ ਹੀ ਪੰਜ ਬੱਚੇ ਹਨ। ਇਹ ਮਾਮਲਾ ਹਰਿਆਣਾ ਦੇ ਨੂੰਹ ਖ਼ੇਤਰ ਨਾਲ ਸਬੰਧਿਤ ਹੈ, ਜਿੱਥੇ ਇੱਕ ਔਰਤ ਨੇ ਆਪਣੇ ਪਤੀ ਦੀ ਮੌਤ ਤੋਂ ਬਾਅਦ ਘਰੋਂ ਭੱਜ ਕੇ ਪ੍ਰੇਮ ਵਿਆਹ ਕਰਵਾ ਲਿਆ। ਇਹ ਦੋਵੇਂ ਜਣੇ ਮੁਸਲਿਮ ਧਰਮ ਨਾਲ ਸੰਬੰਧਿਤ ਹਨ ਇਸ ਲਈ ਦੋਵਾਂ ਜਣਿਆਂ ਨੇ ਮੁਸਲਿਮ ਰੀਤੀ ਰਿਵਾਜਾਂ ਅਨੁਸਾਰ ਸ਼ਾਦੀ ਕੀਤੀ। ਦੋਵੇਂ ਜਣਿਆਂ ਦੇ ਪਰਿਵਾਰ ਨੇ ਇਹ ਪ੍ਰੇਮ ਵਿਆਹ ਕਬੂਲ ਨਹੀਂ ਕੀਤਾ ਅਤੇ ਦੋਵਾਂ ਨੂੰ ਵਿਆਹ ਤੋੜਨ ਲਈ ਕਿਹਾ ਜਿਸ ਤੋਂ ਬਾਅਦ ਦੋਵੇਂ ਜਣੇ ਕੁਝ ਸਮਾਂ ਪੁਲਿਸ ਦੀ ਨਿਗਰਾਨੀ ਹੇਠ ਪ੍ਰੋਟੈਕਸ਼ਨ ਹੋਮ ਵਿੱਚ ਰਹੇ ਪ੍ਰੰਤੂ ਜਦ ਪੁਲਿਸ ਨੇ ਵੀ ਇਹਨਾਂ ਨੂੰ ਜ਼ਿਆਦਾ ਲੰਮਾ ਸਮਾਂ ਆਪਣੇ ਕੋਲ ਰੱਖਣ ਤੋਂ ਹੱਥ ਖੜੇ ਕਰ ਦਿੱਤੇ ਤਾਂ ਦੋਵਾਂ ਨੇ ਹਾਈਕੋਰਟ ਵਿੱਚ ਸੁਰੱਖਿਆ ਲੈਣ ਲਈ ਅਪੀਲ ਕੀਤੀ। ਜਦੋਂ ਹਾਈਕੋਰਟ ਵਿੱਚ ਸੁਣਵਾਈ ਕਰ ਰਹੇ ਜੱਜ ਨੇ ਦੋਵਾਂ ਦੇ ਪ੍ਰੇਮ ਵਿਆਹ ਦੀ ਪਟੀਸ਼ਨ ਫਾਈਲ ਦੇਖੀ ਤਾਂ ਜੱਜ ਸਾਹਿਬ ਵੀ ਹੈਰਾਨ ਰਹਿ ਗਏ। ਸੁਣਵਾਈ ਦੌਰਾਨ ਜੱਜ ਨੇ ਦੋਵਾਂ ਜਣਿਆਂ ਨੂੰ ਚੰਗੀ ਝਾੜ ਪਾਈ ਅਤੇ 50 ਹਜ਼ਾਰ ਰੁਪਏ ਜੁਰਮਾਨਾ ਵੀ ਕੀਤਾ। ਸੁਣਵਾਈ ਦੌਰਾਨ ਮਾਨਯੋਗ ਜਸਟਿਸ ਨੇ ਕਿਹਾ ਕਿ “ਔਰਤ ਸੱਤ ਬੱਚਿਆਂ ਦੀ ਮਾਂ ਹੈ ਜਿਸਨੇ ਇੱਕ ਅਜਿਹੇ ਵਿਅਕਤੀ ਨਾਲ ਪ੍ਰੇਮ ਵਿਆਹ ਕੀਤਾ ਜਿਸ ਦੇ ਪਹਿਲਾਂ ਹੀ ਪੰਜ ਬੱਚੇ ਹਨ, ਹੁਣ ਦੋਵੇਂ ਜਣੇ ਹੋਰ ਬੱਚੇ ਪੈਦਾ ਕਰਨਗੇ”। ਮਾਨਯੋਗ ਜਸਟਿਸ ਨੇ ਕਿਹਾ ਕਿ “ਦੇਸ਼ ਦੀ ਆਬਾਦੀ ਐਨੀ ਤੇਜ਼ੀ ਨਾਲ ਵਧ ਰਹੀ ਹੈ, ਜਿਸ ਦਾ ਧਿਆਨ ਨਹੀਂ ਕਰ ਰਹੇ…ਘੱਟੋ ਘੱਟ ਦੋਵੇਂ ਜਣੇ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਤਾਂ ਸੋਚੋ”। ਮਾਨਯੋਗ ਜਸਟਿਸ ਦੀਆਂ ਟਿੱਪਣੀਆਂ ਤੋਂ ਬਾਅਦ ਜਦ ਦੋਵੇਂ ਜਣਿਆਂ ਨੇ ਆਪਣੀ ਆਰਥਿਕ ਹਾਲਤ ਦਾ ਰੋਣਾ ਰੋਇਆ ਤਾਂ ਜੱਜ ਨੇ 50 ਹਜ਼ਾਰ ਦਾ ਜ਼ੁਰਮਾਨਾ ਤਾਂ ਮਾਫ਼ ਕਰ ਦਿੱਤਾ ਪ੍ਰੰਤੂ ਦੋਵਾਂ ਦੀ ਸੁਰੱਖਿਆ ਪਟੀਸ਼ਨ ਰੱਦ ਕਰ ਦਿੱਤੀ।

Leave a Reply

Your email address will not be published. Required fields are marked *

error: Content is protected !!