Gee 98News

ਬਰਨਾਲਾ, 7 ਮਈ, ( ਨਿਰਮਲ ਸਿੰਘ ਪੰਡੋਰੀ )-
-2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਹੁਤ ਕੁਝ ਅਜਿਹਾ ਹੋ ਰਿਹਾ ਹੈ ਜੋ ਪਹਿਲਾਂ ਸ਼ਾਇਦ ਹੀ ਕਿਸੇ ਚੋਣ ਦੌਰਾਨ ਹੋਇਆ ਹੋਵੇ। ਇਸ ਵਾਰ ਚੋਣਾਂ ਦੌਰਾਨ ਟਪੂਸੀਬਾਜ਼‌ ਲੀਡਰ ਪਹਿਲਾਂ ਨਾਲੋਂ ਕੁਝ ਜ਼ਿਆਦਾ ਹੀ ਸਾਹਮਣੇ ਆ ਰਹੇ ਹਨ। ‌ ਦਲ ਬਦਲੀ ਦੀਆਂ ਘਟਨਾਵਾਂ ਕੁਝ ਐਨੀ ਤੇਜ਼ੀ ਨਾਲ ਵਾਪਰ ਰਹੀਆਂ ਹਨ ਕਿ ਕੋਈ ਨੇਤਾ ਸਵੇਰੇ ਕਮਲ ਦੇ ਫੁੱਲ ਦੀ ਖੁਸ਼ਬੋ ਲੈਣ ਵਾਲਾ, ਦੁਪਹਿਰ ਹੋਣ ਤੱਕ ਪੰਜੇ ਵਿੱਚ ਉਗਲਾਂ ਫਸਾ ਲੈਂਦਾ ਹੈ ਅਤੇ ਸ਼ਾਮ ਤੱਕ ਝਾੜੂ ਚੁੱਕ ਲੈਂਦਾ ਹੈ ਅਤੇ ਰਾਤ ਨੂੰ ਸੌਣ ਵੇਲੇ ਤੱਕ ਸਾਰੇ ਦਿਨ ਦੀ ਕਮਾਈ ਤੱਕੜੀ ਵਿੱਚ ਪਾ ਦਿੰਦਾ ਹੈ। ‌ 2022 ਦੀਆਂ ਵਿਧਾਨ ਸਭਾ ਚੋਣਾਂ ‘ਚ ਦੱਬ ਕੇ ਝਾੜੂ ਫੇਰਨ ਵਾਲੇ ਬਹੁਤੇ ਕਾਂਗਰਸੀ, ਅਕਾਲੀ ਘਰ ਵਾਪਸੀ ਕਰ ਰਹੇ ਹਨ। ਕਈ ਗੰਨਮੈਨਾਂ ਦੇ ਭੁੱਖੇ ਅਕਾਲੀ, ਕਾਂਗਰਸੀ ਤੇ ਝਾੜੂ ਵਾਲੇ ਭਾਜਪਾ ਵਿੱਚ ਜਾ ਰਹੇ ਹਨ ਜਿਨਾਂ ਨੂੰ ਭਾਜਪਾ ਵਿੱਚ ਜਾਂਦਿਆਂ ਹੀ ਘੱਟੋ ਘੱਟ Y ਸ਼੍ਰੇਣੀ ਦੀ ਸੁਰੱਖਿਆ ਮਿਲ ਜਾਂਦੀ ਹੈ। ਪੰਜਾਬ ਦੀ ਆਪ ਸਰਕਾਰ ਤੋਂ ਕਿਸੇ ਗੱਲੋਂ ਨਾਰਾਜ਼ ਵੀ ਬਹੁਤੇ ਆਗੂ ਟਪੂਸੀਆਂ ਮਾਰ ਰਹੇ ਹਨ। ‌ ਦਲ ਬਦਲੀ ਦੀ ਇਸ ਖੇਡ ਵਿੱਚ ਸਭ ਤੋਂ ਹੈਰਾਨੀਜਨਕ ਹੈ ਕੀ ਆਮ ਆਦਮੀ ਪਾਰਟੀ ਦੇ ਚੋਣ ਲੜ ਰਹੇ ਉਮੀਦਵਾਰਾਂ ਵੱਲੋਂ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਆਪ ‘ਚ ਸ਼ਾਮਿਲ ਕਰਕੇ 2014 ਤੋਂ ਝਾੜੂ ਚੁੱਕਣ ਵਾਲੇ ਆਪਣੇ ਵਲੰਟੀਅਰਾਂ ਦੇ ਸਿਰ ‘ਤੇ ਬਿਠਾਇਆ ਜਾ ਰਿਹਾ ਹੈ। ਲੋਕ ਸਭਾ ਹਲਕਾ ਸੰਗਰੂਰ ਵਿੱਚ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਹਨ। ਕਈ ਰਾਤੋ ਰਾਤ ਕਾਂਗਰਸੀ, ਅਕਾਲੀ ਤੋਂ ਝਾੜੂ ਵਾਲੇ ਬਣੇ ਟਪੂਸੀਬਾਜ਼ ਨੇਤਾ ਆਪ ਦੇ ਟਕਸਾਲੀ ਵਲੰਟੀਅਰਾਂ ਨੂੰ ਹਦਾਇਤਾਂ ਦਿੰਦੇ ਦੇਖੇ ਜਾ ਰਹੇ ਹਨ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਆਪਣੇ ਪਿੰਡ ਵਿੱਚ ਪੰਚੀ ਅਤੇ ਮੁਹੱਲੇ ਵਿੱਚ ਕੌਂਸਲਰ ਦੀ ਚੋਣ ਜਿੱਤਣ ਦੀ ਸਮਰੱਥਾ ਤੋਂ ਕੋਹਾਂ ਦੂਰ ਰਹਿਣ ਵਾਲੇ ਕੁਝ ਸਥਾਨਕ ਆਗੂਆਂ ਨੂੰ ਵੀ ਸੱਤਾਧਾਰੀ ਨੇਤਾ ਜੀ ਆਪਣੇ ਪੂਰੇ ਲਾਮ ਲਸ਼ਕਰ ਨਾਲ ਜਾ ਕੇ ਪਾਰਟੀ ਵਿੱਚ ਸ਼ਾਮਿਲ ਕਰਦੇ ਹਨ। ਇੱਥੇ ਇਹ ਧਿਆਨ ਰਹੇ ਕਿ ਇਹ ਆਗੂ ਫੋਟੋਸ਼ੂਟ ਵਿੱਚ ਪੂਰਾ ਮਾਹਿਰ ਹੁੰਦੇ ਨੇ ਜਿਸ ਕਰਕੇ “ਆਪ” ਦੇ ਟਕਸਾਲੀ ਵਲੰਟੀਅਰਾਂ ਦੀ ਇਹਨਾਂ ਨਾਲ ਸੱਥਰੀ ਠੀਕ ਨਹੀਂ ਪੈ ਰਹੀ। ਚਰਚਾ ਇਹ ਵੀ ਹੈ ਕਿ ਇੱਕ ਪਾਸੇ ਪੁਰਾਣੀਆਂ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੂੰ ਸੱਤਾਧਾਰੀ ਆਗੂ ਪਾਣੀ ਪੀ-ਪੀ ਕੋਸ ਰਹੇ ਹਨ ਪ੍ਰੰਤੂ ਦੂਜੇ ਪਾਸੇ ਉਹਨਾਂ ਦੇ ਹੀ ਆਗੂਆਂ ਨੂੰ ਆਪਣੀ ਪਾਰਟੀ ਵਿੱਚ ਧੜਾਧੜ ਸ਼ਾਮਿਲ ਕਰੀ ਜਾ ਰਹੇ ਹਨ। ‌ “ਆਪ” ਦੇ ਟਕਸਾਲੀ ਵਲੰਟੀਅਰਾਂ ਦੇ ਮਨਾਂ ‘ਚ ਰਸਮੀ ਗੱਲਬਾਤ ਦੌਰਾਨ ਕਿਤੇ ਨਾ ਕਿਤੇ ਇਹ ਚੀਸ ਮਹਿਸੂਸ ਕੀਤੀ ਜਾ ਰਹੀ ਹੈ ਕਿ ਦੂਜੀਆਂ ਪਾਰਟੀਆਂ ਚੋਂ ਲਿਆ ਕੇ ਦਾਗੀ ਨੇਤਾਵਾਂ ਨੂੰ ਉਹਨਾਂ ਦੇ ਕਮਾਂਡਰ ਲਾਇਆ ਜਾ ਰਿਹਾ ਹੈ ਅਤੇ “ਆਪ” ਦੇ ਟਕਸਾਲੀ ਵਲੰਟੀਅਰਾਂ ਨੂੰ ਇਹਨਾਂ ਕਮਾਂਡਰਾਂ ਨਾਲ ਸਿਪਾਹੀ ਬਣ ਕੇ ਕੰਮ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਹ ਦੇਖਣਯੋਗ ਹੋਵੇਗਾ ਕਿ ਪੰਜਾਬ ਦੇ ਸਿਆਸੀ ਮੁਹਾਜ਼ ‘ਤੇ ਆਪਣੀ ਹੋਂਦ ਬਰਕਰਾਰ ਰੱਖਣ ਲਈ ਲੜ ਰਹੀਆਂ ਦੂਜੀਆਂ ਰਵਾਇਤੀ ਪਾਰਟੀਆਂ ਦੇ ਕਮਾਂਡਰਾਂ ਨੂੰ ਆਪਣੀ ਸੱਤਾਧਾਰੀ ਪਾਰਟੀ ‘ਚ ਸ਼ਾਮਿਲ ਕਰਕੇ ਆਮ ਆਦਮੀ ਪਾਰਟੀ 2024 ਦਾ ਕਿਲਾ ਕਿੰਨੀ ਕੁ ਸ਼ਾਨ ਨਾਲ ਜਿੱਤੇਗੀ ਕਿਉਂਕਿ ਦਲ ਬਦਲੂ ਕਮਾਂਡਰਾਂ ਨਾਲ ਵਫ਼ਾਦਾਰ ਸਿਪਾਹੀਆਂ ਦਾ ਤਾਲਮੇਲ ਕਿਤੇ ਨਾ ਕਿਤੇ ਗੜਬੜੀ ਪੈਦਾ ਕਰੇਗਾ। ‌

Leave a Reply

Your email address will not be published. Required fields are marked *

error: Content is protected !!