Skip to main content

Gee 98News

ਮੀਤ ਹੇਅਰ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ..ਉਹ ਮਜ਼ਬੂਰੀ ‘ਚ ਲੜ ਰਿਹੈ ਚੋਣ-ਪ੍ਰਤਾਪ ਸਿੰਘ ਬਾਜਵਾ

ਬਰਨਾਲਾ 21, ਮਈ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਮਾਰਕਫੈੱਡ ਰਾਹੀਂ ਘਰ ਘਰ ਆਟਾ ਵੰਡਣ ਦੀ ਸਕੀਮ ਮਹਿਜ਼ ਇੱਕ ਡਰਾਮਾ ਸੀ, ਜਿਸ ਦੇ ਵਿਰੋਧ ਤੋਂ ਬਾਅਦ ਸਰਕਾਰ ਨੇ ਹੁਣ ਆਟਾ ਪੀਸਣਾ ਬੰਦ ਕਰ ਦਿੱਤਾ ਪਰੰਤੂ ਲੋਕਾਂ ਨੂੰ ਪੀਸਣਾ ਸ਼ੁਰੂ ਕਰ ਦਿੱਤਾ। ‌ਇਹ ਟਿੱਪਣੀ ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੰਗਰੂਰ ਤੋਂ ਪਾਰਟੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਹੱਕ ‘ਚ ਕਈ ਪਿੰਡਾਂ ਵਿੱਚ ਚੋਣ ਮੀਟਿੰਗਾਂ ‘ਚ ਸ਼ਿਰਕਤ ਕਰਨ ਸਮੇਂ ਅਦਾਰਾ Gee98 news ਨਾਲ ਗੱਲ ਕਰਦਿਆਂ ਕੀਤੀ। ‌ ਬਾਜਵਾ ਨੇ ਕਿਹਾ ਕਿ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਖੁਦ ਇਹ ਮੰਨ ਰਹੇ ਹਨ ਕਿ ਇੰਡੀਆ ਗੱਠਜੋੜ ਜਿੱਤੇਗਾ ਤੇ ਕਾਂਗਰਸ ਦਾ ਪ੍ਰਧਾਨ ਮੰਤਰੀ ਬਣੇਗਾ, ਇਸ ਲਈ ‘ਆਪ’ ਨੂੰ ਵੋਟ ਪਾ ਕੇ ਆਪਣੀ ਵੋਟ ਖਰਾਬ ਨਹੀਂ ਕਰਨੀ ਚਾਹੀਦੀ ਸਗੋਂ ਸਿੱਧੇ ਹੀ ਵੋਟ ਕਾਂਗਰਸ ਨੂੰ ਪਾਉਣੀ ਚਾਹੀਦੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਸੁਖਪਾਲ ਸਿੰਘ ਖਹਿਰਾ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਖਹਿਰਾ, ਮੀਤ ਹੀਅਰ ਦੇ ਮੁਕਾਬਲੇ ਇੱਕ ਚੰਗਾ ਵਕੀਲ ਹੈ ਜੋ ਹਲਕੇ ਅਤੇ ਪੰਜਾਬ ਦੇ ਮਸਲੇ ਲੋਕ ਸਭਾ ਵਿੱਚ ਜ਼ੋਰਦਾਰ ਤਰੀਕੇ ਨਾਲ ਰੱਖੇਗਾ। ਪ੍ਰਤਾਪ ਸਿੰਘ ਬਾਜਵਾ ਨੇ ਟਿੱਪਣੀ ਕੀਤੀ ਕਿ ਅਸਲ ਵਿੱਚ ਮੀਤ ਹੇਅਰ ਇਹ ਚੋਣ ਖੁਦ ਹੀ ਨਹੀਂ ਜਿੱਤਣਾ ਚਾਹੁੰਦਾ ਕਿਉਂਕਿ ਮੰਤਰੀ ਦੀ ਕੁਰਸੀ ਕੋਈ ਵੀ ਨਹੀਂ ਛੱਡਣਾ ਚਾਹੁੰਦਾ। ‌ ਉਹਨਾਂ ਕਿਹਾ ਕਿ ਮੀਤ ਹੇਅਰ ਇਹ ਚੋਣ ਲੜਨਾ ਹੀ ਨਹੀਂ ਚਾਹੁੰਦਾ ਸੀ ਸਗੋਂ ਭਗਵੰਤ ਮਾਨ ਨੇ ਉਹਨਾਂ ਨੂੰ ਬਲੀ ਦਾ ਬੱਕਰਾ ਬਣਾਇਆ ਹੈ ਕਿਉਂਕਿ ਭਗਵੰਤ ਮਾਨ ਦੀ ਯੋਜਨਾ ਹੈ ਕਿ ਜਿਹੜਾ ਵੀ ਆਪ ਵਿਧਾਇਕ/ਮੰਤਰੀ ਸਿੱਧੇ ਤੌਰ ‘ਤੇ ਅਰਵਿੰਦ ਕੇਜਰੀਵਾਲ ਜੁੜਿਆ ਹੋਇਆ ਹੈ ਉਹਨੂੰ ਪੰਜਾਬ ਦੀ ਰਾਜਨੀਤੀ ਤੋਂ ਬਾਹਰ ਕੱਢਿਆ ਜਾਵੇ ਪਰੰਤੂ ਮੀਤ ਹੇਅਰ ਪੰਜਾਬ ਦੀ ਰਾਜਨੀਤੀ ਨਾਲ ਹੀ ਜੁੜਿਆ ਰਹਿਣਾ ਚਾਹੁੰਦਾ ਹੈ ਇਸ ਲਈ ਮੀਤ ਹੇਅਰ ਨੇ ਖੁਦ ਆਪਣੀ ਚੋਣ ਮੁਹਿੰਮ ਮੱਠੀ ਰੱਖੀ ਹੋਈ ਹੈ ਅਤੇ ‘ਆਪ’ ਦਾ ਕੋਈ ਵੱਡਾ ਆਗੂ ਵੀ ਉਸ ਦੀ ਚੋਣ ਮੁਹਿੰਮ ਵਿੱਚ ਨਹੀਂ ਆ ਰਿਹਾ। ‌ ਪ੍ਰਤਾਪ ਸਿੰਘ ਬਾਜਵਾ ਨੇ ਸਿਮਰਨਜੀਤ ਸਿੰਘ ਮਾਨ ਦੀ ਦਾਅਵੇਦਾਰੀ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਹ ਇਕੱਲੇ ਹੀ ਹਨ ਪ੍ਰੰਤੂ ਹੁਣ ਰਾਜਨੀਤੀ ਇਕੱਲੇ ਦੀ ਨਹੀਂ ਸਗੋਂ ਪੰਜਾਬ ਨੂੰ ਮੌਜੂਦਾ ਹਾਲਾਤਾਂ ‘ਚੋ ਕੱਢਣ ਲਈ ਇੱਕ ਮਜ਼ਬੂਤ ਧਿਰ ਨੂੰ ਤਾਕਤ ਦੇਣ ਦੀ ਲੋੜ ਹੈ, ਅਤੇ ਇਹ ਮਜ਼ਬੂਤ ਧਿਰ ਕਾਂਗਰਸ ਹੀ ਹੈ। ‌ਇਸ ਮੌਕੇ ਸੁਖਪਾਲ ਸਿੰਘ ਖਹਿਰਾ, ਸਾਬਕਾ ਵਿਧਾਇਕ ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਧੌਲਾ, ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ,ਜ਼ਿਲ੍ਹਾ ਪ੍ਰੀਸ਼ਦ ਦੀ ਸਾਬਕਾ ਚੇਅਰਪਰਸਨ ਸਰਬਜੀਤ ਕੌਰ ਖੁੱਡੀ, ਬੀਬੀ ਸੁਰਿੰਦਰ ਕੌਰ ਬਾਲੀਆਂ, ਮਹਿਲਾ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਮਨਵਿੰਦਰ ਕੌਰ ਪੱਖੋਂ ਆਦਿ ਵੀ ਹਾਜ਼ਰ ਸਨ।

error: Content is protected !!