Gee 98News

ਬਰਨਾਲਾ,8 ਮਈ (ਨਿਰਮਲ ਸਿੰਘ ਪੰਡੋਰੀ)-
-ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵਿੱਚ ਅੱਜ ਭਾਜਪਾ ਦਾ ਮਹਿਲ ਕਲਾਂ ਬੂਥ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਸਮੇਤ ਭਾਜਪਾ ਦੇ ਹੋਰ ਸੀਨੀਅਰ ਆਗੂਆਂ ਨੇ ਸ਼ਮੂਲੀਅਤ ਕੀਤੀ। ‌ ਦੂਜੇ ਪਾਸੇ ਜਿਵੇਂ ਹੀ ਕਿਸਾਨ ਜਥੇਬੰਦੀਆਂ ਨੂੰ ਭਾਜਪਾ ਦੇ ਇਸ ਸਮਾਗਮ ਦੀ ਭਿਣਕ ਪਈ ਤਾਂ ਵੱਡੀ ਗਿਣਤੀ ਵਿੱਚ ਕਿਸਾਨ ਜਥੇਬੰਦੀਆਂ ਦੇ ਆਗੂ ਅਤੇ ਵਰਕਰ ਮਹਿਲ ਕਲਾਂ ਇਕੱਠੇ ਹੋਣੇ ਸ਼ੁਰੂ ਹੋ ਗਏ। ਕਿਸਾਨ ਆਗੂਆਂ ਨੂੰ ਇਸ ਗੱਲ ਦੀ ਵੀ ਭਿਣਕ ਲੱਗੀ ਕਿ ਇਸ ਸਮਾਗਮ ਵਿੱਚ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਪੁੱਜ ਰਹੇ ਹਨ ਜੋ ਕਿਸਾਨਾਂ ਪ੍ਰਤੀ ਅਕਸਰ ਤਿੱਖੀ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ ਜਿਸ ਕਰਕੇ ਕਿਸਾਨਾਂ ਦੇ ਮਨ ਵਿੱਚ ਗਰੇਵਾਲ ਦੇ ਪ੍ਰਤੀ ਡਾਹਢਾ ਰੋਸ ਪਾਇਆ ਜਾ ਰਿਹਾ ਹੈ। ‌ ਬੀਕੇਯੂ ਏਕਤਾ ਉਗਰਾਹਾਂ, ਬੀਕੇਯੂ ਡਕੌਂਦਾ ਅਤੇ ਬੀਕੇਯੂ ਡਕੌਂਦਾ ਧਨੇਰ ਗਰੁੱਪ ਦੀ ਅਗਵਾਈ ‘ਚ ਵੱਡੀ ਗਿਣਤੀ ਵਿੱਚ ਕਿਸਾਨ ਮਹਿਲ ਕਲਾਂ ਪੁੱਜਣੇ ਸ਼ੁਰੂ ਹੋਏ ਤਾਂ ਇੱਕ ਵਕਤ ਅਜਿਹਾ ਵੀ ਲੱਗਣ ਲੱਗਿਆ ਕਿ ਸ਼ਾਇਦ ਭਾਜਪਾ ਦਾ ਇਹ ਬੂਥ ਸੰਮੇਲਨ ਕਿਸਾਨ ਨਹੀਂ ਕਰਨ ਦੇਣਗੇ ਪ੍ਰੰਤੂ ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਦੀ ਸਿਆਣਪ ਸਦਕਾ ਭਾਜਪਾ ਦਾ ਬੂਥ ਸੰਮੇਲਨ ਵੀ ਹੋਇਆ ਅਤੇ ਕਿਸਾਨ ਆਪਣਾ ਰੋਸ ਪ੍ਰਦਰਸ਼ਨ ਕਰਨ ਵਿੱਚ ਵੀ ਸਫਲ ਰਹੇ। ‌ਬਰਨਾਲਾ ਪੁਲਿਸ ਦੇ ਖੁਫੀਆ ਵਿਭਾਗ ਨੇ ਉੱਚ ਪੁਲਿਸ ਅਧਿਕਾਰੀਆਂ ਨੂੰ ਕਿਸਾਨਾਂ ਦੇ ਤਿੱਖੇ ਰੋਸ ਪ੍ਰਦਰਸ਼ਨ ਦੇ ਸਮੇਂ ਸਿਰ ਸੂਚਨਾ ਪਹਿਲਾਂ ਹੀ ਦੇ ਦਿੱਤੀ ਜਿਸ ਸਦਕਾ ਪੁਲਿਸ ਪ੍ਰਸ਼ਾਸਨ ਨੇ ਭਾਜਪਾ ਵਰਕਰਾਂ ਤੇ ਕਿਸਾਨਾਂ ਨੂੰ ਆਹਮੋ ਸਾਹਮਣੇ ਹੋਣ ਤੋਂ ਰੋਕਣ ਲਈ ਸੁਚੱਜਾ ਪ੍ਰਬੰਧ ਕੀਤਾ। ‌ ਭਾਜਪਾ ਦਾ ਇਹ ਸੰਮੇਲਨ ਸਥਾਨਕ ਸ਼ਗਨ ਪੈਲੇਸ ਵਿੱਚ ਸੀ ਪ੍ਰੰਤੂ ਪੁਲਿਸ ਪ੍ਰਸ਼ਾਸਨ ਨੇ ਕਿਸਾਨ ਆਗੂਆਂ ਨੂੰ ਹੀਰਾ ਪੈਲੇਸ ਦੇ ਕੋਲ ਇਕੱਠੇ ਹੋਣ ਦੀ ਆਗਿਆ ਦਿੱਤੀ ਜਿੱਥੋਂ ਭਾਜਪਾ ਆਗੂਆਂ ਦਾ ਕਾਫਲਾ ਲੰਘਣਾ ਸੀ। ‌ ਬਰਨਾਲਾ ਪੁਲਿਸ ਦੇ ਉੱਚ ਅਧਿਕਾਰੀ ਕਿਸਾਨ ਆਗੂਆਂ ਨੂੰ ਇਸ ਗੱਲ ਲਈ ਮਨਾਉਣ ਵਿੱਚ ਸਫਲ ਰਹੇ ਕਿ ਸ਼ਗਨ ਪੈਲੇਸ ਦੇ ਅੱਗੇ ਜਾ ਕੇ ਟਕਰਾਅ ਵਾਲੀ ਸਥਿਤੀ ਪੈਦਾ ਕਰਨ ਦੀ ਬਜਾਏ ਹੀਰਾ ਪੈਲੇਸ ਦੇ ਸਾਹਮਣੇ ਸੜਕ ਦੇ ਇੱਕ ਪਾਸੇ ਖੜ ਕੇ ਭਾਜਪਾ ਆਗੂਆਂ ਦੇ ਕਾਫਲੇ ਦਾ ਜ਼ਾਬਤੇ ਵਿੱਚ ਰਹਿ ਕੇ ਸ਼ਾਂਤਮਈ ਵਿਰੋਧ ਵੀ ਕੀਤਾ ਜਾ ਸਕਦਾ ਹੈ। ਉਕਤ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਹੀਰਾ ਪੈਲੇਸ ਦੇ ਸਾਹਮਣੇ ਡੇਰੇ ਜਮਾ ਦਿੱਤੇ। ਕਈ ਘੰਟੇ ਕਿਸਾਨ ਭਾਜਪਾ ਆਗੂਆਂ ਦੇ ਕਾਫਲੇ ਦਾ ਇੰਤਜ਼ਾਰ ਕਰਦੇ ਰਹੇ। ਫਿਰ ਅਚਾਨਕ ਵੱਡੀ ਗਿਣਤੀ ਵਿੱਚ ਤਾਇਨਾਤ ਪੁਲਿਸ ਕਰਮਚਾਰੀ ਸੁਚੇਤ ਹੋਏ ਜਿਸ ਤੋਂ ਬਾਅਦ ਕਿਸਾਨ ਆਪਣੀਆਂ ਜਥੇਬੰਦੀਆਂ ਦੇ ਝੰਡੇ ਅਤੇ ਕਾਲੇ ਰੰਗ ਦੀਆਂ ਝੰਡੀਆਂ ਲੈ ਕੇ ਸੜਕ ਦੇ ਕਿਨਾਰੇ ਖੜ ਗਏ।‌ ਦੱਸਿਆ ਗਿਆ ਕਿ ਭਾਜਪਾ ਆਗੂਆਂ ਦਾ ਕਾਫਲਾ ਬਰਨਾਲਾ ਤੋਂ ਮਹਿਲ ਕਲਾਂ ਦੇ ਵੱਲ ਆ ਰਿਹਾ ਹੈ। ਕਾਫੀ ਸਮਾਂ ਕਿਸਾਨ ਸੜਕ ਦੇ ਕਿਨਾਰੇ ਧੁੱਪੇ ਖੜਕੇ ਭਾਜਪਾ ਵਿਰੋਧੀ ਨਾਅਰੇਬਾਜ਼ੀ ਕਰਦੇ ਰਹੇ ਅਤੇ ਪੁਲਿਸ ਅਧਿਕਾਰੀ ਸਮੇਤ ਪੁਲਿਸ ਜਵਾਨ ਕਿਸਾਨ ਆਗੂਆਂ ਨੂੰ ਜ਼ਾਬਤੇ ਵਿੱਚ ਰਹਿਣ ਲਈ ਪ੍ਰੇਰਿਤ ਕਰਦੇ ਰਹੇ। ਦੂਜੇ ਪਾਸੇ ਹੈਰਾਨੀ ਦੀ ਗੱਲ ਹੈ ਕਿ ਜਦ ਭਾਜਪਾ ਆਗੂਆਂ ਦਾ ਕਾਫਲਾ ਹਰਜੀਤ ਸਿੰਘ ਗਰੇਵਾਲ ਸਮੇਤ ਕਿਸਾਨਾਂ ਦੇ ਰੋਸ ਪ੍ਰਦਰਸ਼ਨ ਕੋਲ ਲੰਘਿਆ ਤਾਂ ਕਿਸੇ ਵੀ ਕਿਸਾਨ ਨੂੰ ਭਿਣਕ ਤੱਕ ਨਹੀਂ ਲੱਗੀ। ‌ ਦਰਅਸਲ ਭਾਜਪਾ ਆਗੂਆਂ ਦੀ ਦੀਆਂ ਗੱਡੀਆਂ ਦੇ ਵੱਡੇ ਕਾਫਲੇ ਨਾਲ ਲੰਘਣ ਦੀ ਬਜਾਏ ਹਰਜੀਤ ਸਿੰਘ ਗਰੇਵਾਲ ਦੀ ਗੱਡੀ ਆਮ ਲੋਕਾਂ ਦੀਆਂ ਪ੍ਰਾਈਵੇਟ ਗੱਡੀਆਂ ਦੇ ਨਾਲ ਹੀ ਲੰਘ ਗਈ। ਜਿਸ ਦਾ ਵਿਰੋਧ ਕਰ ਰਹੇ ਕਿਸਾਨਾਂ ਨੂੰ ਉਸ ਵੇਲੇ ਪਤਾ ਲੱਗਿਆ ਜਦ ਹਰਜੀਤ ਸਿੰਘ ਗਰੇਵਾਲ ਸ਼ਗਨ ਪੈਲੇਸ ਵਿੱਚ ਪੁੱਜ ਗਿਆ। ਇਸ ਤੋਂ ਬਾਅਦ ਕੁਝ ਕਿਸਾਨ ਆਗੂਆਂ ਨੇ ਪੁਲਿਸ ਪ੍ਰਸ਼ਾਸਨ ਤੇ ਇਸ ਗੱਲ ਦਾ ਸ਼ਿਕਵਾ ਵੀ ਕੀਤਾ ਕਿ ਪੁਲਿਸ ਨੇ ਜਾਣ ਬੁੱਝ ਕੇ ਤਰੀਕੇ ਨਾਲ ਭਾਜਪਾ ਆਗੂਆਂ ਦਾ ਕਾਫਲਾ ਲੰਘਾ ਦਿੱਤਾ ਜਿਸ ਤੋਂ ਬਾਅਦ ਇੱਕ ਵਾਰ ਸਥਿਤੀ ਕੁਝ ਤਨਾਅਪੂਰਨ ਵੀ ਬਣੀ ਪ੍ਰੰਤੂ ਫੇਰ ਸਿਆਣਪ ਦਾ ਸਬੂਤ ਦਿੰਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਕੁਝ ਕਿਸਾਨ ਆਗੂਆਂ ਦੀ ਮੁਲਾਕਾਤ ਸ਼ਗਨ ਪੈਲੇਸ ਵਿੱਚ ਹਰਜੀਤ ਸਿੰਘ ਗਰੇਵਾਲ ਸਮੇਤ ਭਾਜਪਾ ਆਗੂਆਂ ਨਾਲ ਸ਼ਾਂਤਮਈ ਤਰੀਕੇ ਨਾਲ ਕਰਵਾਈ ਜਿੱਥੇ ਕਿਸਾਨ ਆਗੂਆਂ ਨੇ ਭਾਜਪਾ ਆਗੂਆਂ ਅੱਗੇ ਆਪਣੀ ਗੱਲ ਪੂਰੇ ਤਰਕ ਨਾਲ ਰੱਖੀ। ‌ ਜ਼ਿਕਰਯੋਗ ਹੈ ਕਿ ਸਾਰੇ ਪੰਜਾਬ ਵਿੱਚ ਭਾਜਪਾ ਆਗੂਆਂ ਦਾ ਕਿਸਾਨ ਵਿਰੋਧ ਕਰ ਰਹੇ ਹਨ ਕੁਝ ਥਾਵਾਂ ‘ਤੇ ਇਸ ਵਿਰੋਧ ਪ੍ਰਦਰਸ਼ਨ ਦੌਰਾਨ ਮਾੜੀਆਂ ਘਟਨਾਵਾਂ ਵਾਪਰਨ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ। ਪ੍ਰੰਤੂ ਜਿਸ ਤਰੀਕੇ ਨਾਲ ਮਹਿਲ ਕਲਾਂ ਹਲਕੇ ਵਿੱਚ ਭਾਜਪਾ ਦਾ ਇਹ ਵੱਡਾ ਬੂਥ ਸੰਮੇਲਨ ਦਾ ਆਯੋਜਿਤ ਹੋਇਆ, ਬਿਨਾਂ ਸ਼ੱਕ ਇਸ ਦਾ ਸਿਹਰਾ ਜਿੱਥੇ ਕਿਸਾਨ ਆਗੂਆਂ ਦੇ ਸ਼ਾਂਤਮਈ ਰੋਸ ਪ੍ਰਦਰਸ਼ਨ ਦੇ ਸਿਰ ਜਾਂਦਾ ਹੈ ਉੱਥੇ ਦੂਜੇ ਪਾਸੇ ਬਰਨਾਲਾ ਦੇ ਉੱਚ ਪੁਲਿਸ ਅਧਿਕਾਰੀਆਂ ਅਤੇ ਖੁਫੀਆ ਵਿਭਾਗ ਦੀ ਵੀ ਸ਼ਲਾਘਾ ਕਰਨੀ ਬਣਦੀ ਹੈ। ਚੋਣ ਪ੍ਰਚਾਰ ਦੌਰਾਨ ਆਉਣ ਵਾਲੇ ਸਮੇਂ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਕਿ ਪਿੰਡਾਂ ਵਿੱਚ ਕਿਸਾਨ ਭਾਜਪਾ ਦਾ ਕਿਸ ਤਰ੍ਹਾਂ ਵਿਰੋਧ ਕਰਨਗੇ ਪ੍ਰੰਤੂ ਸਮੁੱਚੇ ਪੰਜਾਬ ‘ਚ ਸ਼ਾਇਦ ਮਹਿਲਕਲਾਂ ਹੋਇਆ ਇਹ ਭਾਜਪਾ ਦਾ ਪਹਿਲਾ ਪ੍ਰੋਗਰਾਮ ਸੀ ਜੋ ਬਿਨਾਂ ਕਿਸੇ ਅੜਿੱਕੇ ਤੋਂ ਸ਼ਾਂਤਮਈ ਤਰੀਕੇ ਨਾਲ ਸਿਰੇ ਚੜਿਆ।

Leave a Reply

Your email address will not be published. Required fields are marked *

error: Content is protected !!